19.8 C
New York

ਸਮਾਜਿਕ ਭੇਦਭਾਵ ਦੇ ਵਿਚਕਾਰ ਇੱਕ ਆਦਰਸ਼ ਜੀਵਨ ‘‘ਭਗਤ ਨਾਮਦੇਵ ਜੀ’’

Published:

Rate this post

ਭਗਤ ਨਾਮਦੇਵ ਜੀ, ਜੋ ਮਹਾਂਰਾਸ਼ਟਰ ਦੇ ਪ੍ਰਸਿੱਧ ਭਗਤ ਗਿਆਨੇਸ਼ਵਰ ਦੇ ਗੁਰ ਭਾਈ ਸਨ, ਦਾ ਜਨਮ 13ਵੀਂ ਸਦੀ ਦੇ ਸਤਵੇਂ ਦਹਾਕੇ ਵਿੱਚ ਮਹਾਂਰਾਸ਼ਟਰ ਦੇ ਸਿਤਾਰਾ ਜ਼ਿਲੇ ਦੇ ਨਰਸੀ ਬਾਹਮਣੀ ਪਿੰਡ ਵਿੱਚ ਹੋਇਆ। ਉਹ ਦਾਮਸੇਟੀ ਛੀਪੇ ਅਤੇ ਗੋਨਾਬਾਈ ਦੇ ਪੁੱਤਰ ਸਨ। ਉਸ ਸਮੇਂ ਭਾਰਤ ਉੱਤੇ ਤੁਰਕੀ ਹਾਕਮਾਂ ਦੀ ਹਕੂਮਤ ਸੀ, ਜਿਸ ਨਾਲ ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਵਧ ਰਿਹਾ ਸੀ।

          ਇਸ ਸਮਾਜਿਕ ਪੱਧਰ ’ਤੇ ਮੂਰਤੀ ਪੂਜਾ ਅਤੇ ਜਾਤ-ਪਾਤ ਦਾ ਅੰਧ ਵਿਸ਼ਵਾਸ਼ ਜੋਰਾਂ ’ਤੇ ਸੀ। ਭਗਤ ਨਾਮਦੇਵ ਜੀ ਦੇ ਪਿਤਾ ਕੱਪੜੇ ਸਿਉਣ ਤੇ ਰੰਗਣ ਦਾ ਕੰਮ ਕਰਦੇ ਸਨ, ਜਿਸ ਕਰਕੇ ਸਮਾਜ ਨੇ ਉਨਾਂ ਦੇ ਪਰਿਵਾਰ ਨੂੰ ਨੀਵੀਂ ਜਾਤ ਨਾਲ ਜੋੜ ਦਿੱਤਾ। ਉਸ ਸਮੇਂ ਦਾ ਸਮਾਜਿਕ ਪੱਖਪਾਤੀ ਤਾਣਾ ਬਾਣਾ ਰੱਬ ਦੀ ਭਗਤੀ ਤੇ ਆਧਿਆਤਮਿਕਤਾ ਵਿੱਚ ਵੀ ਭੇਦਭਾਵ ਪੈਦਾ ਕਰਦਾ ਸੀ।

          ਨਾਮਦੇਵ ਜੀ ਨੇ ਇਸ ਸਮਾਜਿਕ ਵਿਵਸਥਾ ਨੂੰ ਠੁਕਰਾਉਂਦਿਆਂ ਰੱਬ ਦੀ ਭਗਤੀ ਅਤੇ ਸਮਰਸਤਾ ਦੇ ਸਿਧਾਂਤਾਂ ਨੂੰ ਅਪਣਾਇਆ। ਉਹਨਾਂ ਦੀ ਜੀਵਨ ਕਥਾ ਅਜਿਹੀ ਸਮਾਜਿਕ ਸੱਚਾਈ ਨੂੰ ਬਿਆਨ ਕਰਦੀ ਹੈ, ਜੋ ਅਜਿਹੀਆਂ ਪ੍ਰਥਾਵਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ।

          ਨਾਮਦੇਵ ਜੀ ਬਚਪਨ ਤੋਂ ਹੀ ਚੇਤੰਨ ਬੁੱਧੀ ਦੇ ਮਾਲਕ ਸਨ। ਉਹਨਾਂ ਦੇ ਮਨ ਵਿੱਚ ਸੱਚੇ ਅਧਿਆਤਮਕ ਗਿਆਨ ਦੀ ਜੋਤ ਜਗਦੀ ਸੀ। ਉਹ ਅਜਿਹੇ ਸਮਾਜਿਕ ਵਿਸ਼ਵਾਸ਼ਾਂ ਤੇ ਧਾਰਮਿਕ ਪਾਖੰਡਵਾਦ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੇ। ਉਹਨਾਂ ਦੀ ਸਭ ਤੋਂ ਉੱਚੀ ਸ਼ਕਤੀ ਪ੍ਰਮਾਤਮਾ ਪੁਰਖੋਤਮ ਦੇ ਵਿੱਚ ਵਿਸ਼ਵਾਸ਼ ਸੀ। ਭਗਤ ਨਾਮਦੇਵ ਜੀ ਦੇ ਮਨ ਵਿੱਚ ਬਚਪਨ ਤੋਂ ਹੀ ਪ੍ਰਮਾਤਮਾ ਦੀ ਭਗਤੀ ਵਸੀ ਹੋਈ ਸੀ। ਭਗਤ ਨਾਮਦੇਵ ਜੀ ਪੰਜ ਵਰਿਆਂ ਦੇ ਹੋਏ ਤਾਂ ਆਪ ਜੀ ਨੂੰ ਪਾਠਸ਼ਾਲਾ ਦੇ ਵਿੱਚ ਪੜਨ ਲਈ ਭੇਜਿਆ ਗਿਆ। ਆਪ ਜੀ ਦੇ ਪਿਤਾ ਜੀ ਨੇ ਪੂਰਾ ਵਾਹ ਲਾਇਆ ਕਿ ਆਪ ਕੁੱਲ-ਪ੍ਰੰਪਰਾ ਦਾ ਕਿੱਤਾ ਅਪਣਾ ਲੈਂਦੇ, ਪਰ ਆਪ ਜੀ ਨੇ ਇਸ ਦੇ ਵੱਲ ਕੋਈ ਵੀ ਧਿਆਨ ਨਾ ਦਿੱਤਾ। ਫਿਰ ਵਣਜ-ਵਪਾਰ ਵੱਲ ਲਗਾਇਆ ਗਿਆ, ਪਰ ਉਸਦੇ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਦਿਖਾਈ। ਭਗਤ ਨਾਮਦੇਵ ਜੀ ਦਾ ਮਨ ਹਮੇਸ਼ਾਂ ਹੀ ਸੰਤਾਂ-ਭਗਤਾਂ ਦਾ ਸੰਪਰਕ ਮਾਨਣ ਦੇ ਵੱਲ ਰੁਚਿਤ ਹੁੰਦਾ। ਆਪ ਬਚਪਨ ਦੇ ਵਿੱਚ ਹੀ ਸੰਸਾਰਿਕਤਾ ਤੋਂ ਉਦਾਸੀਨ ਹੋ ਗਏ। ਇਸ ਤਰਾਂ ਬਚਪਨ ਤੋਂ ਹੀ ਪ੍ਰਭੂ ਦੇ ਨਾਲ ਭਗਤ ਨਾਮਦੇਵ ਜੀ ਦਾ ਆਤਮਿਕ ਸੰਪਰਕ ਹੋ ਗਿਆ ਸੀ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ, ਭਗਤੀ ਦੇ ਵਿੱਚ ਲੀਨ ਹੁੰਦੇ ਗਏ। ਉਹਨਾਂ ਦੀ ਆਤਮਿਕ ਅਵਸਥਾ ਬਹੁਤ ਉਚੇਰੀ ਹੋ ਚੁੱਕੀ ਸੀ।

          ਅਧਿਆਤਮਕ ਮਾਰਗ ਦੇ ਲਈ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ, ਗੁਰੂ ਅਤੇ ਨਾਮ ਸਿਮਰਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਹੈ। ਸਰਵ-ਵਿਆਪੀ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ਼ ਰੱਖਣਾ, ਸੱਚੇ ਗੁਰੂ ਦੇ ਲੜ ਲੱਗਣਾ ਤੇ ਦਿਨ-ਰਾਤ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਰਹਿਣਾ ਇੱਕ ਭਗਤ ਦੀ ਸਫਲਤਾ ਲਈ ਜਰੂਰੀ ਪੱਖ ਹਨ। ਭਗਤ ਨਾਮਦੇਵ ਜੀ ਨੇ ਮਨੁੱਖ ਨੂੰ ਬੁਰੇ ਕਰਮਾਂ ਤੋਂ ਦੂਰ ਰਹਿਣ ਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਭਗਤ ਨਾਮਦੇਵ ਜੀ ਨੇ 13ਵੀਂ ਸਦੀ ਦੇ ਵਿੱਚ ਨੀਵੀਂ ਜਾਤ ਵਿੱਚ ਜਨਮ ਲੈ ਕੇ ਵੀ, ਜਦੋਂ ਕਿ ਨੀਵੀਂ ਜਾਤ ਵਾਲਿਆਂ ਨੂੰ ਪ੍ਰਮਾਤਮਾ ਦੀ ਭਗਤੀ ਕਰਨ ਤੋਂ ਵਾਂਝਿਆਂ ਹੀ ਰੱਖਿਆ ਜਾਂਦਾ ਸੀ, ਉਸ ਸਮੇਂ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਉਚੇਰੀ ਪਦਵੀ ਹਾਸਿਲ ਕੀਤੀ ਹੈ। ਜਿਸ ਬਾਰੇ ਗੁਰਬਾਣੀ ਫੁਰਮਾਣ ਵੀ ਹੈ ‘ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ’ ਸਦਕਾ ਇਹ ਦਿ੍ਰੜ ਕਰਵਾਇਆ ਕਿ ਪਰਮਾਤਮਾ ਕਿਸੇ ਉੱਚੀ ਜਾਂ ਨੀਵੀਂ ਜਾਤ ਵਾਲੇ ਨੂੰ ਨਹੀਂ ਮਿਲਦਾ, ਸਗੋਂ ਜੋ ਇਨਸਾਨ ਸੱਚੇ ਮਨ ਨਾਲ ਭਜਨ-ਬੰਦਗੀ ਕਰਦਾ ਹੈ, ਉਸ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦਾ ਜੀਵਨ ਕਿੰਨਾ ਸੱਚਾ-ਸੁੱਚਾ ਤੇ ਸੋਚ ਕਿੰਨੀ ਨਿਰਮਲ ਸੀ ਕਿ ਅੱਠ ਸਦੀਆਂ ਪਹਿਲਾਂ ਉਹਨਾਂ ਨੇ ਸੱਚ ਦਾ ਸੁਨੇਹਾ ਦਿੱਤਾ ਹੈ, ਅਜਿਹਾ ਸੱਚ ਜਿਹੜਾ ਸਦੀਵ ਕਾਲ ਦੇ ਲਈ ਮਨੁੱਖ ਦੇ ਕੰਮ ਆਉਣ ਵਾਲਾ ਹੈ।

          ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਦਰਜ ਹਨ। ਲੋੜ ਹੈ, ਅਜਿਹੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ, ਤਾਂ ਜੋ ਸਮਾਜ ਵਿੱਚ ਸ਼ਾਂਤੀ ਤੇ ਸਥਿਰਤਾ ਪੈਦਾ ਕਰ ਸਕੀਏ। ਊਚ-ਨੀਚ, ਜਾਤ-ਪਾਤ, ਫਿਰਕਾਪ੍ਰਸਤੀ ਦੇ ਭੇਦ-ਭਾਵ ਦੂਰ ਕਰ ਸਕੀਏ। ਸਾਰੀ ਮਨੁੱਖਤਾ ਦਾ ਇੱਕ ਸਾਂਝਾ ਰੱਬ ਤੇ ਭਾਈਚਾਰਾ ਸਥਾਪਿਤ ਕਰ ਸਕੀਏ। ਭਗਤ ਜੀ ਦੀ ਬਾਣੀ ਦਾ ਮੁੱਖ ਉਦੇਸ਼ ਹੀ ਮਾਨਵ ਕਲਿਆਣ ਸੀ। ਆਪਣੇ ਜੀਵਨ ਦੇ ਲਗਭਗ 18 ਸਾਲ ਆਪ ਜੀ ਨੇ ਪੰਜਾਬ ਦੇ ਪਿੰਡ ਘੁਮਾਣ ਵਿਖੇ ਬਿਤਾਏ ਅਤੇ ਇੱਥੇ ਹੀ ਸੰਨ 1350 ਈ: ਵਿੱਚ ਆਪ ਜੀ ਦਾ ਦਿਹਾਂਤ ਹੋ ਗਿਆ। ਇਸ ਪਿੰਡ ਦੇ ਵਿੱਚ ਬਣਿਆ ਗੁਰਦੁਆਰਾ ਤਪ ਅਸਥਾਨ ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਆਪ ਜੀ ਦੀ ਮਿੱਠੀ ਯਾਦ ਦੇ ਵਿੱਚ ਇਸੇ ਸਥਾਨ ’ਤੇ ‘ਦੇਹੁਰਾ ਬਾਬਾ ਨਾਮਦੇਵ’ ਬਣਿਆ ਹੋਇਆ ਹੈ। ਸੰਗਤਾਂ ਨਿਰੰਤਰ ਇਸ ਸਥਾਨ ’ਤੇ ਹਾਜ਼ਰੀ ਭਰਦੀਆਂ ਹਨ।    

-ਪੰਜਾਬ ਪੋਸਟ

Read News Paper

Related articles

spot_img

Recent articles

spot_img