ਅਨੰਦਪੁਰ ਸਾਹਿਬ/ਪੰਜਾਬ ਪੋਸਟ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਦੋ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਬਾਅਦ ਪੰਥਕ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਇਸ ਸਮੁੱਚੇ ਸਮੇਂ ਦੌਰਾਨ ਸਿੱਖ ਪੰਥ ਅਤੇ ਖਾਸਕਰ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਵਿਧਾਨ ਬਣਾਉਣ ਸਬੰਧੀ ਵੀ ਲਗਾਤਾਰ ਗੱਲ ਉੱਠ ਰਹੀ ਹੈ ਅਤੇ ਜਥੇਦਾਰਾਂ ਨੂੰ ਹਟਾਉਣ ਅਤੇ ਸੇਵਾ ਸੰਭਾਲਣ ਵੇਲੇ ਮਾਣ ਮਰਿਆਦਾ ਦੀ ਉਲੰਘਣਾ ਹੋਣ ਸਬੰਧੀ ਵੀ ਲਗਾਤਾਰ ਬਿਆਨ ਆ ਰਹੇ ਹਨ। ਇਸੇ ਮਾਹੌਲ ਦਰਮਿਆਨ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਵੱਲੋਂ ਪਿਛਲੇ ਦਿਨਾਂ ਦੇ ਇਸ ਸਮੁੱਚੇ ਘਟਨਾਕ੍ਰਮ ਦੌਰਾਨ, ਸਿੱਖ ਸਿਧਾਂਤਾਂ ਦੇ ਅਤੇ ਤਖਤ ਸਹਿਬਾਨਾਂ ਦੇ ਹੋਏ ਅਪਮਾਨ ਅਤੇ ਪੰਥਕ ਮਰਿਆਦਾ ਦੇ ਹੋਏ ਨਿਰਾਦਰ ਨੂੰ ਵੇਖਦੇ ਹੋਏ ਮਿਤੀ 14 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਮਹਾਨ ਪੰਥਕ ਇਕੱਠ ਸੱਦਿਆ ਗਿਆ ਹੈ। ਇਸ ਮੌਕੇ ਉਨਾਂ ਵੱਲੋਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਸਮੁੱਚੇ ਪੰਥ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਮਹਾਨ ਪੰਥਕ ਇਕੱਠ ਵਿੱਚ ਹੁੰਮ ਹੁੰਮਾ ਕੇ ਦਰਸ਼ਨ ਦੇਣ ਪਹੁੰਚਣ।