- ਯੂਨਾਈਟਡ ਸਿੱਖਸ ਵੱਲੋਂ ਘਟਨਾਕ੍ਰਮ ਦੀ ਨਿਖੇਧੀ ਅਤੇ ਮਦਦ ਮੁਹੱਈਆ ਕਰਵਾਉਣ ਦਾ ਅਹਿਦ
ਮੈਨਹਟਨ/ਪੰਜਾਬ ਪੋਸਟ
ਅਮਰੀਕਾ ਵਿਖੇ ਇੱਕ ਹੋਰ ਸਿੱਖ ਵਿਅਕਤੀ ਦੇ ਨਾਲ ਨਸਲੀ ਵਿਤਕਰੇ ਅਤੇ ਨਫਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਮੰਦਭਾਗੇ ਘਟਨਾਕ੍ਰਮ ਤਹਿਤ ਅਮਰੀਕਾ ਦੇ ਮੈਨਹੈਟਨ ਵਿਖੇ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਹਿੰਦੇ ਹੋਏ ਹਮਲਾਵਰ ਨੇ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਅਤੇ ਇਸ ਘਟਨਾਕ੍ਰਮ ਵਿੱਚ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਦੇ ਨੱਕ ਉੱਤੇ ਵਾਰ ਕੀਤਾ ਗਿਆ। ਰੋਜ਼ੀ ਰੋਟੀ ਕਮਾਉਣ ਲਈ ਸੱਤ ਸਮੁੰਦਰ ਪਾਰ ਆਏ ਇਸ ਵਿਅਕਤੀ ਉਤੇ ਹੋਏ ਹਮਲੇ ਤੋਂ ਬਾਅਦ ਉਸ ਨੂੰ ਲਹੂ ਲੁਹਾਨ ਹੋਣ ਉਪਰੰਤ ਸੁਭਾਵਿਕ ਤੌਰ ‘ਤੇ ਬੇਗਾਨਗੀ ਦਾ ਅਹਿਸਾਸ ਹੋਇਆ। ਅਮਰੀਕਾ ਵਿੱਚ ਸਿੱਖ ਕੌਮ ਨਾਲ ਸੰਬੰਧਿਤ ਮਾਮਲਿਆਂ ਦੀ ਲੰਮੇ ਸਮੇਂ ਤੋਂ ਪੈਰਵੀ ਕਰ ਰਹੀ ਸੰਸਥਾ ਯੂਨਾਈਟਡ ਸਿੱਖਸ ਨੇ ਇਸ ਨਸਲੀ ਹਮਲੇ ਦੀ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਨਾਲ ਦੀ ਨਾਲ ਅਜਿਹੇ ਕਿਸੇ ਵੀ ਵਿਤਕਰੇ ਦਾ ਸਾਹਮਣਾ ਕਰ ਰਹੇ ਹਰੇਕ ਬਾਸ਼ਿੰਦੇ ਨੂੰ ਪੂਰਨ ਸਮਰਥਨ ਦੇਣ ਅਤੇ ਢੁੱਕਵੀਂ ਮਦਦ ਮੁਹਈਆ ਕਰਵਾਉਣ ਦਾ ਅਹਿਦ ਵੀ ਦੁਹਰਾਇਆ ਹੈ।