20.4 C
New York

ਲੰਬੀ ਛਾਲ ਵਿੱਚ ਨਵੇਂ ਕੀਰਤੀਮਾਨ ਸਿਰਜਣ ਵਾਲਾ ਅੰਤਰ-ਰਾਸ਼ਟਰੀ ਖਿਡਾਰੀ ਬਲਵਿੰਦਰ ਸਿੰਘ ਬਾਜਵਾ

Published:

ਪਵਿੱਤਰ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅਮਿ੍ਰੰਤਸਰ ਸਾਹਿਬ ਵਿਖੇ ਸਥਾਪਤ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਸੇ ਨਾਲ ਸਬੰਧਤ ਖਾਲਸਾ ਕਾਲਜ ਅੰਮਿ੍ਰਤਸਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦੀ ਖਾਣ ਹੈ। ਇੱਥੋਂ ਤਿਆਰ ਕੀਤੇ ਅਤੇ ਤਰਾਸ਼ੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਨਾਂ ਕਮਾਇਆ ਹੈ, ਜਿਨ੍ਹਾਂ ਵਿੱਚ ਇੱਕ ਨਾਮ ਲੰਬੀ ਛਾਲ (ਲੌਂਗ ਜੰਪ) ਅਤੇ ਡਕੈਥਲਿਨ ਖੇਡ ਵਿੱਚ ਰਿਕਾਰਡ ਪ੍ਰਾਪਤੀਆਂ ਕਰਨ ਵਾਲੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਦੀਆਂਗੁੱਜਰਾਂ ਦੇ ਬਲਵਿੰਦਰ ਸਿੰਘ ਬਾਜਵਾ ਦਾ ਵੀ ਹੈ। ਜੋ ਕੇਂਦਰੀ ਸੁਰੱਖਿਆ ਬਲ ਬਾਰਡਰ ਸਕਿਉਰਿਟੀ ਫੋਰਸ (ਬੀ. ਐੱਸ. ਐੱਫ.) ਵਿੱਚ ਖੇਡ ਕੋਟੇ ਵਿੱਚ ਇੰਸਪੈਕਟਰ ਵਜੋਂ ਭਰਤੀ ਹੋ ਕੇ ਸਰਵਿਸ ਦੌਰਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਦੇ ਹੋਏ 2017 ਵਿੱਚ ਡੀ. ਆਈ. ਜੀ. ਦੇ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਸ. ਬਾਜਵਾ ਨੇ ਆਪਣੇ ਖੇਡ ਜੀਵਨ ਦੌਰਾਨ ਨਵੇਂ ਰਿਕਾਰਡ ਸਥਾਪਤ ਕਰਦਿਆਂ ਮਾਣ ਮੱਤੀਆਂ ਖਿਤਾਬੀ ਅਤੇ ਮਿਸਾਲੀ ਜਿੱਤਾਂ ਦਰਜ ਕੀਤੀਆਂ ਹਨ।

ਸ. ਬਲਵਿੰਦਰ ਸਿੰਘ ਬਾਜਵਾ ਇਸ ਪੱਖੋਂ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਖੇਡ ਵਿਰਸੇ ਵਾਲੀ ਪਰਿਵਾਰਕ ਵਿਰਾਸਤ ਮਿਲੀ। ਉਨ੍ਹਾਂ ਦੇ ਪਿਤਾ ਜੀ ਮੇਜਰ ਵਿਰਸਾ ਸਿੰਘ ਭਾਰਤੀ ਫੌਜ ਦਾ ਲੌਂਗ ਜੰਪ ਖੇਡ ਵਿੱਚ ਉਲੰਪੀਅਨ ਅਥਲੀਟ ਰਹੇ। ਜਿਨ੍ਹਾਂ ਨੇ 1960 ਦੀਆਂ ਰੋਮ ਉਲੰਪਿਕ ਵਿੱਚ ਭਾਰਤੀ ਫੌਜ ਦੇ 10 ਅਥਲੈਟਿਕ ਖਿਡਾਰੀਆਂ ਨਾਲ ਹਿੱਸਾ ਲਿਆ ਜਿਸ ਵਿੱਚ ਮਹਾਨ ਦੌੜਾਕ ‘ਉੱਡਣਾ ਸਿੱਖ’ ਮਿਲਖਾ ਸਿੰਘ ਵੀ ਸ਼ਾਮਲ ਸੀ। ਸ. ਬਾਜਵਾ ਨੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਲੰਬੀ ਛਾਲ ਨੂੰ ਹੀ ਆਪਣੀ ਖੇਡ ਪ੍ਰੀਤਿਭਾ ਪਰਖਣ ਦਾ ਸ੍ਰੋਤ ਬਣਾਇਆ। ਪਿਤਾ ਜੀ ਦੇ ਆਰਮੀ ਵਿੱਚ ਹੋਣ ਕਾਰਨ ਉਨ੍ਹਾਂ ਨੂੰ ਸੈਂਟਰ ਸਕੂਲ ਰੁੜਕੀ (ਯੂ.ਪੀ) ਵਿਖੇ ਪੜ੍ਹਨ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੌਵੀਂ ਤੋਂ 11ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਉਦੋਂ ਹੀ ਨੈਸ਼ਨਲ ਸਕੂਲ ਗੇਮਜ਼ ਵਿੱਚ ਲੰਬੀ ਛਾਲ ਵਿੱਚ ਨਵਾਂ ਰਿਕਾਰਡ ਬਣਾਇਆ।

1975 ਵਿੱਚ ਹੀ ਸ. ਬਲਵਿੰਦਰ ਸਿੰਘ ਬਾਜਵਾ ਨੇ ਰਾਸ਼ਟਰੀ ਸਕੂਲ ਖੇਡਾਂ ਵਿੱਚ ਲੰਬੀ ਛਾਲ ਦਾ 6.63 ਮੀਟਰ ਦਾ ਪੁਰਾਣਾ ਰਿਕਾਰਡ ਤੋੜਦਿਆਂ 7.9 ਮੀਟਰ ਦੀ ਛਾਲ ਦਾ ਨਵਾਂ ਰਿਕਾਰਡ ਸਥਾਪਤ ਕੀਤਾ ਅਤੇ ਟਿ੍ਰਪਲ ਜੰਪ ਅਤੇ ਹਰਡਲਜ਼ ਵਿੱਚ ਵੀ ਗੋਲਡ ਮੇਡਲ ਲੈ ਕੇ ਬੈਸਟ ਅਥਲੀਟ ਬਣੇ। ਇਸੇ ਸਾਲ ਪੈਰਿਸ ਵਿਖੇ ਹੋਈਆਂ ਵਰਲਡ ਸਕੂਲ ਗੇਮਜ ਵਿੱਚ ਵੀ ਲਾਂਗ ਜੰਪ ਵਿੱਚ 5ਵੀਂ ਪੁਜੀਸ਼ਨ ਹਾਸਲ ਕੀਤੀ।

ਫਿਰ ਖਾਲਸਾ ਕਾਲਜ ਅੰਮਿ੍ਰਤਸਰ ਵਿਖੇ ਬੀ. ਏ. ਵਿੱਚ ਦਾਖਲਾ ਲੈਣ ਦੌਰਾਨ ਵੀ ਬਲਵਿੰਦਰ ਸਿੰਘ ਬਾਜਵਾ ਵੱਲੋਂ ਖੇਡਾਂ ਵਿੱਚ ਨਵੇਂ ਰਿਕਾਰਡਾਂ ਨਾਲ ਜਿੱਤਾਂ ਦਰਜ ਕਰਨ ਦਾ ਸਿਲਸਿਲਾ ਜਾਰੀ ਰਿਹਾ। 1977 ਵਿੱਚ ਕਪੂਰਥਲੇ ਵਿਖੇ ਹੋਈ ਪੰਜਾਬ ਅਥਲੈਟਿਕਮੀਟ ਵਿੱਚ ਫਸਟ ਅਤੇ ਇੰਟਰ-ਵਰਸਿਟੀ ਵੀ ਫਸਟ ਰਹੇ। ਇਸੇ ਸਾਲ ਬਨਾਰਸ ਵਿਖੇ ਹੋਈਆਂ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਅਤੇ ਸੀਨੀਅਰ ਨੈਸ਼ਨਲ ਖੇਡਾਂ ਮਦਰਾਸ ਵਿਖੇ ਵੀ ਲੰਬੀ ਛਾਲ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।

ਅਰਧ ਸੁਰੱਖਿਆ ਬਲ ਦੀ ਨੌਕਰੀ ਕਰਨ ਦੇ ਬਾਵਜੂਦ ਅਤੇ ਉਮਰ ਵਧਣ ਨਾਲ ਵੀ ਸ. ਬਾਜਵਾ ਨੇ ਖੇਡਾਂ ਨਾਲ ਆਪਣ ਲਗਾਅ ਅਤੇ ਲਗਨ ਜਾਰੀ ਰੱਖੀ। 2009 ਵਿੱਚ ਵੈਨਕੂਵਰ, ਕਨੇਡਾ ਵਿਖੇ ਹੋਈਆਂ ਵਰਲਡ ਪੁਲਿਸ ਐਂਡ ਫਾਇਰ ਗੇਮਜ ਵਿੱਚ ਵੀ ਸ਼ਾਟ ਪੁੱਟ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸ. ਬਾਜਵਾ ਦੀਆਂ ਖੇਡਾਂ ਵਿੱਚ ਜਿੰਦਗੀ ਭਰ ਦੀਆਂ ਪ੍ਰਾਪਤੀਆਂ ਦੀ ਲਿਸਟ ਬੜੀ ਲੰਬੀ ਹੈ। ਉਹ ਲੌਂਗ ਜੰਪ ਵਿੱਚ  ਇੰਡੀਆ ਵਿੱਚ 4 ਵਾਰ ਫਸਟ, ਆਲ ਇੰਡੀਆ ਪੁਲਿਸ ਗੇਮਜ਼ ਵਿੱਚ 7 ਵਾਰ ਫਸਟ ਅਤੇ ਡਕੈਥਲਿਨ ਵਿੱਚ ਦੋ ਵਾਰ ਨਵੇਂ ਰਿਕਾਰਡ ਸਥਾਪਤ ਕਰ ਚੁੱਕੇ ਹਨ। ਡਕੈਥਲਿਨ ਵਿੱਚ ਅਥਲੀਟ ਨੇ ਟ੍ਰੈਕ ਐਂਡ ਫੀਲਡ ਦੇ 10 ਈਵੈਂਟ ਵਿੱਚ ਭਾਗ ਲੈ ਕੇ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਹੈ ਅਤੇ 10 ਈਵੈਂਟ ਵਿੱਚ ਲਈਆਂ ਪੁਜੀਸ਼ਨਾਂ ਅਤੇ ਅੰਕਾਂ ਦੇ ਅਧਾਰ ’ਤੇ ਫੈਸਲਾ ਹੁੰਦਾ ਜਿਸ ਵਿੱਚ ਸ. ਬਾਜਵਾ  ਨੇ 4 ਵਾਰ ਫਸਟ ਅਤੇ 4 ਵਾਰ ਸਿਲਵਰ ਮੈਡਲ ਹਾਸਲ ਕੀਤਾ ਹੈ।

1984 ਵਿੱਚ ਕਾਠਮੰਡੂ, ਨੇਪਾਲ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਵੀ ਉਨ੍ਹਾਂ ਲੰਬੀ ਛਾਲ ਵਿੱਚ ਸਿਲਵਰ ਮੈਡਲ ਹਾਸਲ ਕੀਤਾ। 2010 ਵਿੱਚ ਬਲਵਿੰਦਰ ਸਿੰਘ ਬਾਜਵਾ ਦੀਆਂ ਬੀ. ਐੱਸ. ਐੱਫ. ਵਿੱਚ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ। ਉਨ੍ਹਾਂ ਦੀ ਪਤਨੀ ਸਰਦਾਰਨੀ ਚਰਨਜੀਤ ਕੌਰ ਬਾਜਵਾ ਵੀ ਰਾਸ਼ਟਰੀ ਅਤੇ ਆਲ ਇੰਡੀਆ ਵਰਸਿਟੀ ਖੇਡਾਂ ਦੀ ਗੋਲਡ ਮੈਡਲ ਖਿਡਾਰਨ ਰਹੇ ਹਨ।

ਬਲਵਿੰਦਰ ਸਿੰਘ ਬਾਜਵਾ ਨੇ ਖੇਡਾਂ ਵਿੱਚ ਆਪਣੀ ਸਫਲਤਾ ਦੇ ਅਨੁਭਵ ਨੂੰ ਨਵੇਂ ਅਤੇ ਉਭਰਦੇ ਖਿਡਾਰੀ ਵਿੱਚ ਤਬਦੀਲ ਕੀਤਾ। ਇਸ ਕਾਰਜ ਨੂੰ ਉਹ 1978 ਤੋਂ 1992 ਤੱਕ ਸੈਂਟ੍ਰਲ ਅਥਲੈਟਿਕਸ ਟੀਮ ਵਿੱਚ ਇੱਕ ਆਊਟਸਟੈਂਡਿੰਗ ਅਥਲੀਟ ਅਤੇ ਕੋਚ  ਦੇ ਤੌਰ ’ਤੇ ਤਾਇਨਾਤ ਰਹੇ। ਇਸ ਤੋਂ ਨਾਲ ਹੀ ਉਨ੍ਹਾਂ ਨਾਗਾਲੈਂਡ ਅਤੇ ਰਾਜਸਥਾਨ ਦੇ ਸਰਹੱਦੀ ਖੇਤਰ ਵਿੱਚ ਜਾਨ ਤਲੀ ’ਤੇ ਧਰ ਕੇ ਸਰਹੱਦਾਂ ਦੀ ਰਾਖੀ ਵੀ ਕੀਤੀ। ਆਪਣੀ ਸਰਵਿਸ ਦੇ ਆਖਿਰੀ ਸਮੇਂ ਉਹ 2014 ਵਿੱਚ ਸ੍ਰੀ ਗੰਗਾਨਗਰ ਸੈਕਟਰ ਹੈੱਡਕੁਆਟਰ ਵਿਖੇ ਤਾਇਨਾਤ ਹੋਏ ਅਤੇ 2017 ਵਿੱਚ ਡੀ. ਆਈ. ਜੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ।

ਖੇਡਾਂ ਦੇ ਖੇਤਰ ਵਿੱਚ ਨਵੇਂ ਅਤੇ ਉਭਰਦੇ ਖਿਡਾਰੀਆਂ ਨੂੰ ਸੁਨੇਹੇ ਖੇਡ ਮੈਦਾਨ ਵਿੱਚ ਸਖਤ ਮਿਹਨਤ ਦੇ ਨਾਲ-ਨਾਲ ਸਵੈਭਰੋਸੇ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਨਾਲ ਹੀ ਉਨਾਂ ਦਾ ਵਿਚਾਰ ਸੀ ਕਿ ਖੇਡਾਂ ਵਿੱਚ ਡਰੱਗ ਅਤੇ ਹੋਰ ਪਾਬੰਦੀਸ਼ੁਦਾ ਤਾਕਤ ਵਰਧਕ ਦਵਾਈਆਂ ਦੀ ਵਰਤੋਂ ਖਿਡਾਰੀ ਨੂੰ ਅਸਲੀ ਪੰਧ ਤੋਂ ਭਟਕਾ ਦਿੰਦੀ ਹੈ ਇਸ ਲਈ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਤਕਨੀਕਾਂ ਦੇ ਹਾਣ ਦਾ ਹੋ ਕੇ ਹੀ ਬਰਾਬਰੀ ਦੇ ਮੁਕਾਬਲਿਆਂ ਵਿੱਚ ਉਤਰਿਆ ਜਾ ਸਕਦਾ ਹੈ। ਸ. ਬਲਦੇਵ ਸਿੰਘ ਬਾਜਵਾ ਆਪਣੇ ਢੇਰ ਕੀਰਤੀਮਾਨਾਂ ਅਤੇ ਦਰਜਨਾਂ ਗੋਲਡ ਅਤੇ ਸਿਲਵਰ ਮੈਡਲਾਂ ਸਦਕਾ ਅਤੇ ਇੱਕ ਆਦਰਸ਼ ਅਤੇ ਜਾਬਤਾ ਭਰਭੂਰ ਇਨਸਾਨ ਪੱਖੋਂ ਖਾਲਸਾ ਕਾਲਜ ਅੰਮਿ੍ਰਤਸਰ ਤੇ ਪੰਜਾਬ ਦੇ ਖਿਡਾਰੀ ਅਤੇ ਬੀ. ਐੱਸ. ਐੱਫ. ਦਾ ਅਮਲਾ ਹਮੇਸ਼ਾਂ ਪ੍ਰੇਰਨਾ ਲੈਂਦਾ ਰਹੇਗਾ।

-ਪਰਮਜੀਤ ਸਿੰਘ ਬਾਗੜੀਆ   

Related articles

spot_img

Recent articles

spot_img