ਸੁਰਜੀਤ ਪਾਤਰ ਦੀ ਸਤਰ ਹੈ ਕਿ ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’ ਪਰ ਰਾਹਾਂ ਨੂੰ ਪ੍ਰਾਪਪੀਆਂ ਦੇ ਲੰਮੇ ਪੈਂਡਿਆਂ ਵਿੱਚ ਬਦਲਣਾ ਭਾਰਤ ਦੀ ਪਰਬਤਰੋਹੀ ਸਿੱਖ ਲੜਕੀ ਬਲਜੀਤ ਕੌਰ ਨੇ ਆਪਣੀ ਕਰੜੀ ਘਾਲਣਾ ਅਤੇ ਅਡੋਲ਼ ਇਰਾਦਿਆਂ ਨਾਲ ਹਾਸਲ ਕੀਤਾ ਹੈ। ਹਿਮਾਚਲ ਦੇ ਜਿਲਾ ਸੋਲਨ ਦੇ ਪਿੰਡ ਪਲਾਸਤਾ ਪੰਜਰੋਲ ਵਿਖੇ ਜੰਮੀ ਬਲਜੀਤ ਕੌਰ ਨੇ ਭਾਰਤ, ਨੇਪਾਲ ਅਤੇ ਦੱਖਣੀ ਅਫਰੀਕਾਂ ਦੀਆਂ ਪਹਾੜੀ ਚੋਟੀਆਂ ਇੱਕ ਤੋਂ ਵੱਧ ਵਾਰ ਸਰ ਕਰਕੇ ਦਰਜਨਾਂ ਰਿਕਾਰਡ ਆਪਣੇ ਨਾ ਕੀਤੇ ਹਨ। ਬਲਜੀਤ ਦੀਆਂ ਪ੍ਰਬਤਾਰੋਹਣ ਖੇਤਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਦੱਸ ਦੇਈਏ ਕਿ ਬਲਜੀਤ ਨੂੰ ਭਾਰਤ ਦੀ ਵੱਕਾਰੀ ਸੰਸਥਾ ਇੰਡੀਅਨ ਮਾਊਂਟੇਨੀਅਰਿੰਗ ਫਾਉਂਡੇਸ਼ਨ ਵੱਲੋਂ ਉਸ ਦੀਆਂ ਹੁਣ ਤੱਕ ਦੀਆਂ ਪ੍ਰਬਤਾਰੋਹਣ ਪ੍ਰਾਪਤੀਆਂ ਲਈ ‘ਮਾਊਂਟੇਨੀਅਰ ਆਫ ਦਾ ਯੀਅਰ ਐਵਾਰਡ’ ਸਰਟੀਫਿਕੇਟ ਅਤੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ ਅਤੇ ਉਹ ਫਾਊਂਡੇਸ਼ਨ ਵੱਲੋਂ ਸਭ ਤੋਂ ਘੱਟ ਉਮਰ ਵਿੱਚ ਇਹ ਐਵਾਰਡ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਨੌਜਵਾਨ ਪ੍ਰਬਤਾਰੋਹੀ ਬਣ ਗਈ ਹੈ।
ਬਲਜੀਤ ਕੌਰ ਨੂੰ ਇੱਕ ਪ੍ਰਬਤਾਰੋਹਣ ਖੇਤਰ ਦਾ ਇਹ ਵੱਕਾਰੀ ਐਵਾਰਡ ਉਸਦੇ 8 ਸਾਲ 9 ਮਹੀਨੇ ਦੇ ਪ੍ਰਬਤਾਰੋਹਣ ਸਫਰ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ। ਦਰਜਨਾਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਬਲਜੀਤ ਕੌਰ ਉਹ ਟੁੱਟੇ ਸੁਪਨੇ ਵਾਲੀ ਪ੍ਰਬਤਾਰੋਹੀ ਹੈ, ਜਿਸਦਾ 2016 ਵਿੱਚ ਦੇਸ਼ ਦੀਆਂ 10 ਵਿਦਿਆਰਥਣਾਂ ਨਾਲ ਐਵਰੈਸਟ ਦੀ ਚੋਟੀ ’ਤੇ ਚੜਨ ਦਾ ਉਸਦਾ ਸੁਪਨਾ 8548 ਮੀਟਰ ਦੀ ਚੜਾਈ ਚੜ ਕੇ ਉਦੋਂ ਟੁੱਟ ਗਿਆ ਸੀ ਜਦੋਂ ਐਵਰੈਸਟ ਦੀ ਟੀਸੀ ਦੇ ਨੇੜੇ ਜਾ ਕੇ ਬਲਜੀਤ ਕੌਰ ਦਾ ਆਕਸੀਜਨ ਮਾਸਕ ਕੰਮ ਕਰਨਾ ਬੰਦ ਕਰ ਗਿਆ ਅਤੇ ਬਲਜੀਤ ਕੌਰ ਬਾਕੀ ਸਾਥਣਾਂ ਵਾਂਗ ਜਿੱਤ ਦਾ ਮਾਣ ਹਾਸਲ ਨਹੀਂ ਕਰ ਅਤੇ ਮਜਬੂਰੀ ਵਸ ਉਸਨੂੰ ਆਪਣਾ ‘ਮਿਸ਼ਨ ਐਵਰੈਸਟ’ ਅੱਧ ਵਿਚਕਾਰ ਹੀ ਛੱਡਣਾ ਪਿਆ ਸੀ। ਪਰ ਐਵਰੈਸਟ ਦੇ ਅਧੂਰੇ ਸੁਫਨੇ ਨੇ ਕਦੇ ਵੀ ਉਸਨੂ ਚੈਨ ਨਾਲ ਨਹੀਂ ਬੈਠਣ ਦਿੱਤਾ।
ਬਰਫਾਂ ਲੱਦੇ ਦੁਨੀਆਂ ਦੇ ਸਭ ਤੋਂ ਉੱਚੇ ਪਹਾੜ ਐਵਰੈਸਟ ਬਾਰੇ ਆਪਣਾ ਅਨੁਭਵ ਸਾਂਝਾ ਕਰਦੀ ਉਹ ਦੱਸਦੀ ਹੈ ਕਿ ਐਵਰੈਸਟ ਦੇ ਗਲੇਸ਼ੀਅਰਾਂ ਨੂੰ ਪਾਰ ਕਰਦਿਆਂ ਪਲ ਪਲ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਮੇਸ਼ਾ ਜੇਤੂ ਰਹਿਣ ਦਾ ਜਜ਼ਬਾ, ਬੇਅੰਤ ਸਾਹਸ ਅਤੇ ਦਿ੍ਰੜ ਇੱਛਾ ਸ਼ਕਤੀ ਹੀ ਤੁਹਾਡੇ ਮਿਸ਼ਨ ਨੂੰ ਜਿੱਤ ਤੱਕ ਲਿਜਾਣ ਵਿੱਚ ਸਹਾਈ ਹੁੰਦੀ ਹੈ। ਫਿਰ 5 ਸਾਲ ਦੀ ਸਖਤ ਮਿਹਨਤ ਅਤੇ ਦਿ੍ਰੜ ਇਰਾਦੇ ਨਾਲ ਉਸਨੇ ਆਪਣਾ ਮਿਸ਼ਨ ਐਵਰੈਸਟ ਮੁੜ ਆਰੰਭਿਆ ਅਤੇ ਸਫਲਤਾ ਹਾਸਲ ਕੀਤੀ। 18 ਅਪ੍ਰੈਲ 2023 ਨੂੰ ਨੇਪਾਲ ਵਿੱਚ ਦੁਨੀਆਂ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਅੰਨਾਪੂਰਨਾ ਨੂੰ ਬਿਨਾ ਆਕਸੀਜਨ ਦੇ ਸਰ ਕਰਨ ਨਿਕਲੀ ਪ੍ਰਬਤਾਰੋਹੀ ਲੜਕੀ ਬਲਜੀਤ ਕੌਰ ਦੇ ਬਰਫੀਲੇ ਤੁਫਾਂਨ ਵਿੱਚ ਘਿਰੀ ਮੌਤ ਦੇ ਮੂੰਹ ਵਿੱਚੋਂ ਮਸਾਂ ਵਾਪਸ ਆਈ ਸੀ। ਬਲਜੀਤ ਕੌਰ ਅੱਜ ਦੀ ਨੌਜਵਾਨੀ ਖਾਸਕਰ ਲੜਕੀਆਂ ਲਈ ਬਹੁਤ ਵੱਡੀ ਉਦਾਰਨ ਸਥਾਪਤ ਕਰ ਚੁੱਕੀ ਹੈ ਅਤੇ ਪ੍ਰਤਬਾਰੋਹਣ ਨੂੰ ਅਪਣਾਈ ਰੱਖਣਾ ਹੀ ਉਸਦੀ ਜਿੰਦਗੀ ਦਾ ਜਨੂੰਨ ਬਣ ਚੁੱਕਾ ਹੈ।
ਬਲਜੀਤ ਕੌਰ ਦੀਆਂ ਪ੍ਰਾਪਤੀਆਂ
* 30 ਦਿਨਾਂ ਵਿੱਚ 8000 ਮੀਟਰ ਤੋਂ ਵੱਧ ਉੱਚੀਆਂ 5 ਚੋਟੀਆਂ ਸਰ ਕੀਤੀਆਂ
* 2021 ਵਿੱਚ ਮਾਊਂਟ ਪੁਮੋਰੀ ਸਰ ਕੀਤੀ ਅਤੇ 2021 ਵਿੱਚ ਹੀ ਮਾਂਊਂਟ ਧੌਲਾਗਿਰੀ ਸਰ ਕੀਤੀ
* 2022 ਵਿੱਚ 8000 ਮੀਟਰ ਤੋਂ ਉੱਚੀਆਂ 7 ਪਹਾੜੀ ਚੋਟੀਆਂ ਸਰ ਕੀਤੀਆਂ
* 8000 ਮੀ. ਤੋਂ ਉੱਚੀਆਂ 3 ਚੋਟੀਆਂ 7 ਦਿਨ 2 ਘੰਟੇ ਵਿੱਚ ਸਰ ਕੀਤੀਆਂ
* 2022 ਵਿੱਚ ਮਾਊਂਟ ਐਵਰੈਸਟ ਅਤੇ ਮਾਊਂਟ ਲਹੋਤਸੇ ਸਿਰਫ 25 ਘੰਟੇ 20 ਮਿੰਟ ਵਿੱਚ ਸਰ ਕੀਤੀਆਂ
* 2023 ਵਿੱਚ ਮਾਂਊਂਟ ਅੰਨਾਪੂਰਨਾ 3 ਵਾਰ ਸਰ ਕੀਤੀ, ਜਿਸ ਵਿੱਚੋਂ ਇੱਕ ਵਾਰ ਬਿਨਾ ਆਕਸੀਜਨ ਸਰ ਕੀਤੀ