ਜਲੰਧਰ/ਪੰਜਾਬ ਪੋਸਟ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਜਲੰਧਰ ਵਿੱਚ ਜਿਹੜਾ ਕਿਰਾਏ ’ਤੇ ਘਰ ਲਿਆ ਹੈ ਇਸ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜਲੰਧਰ ਪੱਛਮੀ ਦੇ ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਨੇ ਉਨਾਂ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਾ ਹੈ। ਬਾਜਵਾ ਨੇ ਕਿਹਾ ਕਿ ਜਲੰਧਰ ਮਕਾਨ ਲੈਣ ਨਾਲ ਲੋਕਾਂ ਨੂੰ ਸਹੂਲਤ ਦੀ ਥਾਂ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦੀ ਸੁਰੱਖਿਆ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਰੋਕਾਂ ਲੱਗ ਜਾਣਗੀਆਂ। ਉਨਾਂ ਕਿਹਾ ਮੁੱਖ ਮੰਤਰੀ 13-0 ਦਾ ਵੱਡਾ ਦਾਅਵਾ ਕਰਦੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਨਾਂ ਨੂੰ 13 ਤੋਂ ਤਿੰਨ ’ਤੇ ਲਿਆਂਦਾ ਹੈ, ਰਹਿੰਦੀ ਕਸਰ ਜਲੰਧਰ ਦੇ ਲੋਕਾਂ ਨੇ 10 ਜੁਲਾਈ ਨੂੰ ਕੱਢ ਦੇਣੀ ਹੈ। ਇਸੇ ਲਈ ਜਦੋਂ 13 ਜੁਲਾਈ ਦਾ ਨਤੀਜਾ ਆ ਗਿਆ ਤਾਂ ਲੋਕਾਂ ਨੇ ਸਣੇ ਮੰਜਾ ਚੁੱਕ ਕੇ ਭਗਵੰਤ ਮਾਨ ਨੂੰ ਉਨਾਂ ਦੇ ਜੱਦੀ ਪਿੰਡ ਛੱਡ ਆਉਣਾ ਹੈ।
ਵਿਰੋਧੀ ਧਿਰ ਦੇ ਆਗੂ ਨੇ ਮੁੱਖ ਮੰਤਰੀ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਜਿਹੜੇ ਚੋਣ ਵਾਅਦੇ ਉਨਾਂ ਨੇ 2022 ਵਿੱਚ ਕੀਤੇ ਸਨ ਉਹ ਪੂਰੇ ਨਹੀਂ ਹੋਏ। ਉਨਾਂ ਕਿਹਾ ਕਿ ਮੁੱਖ ਮੰਤਰੀ ਬਣ ਕੇ ਜਲੰਧਰ ਵਿੱਚ 21 ਅਪ੍ਰੈਲ, 2023 ਨੂੰ ਲੋਕ ਸਭਾ ਦੀ ਉਪ ਚੋਣ ਵੇਲੇ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਸਾਲ ਲਈ ਐਮ.ਪੀ ਬਣਾ ਦਿਉ ਤੇ ਇੱਕ ਸਾਲ ਵਿੱਚ ਹੀ ਜਲੰਧਰ ਦੀ ਕਾਇਆ ਕਲਪ ਨਾ ਹੋਈ ਤਾਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਣਗੇ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਇੱਕ ਵੀ ਗੱਲ ਦੱਸ ਦੇਣ ਜਿਹੜੀ ਉਨਾਂ ਨੇ ਪੂਰੀ ਕੀਤੀ ਹੋਵੇ।
‘ਨਤੀਜਿਆਂ ਮਗਰੋਂ ਜਲੰਧਰੀਏ ਭਗਵੰਤ ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ – ਬਾਜਵਾ
Published: