ਬਨੂੜ/ਪੰਜਾਬ ਪੋਸਟ
ਪੰਜਾਬ ਪੁਲਿਸ ਵੱਲੋਂ ਅੱਜ ਇੱਕ ਹੋਰ ਕਥਿਤ ਗੈਂਗਸਟਰ ਦਾ ਐਂਨਕਾਊਂਟਰ ਕੀਤਾ ਗਿਆ। ਇਸ ਮੁਕਾਬਲੇ ‘ਚ ਪਟਿਆਲਾ ਪੁਲਿਸ ਵੱਲੋਂ ਬਨੂੜ, ਰਾਜਪੁਰਾ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ 12 ਘੰਟਿਆਂ ਵਿੱਚ ਦੋ ਵਾਰਦਾਤਾਂ ਨੂੰ ਸੁਲਝਾਇਆ ਹੈ। ਇਹ ਮੁਕਾਬਲਾ ਏਜੀਟੀਐਫ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਦੀ ਨਿਗਰਾਨੀ ਹੇਠ ਕੀਤਾ ਗਿਆ। ਪੁਲਿਸ ਨੇ ਕਾਫੀ ਦੂਰ ਤੱਕ ਗੈਂਗਸਟਰ ਦਾ ਪਿੱਛਾ ਕੀਤਾ, ਅੱਗੇ ਪੁਲ ਸੀ ਇਸ ਲਈ ਪੁਲਿਸ ਨੇ ਪੁਲ ਨੂੰ ਦੋਵੇਂ ਪਾਸਿਆਂ ਤੋਂ ਘੇਰ ਲਿਆ ਜਿਸ ਤੋਂ ਬਾਅਦ ਗੈਂਗਸਟਰ ਆਪਣੀ ਕਾਰ ਛੱਡ ਕੇ ਕੱਚੀ ਸੜਕ ‘ਤੇ ਭੱਜਣ ਲੱਗੇ ਅਤੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਦੋਵੇਂ ਮੁਲਜ਼ਮਾਂ ਨੇ ਪਟਿਆਲਾ ਵਿੱਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੈਂਗਸਟਰ ਕਿਹੜੀ ਗੈਂਗ ਨਾਲ ਸਬੰਧਿਤ ਹੋ ਸਕਦੇ ਹਨ।
ਬਨੂੜ ਵਿਖੇ ਪੁਲਿਸ-ਗੈਂਗਸਟਰਾਂ ਦਰਮਿਆਨ ਮੁਕਾਬਲਾ; ਇੱਕ ਗੈਂਗਸਟਰ ਜ਼ਖਮੀ ਅਤੇ ਦੋ ਕਾਬੂ ਕੀਤੇ ਗਏ

Published: