ਵੈਲੇਂਸੀਆ/ਪੰਜਾਬ ਪੋਸਟ
ਇਨੀਂ ਦਿਨੀਂ ਯੂਰਪੀ ਦੇਸ਼ ਸਪੇਨ ਦੇ ਵੈਲੇਂਸੀਆ ਸਮੇਤ ਕਈ ਖੇਤਰਾਂ ਵਿੱਚ ਭਾਰੀ ਹੜ ਆਏ ਹੋਏ ਹਨ ਅਤੇ ਇਸੇ ਨੂੰ ਵੇਖਦੇ ਹੋਏ ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ 15 ਨਵੰਬਰ ਤੋਂ ਸਪੇਨ ਦੇ ਹੜ ਪੀੜਤਾ ਦੀ ਮਦਦ ਵਾਸਤੇ ਰਾਹਤ ਕਾਰਜਾਂ ਦੀ ਸੇਵਾ ਆਰੰਭੀ ਗਈ ਹੈ। ਇਸ ਦੇ ਮੱਦੇਨਜ਼ਰ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਸੱਜਣ ਯੂਰਪ ਦੇ ਕਿਸੇ ਵੀ ਦੇਸ਼ ਵਿੱਚੋਂ ਸਪੇਨ ਦੀ ਧਰਤੀ ‘ਤੇ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਦੇ ਨਾਲ ਜਾ ਕੇ ਸੇਵਾ ਕਰਨੀ ਚਹੁੰਦਾ ਹੋਵੇ ਤਾਂ ਇਸ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਸੰਸਥਾ ਵੱਲੋਂ ਸਹਿਯੋਗੀ ਸੱਜਣਾਂ ਦਾ ਉੱਥੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਇਸ ਤਹਿਤ ਓਥੇ ਜਾਣ ਵਾਲੇ ਸ਼ਖ਼ਸ ਆਪਣਾ ਨਾਗਰਿਕਤਾ ਅਤੇ ਰਿਹਾਇਸ਼ ਦਾ ਦਸਤਾਵੇਜ਼ ਅਤੇ ਪਾਸਪੋਰਟ ਦੀ ਫੋਟੋ ਕਾਪੀ ਸੰਸਥਾ ਦੇ ਟੈਲੀਫ਼ੋਨ ਨੰਬਰ ਜਾਂ ਈ-ਮੇਲ ‘ਤੇ ਭੇਜ ਸਕਦੇ ਹਨ ਤਾਂ ਜੋ ਉਨਾਂ ਦੀ ਸਿੱਧੀ ਆਉਣ ਜਾਣ ਦੀ ਟਿਕਟ ਉਨਾਂ ਦੇ ਹੀ ਦੇਸ਼ ਤੋਂ ਬਣਾ ਕੇ ਭੇਜੀ ਜਾ ਸਕੇ। ਸਪੇਨ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਪਹਾੜਾਂ ਦੇ ਉੱਪਰੋਂ ਬੱਦਲਾਂ ਦੇ ਫਟ ਜਾਣ ਕਾਰਣ ਇੱਕ ਬਹੁਤ ਵੱਡਾ ਤੂਫ਼ਾਨ ਆਇਆ ਅਤੇ ਮਿੱਟੀ ਘੱਟਾ ਸਾਰਾ ਲੋਕਾਂ ਦੇ ਘਰਾਂ ਵਿੱਚ ਚਲਾ ਗਿਆ ਅਤੇ ਉਸ ਨਾਲ ਵੀ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਸਪੇਨ ਦੀ ਧਰਤੀ ਉੱਪਰ ਕੁਦਰਤ ਦਾ ਇਹ ਬਹੁਤ ਵੱਡਾ ਕਹਿਰ ਵਾਪਰਿਆ ਹੈ ਅਤੇ ਚੌਵੀ ਘੰਟੇ ਬਾਰਸ਼ ਹੋਣ ਦੇ ਕਾਰਨ ਪਿੰਡਾ ਦੇ ਪਿੰਡ ਹੜ ਦੀ ਲਪੇਟ ਵਿੱਚ ਆ ਗਏ ਸਨ ਜਿਨਾਂ ਦੀ ਮਦਦ ਖਾਤਰ ਇਹ ਰਾਹਤ ਕਾਰਜ ਦਾ ਉਪਰਾਲਾ ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਉਲੀਕਿਆ ਗਿਆ ਹੈ ਜਿਸ ਲਈ ਸਹਿਯੋਗੀ ਸੱਜਣਾਂ ਨੂੰ ਵੀ ਨਾਲ ਜੁੜਨ ਦਾ ਮੌਕਾ ਦਿੱਤਾ ਜਾ ਰਿਹਾ ਹੈ।