ਸਿਡਨੀ/ਪੰਜਾਬ ਪੋਸਟ
ਆਸਟਰੇਲੀਆ ਦੇ ਸਿਡਨੀ ਵਿੱਚ 37ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਦਾ ਆਗ਼ਾਜ਼ ਹੋ ਗਿਆ ਹੈ। ਆਸਟ੍ਰੇਲੀਆ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ ‘ਤੇ ਆਯੋਜਿਤ ਹੋਣ ਵਾਲੀਆਂ 37ਵੀਆਂ ਸਾਲਾਨਾ ਸਿੱਖ ਖੇਡਾਂ ਇਸ ਵਾਰ 18 ਤੋਂ 20 ਅਪ੍ਰੈਲ ਤੱਕ ਨਿਊ ਸਾਊਥ ਵੇਲਜ਼ ਸੂਬੇ ਦੇ ਸ਼ਹਿਰ ਸਿਡਨੀ ਦੇ ਇਲਾਕੇ ਬਾਸ ਹਿੱਲ ਵਿੱਚ ਸਥਿਤ ਕਰੈਸਟ ਕੰਪਲੈਕਸ ਵਿੱਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ “ਪਿਛਲੇ ਮਹੀਨਿਆਂ ਤੋਂ ਹੋ ਰਹੀ ਤਿਆਰੀ ਅਨੁਸਾਰ ਖੇਡਾਂ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਅਤੇ ਖੇਡਾਂ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ”।
ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਬੈਡਮਿੰਟਨ, ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਹਰ ਵਾਰ ਦੀ ਤਰਾਂ, ਆਸਟਰੇਲੀਆ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਕਲੱਬ ਅਤੇ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਇਨਾਂ ਖੇਡਾਂ ਦੇ ਪਹਿਲੇ ਦਿਨ ਵਾਂਗ ਸਮੁੱਚੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੇ ਮੁਖੀ ਸਰਬਜੋਤ ਸਿੰਘ ਢਿੱਲੋਂ, ਉੱਪ ਮੁਖੀ ਦਲਜੀਤ ਹੈਪੀ ਧਾਮੀ ਅਤੇ ਖੇਡ ਆਯੋਜਨ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਅਵਤਾਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਹਰ ਵਾਰ ਦੀ ਤਰਾਂ ਇਸ ਆਯੋਜਨ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਖੇਡ ਮੇਲੇ ਦੇ ਮੁਢਲੇ ਦੌਰ ਵਿੱਚ ਹੀ ਐਥਲਿਟਿਕਸ ਮੁਕਾਬਲੇ ਦੌਰਾਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ 70 ਸਾਲ ਉਮਰ ਵਾਲੇ ਜ਼ੋਨ ‘ਚ ਗੋਲਾ ਸੁੱਟਣ ਦੇ ਈਵੈਂਟ ਵਿੱਚ ਕਸ਼ਮੀਰ ਸਿੰਘ ਵਾਹਲਾ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਪੂਰੇ ਭਾਰਤ ਦਾ ਮਾਣ ਵਧਾਇਆ ਹੈ ਉਥੇ ਹੀ ਆਪਣੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬਥਵਾਲਾ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਆਸਟਰੇਲੀਆ ਦੇ ਸਿਡਨੀ ਵਿਖੇ ਤਿੰਨ ਰੋਜ਼ਾ 37ਵੀਆਂ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼

Published: