ਬੈਂਕਾਕ/ਪੰਜਾਬ ਪੋਸਟ
ਮਿਆਂਮਾਰ ਦੀ ਫੌਜੀ ਸਰਕਾਰ ਨੇ ਕਿਹਾ ਕਿ ਬੇਦਖਲ ਨੇਤਾ ਆਂਗ ਸਾਨ ਸੂ ਚੀ ਨੂੰ ਅੱਤ ਦੀ ਗਰਮੀ ਕਾਰਨ ਜੇਲ੍ਹ ਤੋਂ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੇ ਮੌਸਮ ਵਿਭਾਗ ਨੇ ਦੱਸਿਆ ਕਿੰ ਰਾਜਧਾਨੀ ਦਾ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਫੌਜੀ ਸਰਕਾਰ ਨੇ ਰਵਾਇਤੀ ਨਵੇਂ ਸਾਲ ’ਤੇ ਇਸ ਹਫਤੇ 3,000 ਤੋਂ ਵੱਧ ਕੈਦੀਆਂ ਨੂੰ ਮੁਆਫੀ ਦਿੱਤੀ ਹੈ।
ਫੌਜ ਦੇ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਸੂ ਚੀ (78) ਅਤੇ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਰਹੇ ਵਿਨ ਮਿੰਟ (72) ਉਨ੍ਹਾਂ ਬਜ਼ੁਰਗ ਕੈਦੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਅੱਤ ਦੀ ਗਰਮੀ ਕਾਰਨ ਜੇਲ੍ਹ ਤੋਂ ਘਰ ’ਚ ਨਜ਼ਰਬੰਦ ਰੱਖਿਆ ਗਿਆ ਹੈ। ਸੂ ਚੀ ਨੂੰ ਨਜ਼ਰਬੰਦ ਰੱਖਣ ਦਾ ਇਹ ਕਦਮ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਫੌਜ ਨੂੰ ਜਮਹੂਰੀਅਤ ਸਮਰਥਕਾਂ ਅਤੇ ਉਨ੍ਹਾਂ ਦੀਆਂ ਨਸਲੀ ਘੱਟ ਗਿਣਤੀ ਗੁਰੀਲਾ ਤਾਕਤਾਂ ਵਿਰੁੱਧ ਲੜਾਈ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਦੱਸ ਦੇਈਏ ਕਿ ਮਿਆਂਮਾਰ ਵਿਚ 2021 ਵਿਚ ਫ਼ੌਜ ਨੇ ਚੁਣੀ ਹੋਈ ਸਰਕਾਰ ਨੂੰ ਬੇਦਖ਼ਲ ਕਰਕੇ ਸੱਤਾ ਆਪਣੇ ਹੱਥ ਵਿਚ ਲੈ ਲਈ ਸੀ ਅਤੇ ਸੂ ਚੀ ਨੂੰ ਜੇਲ ’ਚ ਬੰਦ ਕਰ ਦਿੱਤਾ ਸੀ।