ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਸਿਆਸੀ ਕਾਰਵਾਈ ਦਾ ਇਲਜ਼ਾਮ ਲਾਇਆ
ਦਿੱਲੀ/ਪੰਜਾਬ ਪੋਸਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ‘ਚ ਰੇਡ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚ ਕਪੂਰਥਲਾ ਹਾਊਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਹੈ। ਪਾਰਟੀ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਸਿਲਸਿਲੇ ਵਿੱਚ ਭਗਵੰਤ ਮਾਨ ਦਿੱਲੀ ਵਿੱਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਅੱਜ ਜਦੋਂ ਰੇਡ ਕੀਤੀ ਗਈ ਤਾਂ ਭਗਵੰਤ ਮਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨਾਲ ਅੰਮ੍ਰਿਤਪੁਰੀ ਗੜ੍ਹੀ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਇਕ ਰੈਲੀ ਨੂੰ ਸੰਬੋਧਨ ਕੀਤਾ ਗਿਆ। ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਛਾਪੇਮਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਪਹੁੰਚੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਜਪਾ ਨੂੰ ਜਵਾਬ ਦੇਣਗੇ।