ਪੈਨਸਿਲਵੇਨੀਆ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੈਨਸਿਲਵੇਨੀਆ ਰੈਲੀ ’ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਨੇ ਆਪਣੀ ‘ਟਰੂਥ ਸੋਸ਼ਲ ਐਪ’ ’ਤੇ ਲਿਖਿਆ ਕਿ ਉਨ੍ਹਾਂ ਦੀ ਚੋਣ ਰੈਲੀ ’ਚ ਕਥਿਤ ਤੌਰ ਉੱਤੇ ਉਨਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਸੱਜੇ ਕੰਨ ’ਚ ਗੋਲੀ ਵੱਜੀ ਹੈ। ਕਾਰੋਬਾਰੀ ਤੋਂ ਰਾਜਨੇਤਾ ਬਣੇ ਡੋਨਾਲਡ ਟਰੰਪ ਨੂੰ ਇਸ ਰੈਲੀ ਵਿੱਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਆਪਣੇ ਖੂਨ ਨਾਲ ਭਰੇ ਕੰਨ ਨੂੰ ਸੰਭਾਲਦੇ ਹੋਏ ਦੇਖਿਆ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਇਸ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ ਹਾਲਾਂਕਿ ਹਮਲਾਵਰ ਨੇ ਟਰੰਪ ਦੀ ਰੈਲੀ ਵਿੱਚ ਮੌਜੂਦ ਇੱਕ ਦਰਸ਼ਕ ਦੀ ਹੱਤਿਆ ਕਰ ਦਿੱਤੀ।
ਇਹ ਘਟਨਾ ਓਦੋਂ ਵਾਪਰੀ ਸੀ ਜਦੋਂ ਟਰੰਪ ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਗੋਲੀਬਾਰੀ ਦੀ ਆਵਾਜ ਸੁਣਾਈ ਦਿੱਤੀ ਅਤੇ ਇਸ ਤੋਂ ਬਾਅਦ ਰੌਲਾ ਪੈ ਗਿਆ ਅਤੇ ਹਫੜਾ ਦਫੜੀ ਵਰਗਾ ਮਾਹੌਲ ਬਣ ਗਿਆ ਸੀ। ਹਮਲਾਵਰ ਨੂੰ ਆਪਣੀ ਪਹਿਲੀ ਗੋਲੀ ਚਲਾਉਣ ਤੋਂ ਕੁਝ ਮਿੰਟਾਂ ਬਾਅਦ ਹੀ ਸੀਕਰੇਟ ਸਰਵਿਸ ਦੇ ਅਧਿਕਾਰੀਆਂ ਨੇ ਨਜਿੱਠਿਆ ਅਤੇ ਮਾਰ ਮੁਕਾਇਆ। ਇਸ ਸਮੁੱਚੇ ਘਟਨਾਕ੍ਰਮ ਦੌਰਾਨ ਦੋ ਹੋਰ ਲੋਕਾਂ ਦੀ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ।
ਮੇਰੀ ਹੱਤਿਆ ਦੀ ਹੋਈ ਹੈ ਕੋਸ਼ਿਸ਼ :ਟਰੰਪ

Published: