ਖੁੱਲੀਆਂ ਖੇਤੀਬਾੜੀ ਜ਼ਮੀਨਾਂ ਜਿਨਾਂ ਸਦਕਾ ਪੰਜਾਬ ਦੀ ਖੁਸ਼ਹਾਲੀ ਦਾ ਦੁਨੀਆਂ ਨੂੰ ਸੰਕੇਤ ਮਿਲਿਆ ਸੀ, ਓਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਦੇਣ ਹੈ। ਜੇ ਇਓਂ ਕਹਿ ਲਿਆ ਜਾਵੇ ਕਿ ਆਧੁਨਿਕ ਪੰਜਾਬ ਦੀ ਆਰਥਿਕ ਖੁਸ਼ਹਾਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵੱਡਾ ਯੋਗਦਾਨ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਦਰਅਸਲ, ਇਹ ਜ਼ਮੀਨਾਂ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਪੰਜਾਬ ਦੇ ਲੋਕਾਂ ਦੇ ਨਾਂਅ ਲੁਆਈਆਂ ਸਨ। ਓਹ ਇਤਿਹਾਸ ਦੇ ਅਜਿਹੇ ਮਹਾਨ ਜਰਨੈਲ ਸਨ ਜਿਨ੍ਹਾਂ ਨੇ ਜਬਰ ਅਤੇ ਜ਼ੁਲਮ ਦੇ ਖਿਲਾਫ਼ ਹਕੂਮਤ ਨਾਲ ਟੱਕਰ ਲੈ ਕੇ ਮੁਗਲ ਸਮਰਾਜ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਪੰਜਾਬ ਦੀ ਧਰਤੀ ’ਤੇ ਤਕਰੀਬਨ 8 ਸਾਲ ਉਨ੍ਹਾਂ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਅਮਿੱਟ ਨਿਸ਼ਾਨ ਛੱਡੇ ਅਤੇ ਪੰਜਾਬ ਵਿੱਚ ਸਿੱਖ ਕੌਮ ਨੂੰ ਥੋੜੇ ਸਮੇਂ ਵਿੱਚ ਹੀ ਇੱਕ ਜ਼ਬਰਦਸਤ ਰਾਜਨੀਤਕ ਤਾਕਤ ਵਿੱਚ ਬਦਲ ਦਿੱਤਾ ਸੀ। ਆਰਥਿਕ ਅਤੇ ਸਮਾਜਿਕ ਸੁਧਾਰ ਕਰਕੇ ਉਨਾਂ ਨੇ ਪੰਜਾਬ ਨੂੰ ਏਨਾ ਮਜ਼ਬੂਤ ਕਰ ਦਿੱਤਾ ਕਿ ਫਿਰ ਲੰਮੇ ਸਮੇ ਤੱਕ ਕੋਈ ਵੈਰੀ ਏਸ ਖਿੱਤੇ ਨੂੰ ਹਿਲਾ ਨਹੀਂ ਸੀ ਸਕਿਆ। ਉਨਾਂ ਦੀ ਅਗਵਾਈ ਨੇ ਭਾਰਤ ਹੀ ਨਹੀਂ, ਸਗੋਂ ਦੱਖਣੀ ਏਸ਼ੀਆ ਖਿੱਤੇ ਦੇ ਸਭ ਤੋਂ ਵਡੇ ਮੁਗਲ ਸਮਰਾਜ ਦੀਆ ਨੀਹਾਂ ਖੋਖਲੀਆਂ ਕਰ ਦਿੱਤੀਆਂ ਅਤੇ ਇੱਕ ਨਵੇਂ ਨਿਜ਼ਾਮ ਦਾ ਆਗ਼ਾਜ਼ ਕੀਤਾ। ਜੂਨ 1716 ਵਿੱਚ ਆਪਣੇ 740 ਸਾਥੀਆਂ ਸਮੇਤ ਜਿਸ ਹੌਂਸਲੇ, ਚਾਅ, ਖੇੜੇ ਅਤੇ ਚੜ੍ਹਦੀ ਕਲਾ ਨਾਲ ਉਨ੍ਹਾਂ ਨੇ ਸ਼ਹਾਦਤ ਪਾਈ, ਓਹ ਵੀ ਦੁਨੀਆਂ ਦੀ ਇੱਕ ਵਿਲੱਖਣ ਸ਼ਹਾਦਤ ਦੀ ਮਿਸਾਲ ਬਣੀ ਸੀ।
ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਨੂੰ ਰਾਜੌਰੀ ਵਿੱਚ ਹੋਇਆ ਸੀ। ਬਹੁਤ ਘੱਟ ਉਮਰ ਵਿੱਚ ਘਰ ਛੱਡ ਕੇ ਉਹ ਬੈਰਾਗੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਮਾਧੋਦਾਸ ਬੈਰਾਗੀ ਦੇ ਨਾਂਅ ਤੋਂ ਜਾਣਿਆ ਜਾਣ ਲੱਗਾ। ਉਹ ਆਪਣੇ ਘਰੋਂ ਨਿਕਲ ਕੇ ਅਤੇ ਦੇਸ਼ ਭਰ ਦਾ ਦੌਰਾ ਕਰਦੇ ਹੋਏ ਮਹਾਂਰਾਸ਼ਟਰ ਦੇ ਨਾਂਦੇੜ ਪਹੁੰਚ ਗਏ, ਜਿੱਥੇ ਉਨਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ। ਨਾਂਦੇੜ ਵਿੱਚ ਉਨ੍ਹਾਂ ਦੀ ਮੁਲਾਕਤ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਇਸੇ ਗੱਲਬਾਤ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਬੈਰਾਗ਼ੀ ਜੀਵਨ ਤਿਆਗਣ ਅਤੇ ਲੋਕਾਂ ਨੂੰ ਮੁਗ਼ਲਾਂ ਦੇ ਜ਼ੁਲਮ ਤੋਂ ਛੁਟਕਾਰਾ ਦੁਆਉਣ ਦਾ ਕੰਮ ਸੌਂਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨਾਂ ਨੂੰ ਅੰਮਿ੍ਰਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਉਨ੍ਹਾਂ ਦਾ ਨਾਂਅ ਅੰਮਿ੍ਰਤ ਛਕਾਉਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ ਗਿਆ, ਪਰ ਪੰਥ ਵਿੱਚ ਉਨ੍ਹਾਂ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਵਜੋਂ ਪ੍ਰਸਿੱਧ ਹੋਇਆ। ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਅਤੇ ਬਾਬਾ ਰਣ ਸਿੰਘ ਉਨਾਂ ਦੇ ਨਾਲ ਤੋਰੇ ਅਤੇ ਪੰਜ ਤੀਰ ਵੀ ਆਪਣੇ ਭੱਥੇ ਵਿੱਚੋਂ ਕੱਢ ਕੇ ਆਪ ਜੀ ਨੂੰ ਬਖਸ਼ੇ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ 20 ਹੋਰ ਸੂਰਬੀਰ ਵੀ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਹੀ ਘੱਲੇ ਸਨ। ਇਸ ਤੋਂ ਇਲਾਵਾ ਇੱਕ ਨਿਸ਼ਾਨ ਸਾਹਿਬ ਅਤੇ ਨਗਾਰੇ ਦੀ ਬਖਸ਼ਿਸ਼ ਵੀ ਕੀਤੀ। ਨਾਲ ਹੀ ਇਹ ਹੁਕਮ ਵੀ ਕੀਤਾ ਕਿ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿੱਚ ਹੀ ਸਫਲਤਾ ਦਾ ਭੇਤ ਲੁਕਿਆ ਹੋਵੇਗਾ।
ਇਸ ਉਪਰੰਤ ਇੱਕ ਯੋਧੇ ਜਰਨੈਲ ਵਜੋਂ ਉਨਾਂ ਦਾ ਸਫਰ ਸ਼ੁਰੂ ਹੁੰਦਾ ਹੈ, ਜਿਸ ਤਹਿਤ ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਅਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ ’ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ ’ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿੱਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਹਮਲੇ ਲਈ ਲਲਕਾਰਿਆ ਤੇ ਉਸ ਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿੱਚ ਟੱਕਰਾਂਗੇ। ਚੱਪੜਚਿੜੀ ਵਿੱਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ, ਜਿਨ੍ਹਾਂ ਵਿੱਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ ਕੁਝ ਕੁ ਹਜ਼ਾਰ ਸੀ, ਜਦਕਿ ਮੂਹਰੇ ਮੁਗਲ ਸੈਨਾ ਦੀ ਗਿਣਤੀ ਇਤਿਹਾਸਕਾਰਾਂ ਅਨੁਸਾਰ 60 ਕੁ ਹਜ਼ਾਰ ਦੇ ਕਰੀਬ ਸੀ। ਬਹੁਤ ਗਹਿਗੱਚ ਲੜਾਈ ਹੋਈ ਅਤੇ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਿੱਖ ਫੌਜਾਂ ਦੀ ਹੋਈ। ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ। ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਉਸ ਸਮੇਂ ਦੇ ਰਿਵਾਜ਼ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ।
ਵੈਸੇ ਤਾਂ ਉਨਾਂ ਨੇ ਇਸ ਤੋਂ ਬਾਅਦ ਸਮੁੱਚੇ ਜੀਵਨ ਦੌਰਾਨ ਜ਼ੁਲਮ ਅਤੇ ਜਬਰ ਨਾਲ ਤਕੜੀ ਟੱਕਰ ਲਈ, ਪਰ ਉਨਾਂ ਦੀ ਇਸ ਮੁਹਿੰਮ ਦਾ ਸਿਖਰ ਉਹ ਅਲੌਕਿਕ ਘਟਨਾਕ੍ਰਮ ਸੀ, ਜਦੋਂ ਉਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦੇ ਹੋਏ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਅਤੇ ਓਸ ਨਾ-ਬਖਸ਼ਣਯੋਗ ਗੁਨਾਹ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇੱਕ ਵੱਡੇ ਇਕੱਠ ਵਿੱਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ ਅਤੇ ਨਾਲ ਹੀ ਸਿੱਖ ਰਾਜ ਦਾ ਝੰਡਾ ਉੱਥੇ ਲਹਿਰਾਇਆ, ਜਿੱਥੇ ਗੁਰੂ ਸਾਹਿਬ ਦੇ ਦੋਹੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀ। ਬੰਦਾ ਸਿੰਘ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਬਾਖੂਬੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ ਜਦਕਿ 28 ਪਰਗਨੇ ਦੇ ਮੁਖੀ, ਕਾਬਿਲ ਸਿੱਖ ਅਤੇ ਹਿੰਦੂ ਲਾ ਕੇ ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਵਰ੍ਹਾ ਵੀ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ ਜੋ ਓਸ ਵੇਲੇ ਇੱਕ ਕ੍ਰਾਂਤੀਕਾਰੀ ਕਦਮ ਸੀ।
7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਇੱਕ ਗੜ੍ਹੀ ਵਿੱਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨਾਂ ਦੇ ਸਾਥੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਦਿੱਲੀ ਲਈ ਰਵਾਨਾ ਕੀਤਾ ਗਿਆ। 5 ਮਾਰਚ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇੱਕ ਕਿਸਮ ਦਾ ਜ਼ਾਲਿਮਾਨਾ ਹੱਦਾਂ ਟੱਪਣ ਵਾਲਾ ਹੱਤਿਆਕਾਂਡ ਸੀ। ਇਸ ਨੂੰ ਦਿੱਲੀ ਦੇ ਤਿ੍ਰਪੋਲੀਆ ਦਰਵਾਜ਼ੇ ਵੱਲ ਦੇ ਥਾਣੇ ਦੇ ਸਾਹਮਣੇ ਥਾਣੇਦਾਰ ਸਰਬਰਾਹ ਖ਼ਾਨ ਦੀ ਦੇਖ-ਰੇਖ ਹੇਠ ਸ਼ੁਰੂ ਕੀਤਾ ਗਿਆ। ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਦੇ ਹੁਕਮ ’ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਖੰਜਰ ਫੜ੍ਹਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿੱਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ-ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸ ਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ-ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਇਨਕਲਾਬ ਲਿਆ ਦਿੱਤਾ, ਜੋ ਕਿ ਬਾਅਦ ਵਿੱਚ ਭਾਂਬੜ ਬਣ ਕੇ ਮਚਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਬਹੁਤ ਵਧਿਆ ਫੁਲਿਆ।
ਬੰਦਾ ਸਿੰਘ ਬਹਾਦਰ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਿਵੇਕਲੀ ਦਿਸ਼ਾ ਵਿੱਚ ਬਿਤਾਈ। ਅਲ੍ਹੜ ਉਮਰੇ ਸੰਤ ਬਣਨ ਵਾਲੇ ਬੰਦਾ ਸਿੰਘ ਬਹਾਦਰ ਆਪਣੀ ਜ਼ਿੰਦਗੀ ਦੇ ਬਾਅਦ ਦੇ ਸਾਲਾਂ ਵਿੱਚ ਸੰਸਾਰਿਕ ਜੀਵਨ ਵੱਲ ਮੁੜ ਆਏ। ਅਜਿਹੇ ਬਹੁਤ ਘੱਟ ਉਦਾਹਰਣ ਮਿਲਦੇ ਹਨ ਜਿੱਥੇ ਕੋਈ ਸ਼ਖਸੀਅਤ ਇੱਕ ਸੰਨਿਆਸੀ ਬਿਰਤੀ ਦੇ ਵਿਦਵਾਨ ਤੋਂ ਇੱਕ ਬਹਾਦਰ ਯੋਧੇ ਅਤੇ ਫੇਰ ਇੱਕ ਸੁਯੋਗ ਨੇਤਾ ਵਜੋਂ ਉੱਭਰੀ ਹੋਵੇ। ਸਿੱਖ ਇਤਿਹਾਸ ਦੇ ਨਾਲ ਨਾਲ ਪੰਜਾਬ ਦੇ ਇਤਿਹਾਸ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਤਰ੍ਹਾਂ ਇੱਕ ਮਹਾਨ ਯੋਗਦਾਨ ਬਣਦਾ ਹੈ। ਜ਼ੁਲਮ ਦੇ ਖਿਲਾਫ ਡਟਣ ਦਾ ਜਦੋਂ ਵੀ ਜ਼ਿਕਰ ਹੋਵੇਗਾ ਤਾਂ ਉਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਹਮੇਸ਼ਾ ਅਹਿਮ ਹਿੱਸਾ ਬਣੇਗਾ। ਆਪਣੇ ਸਧਾਰਨ ਜੀਵਨ ਨੂੰ ਗੁਰੂ ਦੇ ਆਖੇ ਤਬਦੀਲ ਕਰਕੇ ਇੱਕ ਮਿਸਾਲੀ ਆਗੂ ਵਜੋਂ ਮਿਸਾਲੀ ਰਾਜ ਸਥਾਪਤ ਕਰਨ ਦੀ ਉਨਾਂ ਦੀ ਇਸ ਮਹਾਨ ਦੇਣ ਨੂੰ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਦਿਆਂ ਭਰਪੂਰ ਸਤਿਕਾਰ ਮਿਲਦਾ ਰਹੇਗਾ।
-ਪੰਜਾਬ ਪੋਸਟ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਜ਼ੁਲਮ ਦਾ ਟਾਕਰਾ ਕਰਕੇ ਕ੍ਰਾਂਤੀਕਾਰੀ ਰਾਜ ਸਥਾਪਤ ਕਰਨ ਵਾਲੇ ਜਰਨੈਲ : ਬਾਬਾ ਬੰਦਾ ਸਿੰਘ ਬਹਾਦਰ

Published: