1.3 C
New York

ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਦੀ ਅਮਰੀਕਾ ਦੇ ਸਿਆਸੀ ਗਲਿਆਰਿਆਂ ’ਚ ਪਈ ਗੂੰਜ

Published:

Rate this post
  • ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਨਿਊਜਰਸੀ ’ਚ ਵੱਖ-ਵੱਖ ਸੈਨੇਟਰਾਂ ਨਾਲ ਅੰਮਿ੍ਤਪਾਲ ਸਿੰਘ ਦੀ ਰਿਹਾਈ ਸਬੰਧੀ ਚਰਚਾਵਾਂ

ਨਿਊਜਰਸੀ/ਪੰਜਾਬ ਪੋਸਟ
ਖਡੂਰ ਸਾਹਿਬ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕਾ ਦੇ ਰਾਜਸੀ ਗਲਿਆਰਿਆਂ ’ਚ ਵੀਂ ਗੂੰਜ ਰਿਹਾ ਹੈ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਅਤੇ ਖਡੂਰ ਸਾਹਿਬ ਤੋਂ ਐੱਮ. ਪੀ. ਚੁਣੇ ਗਏ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਬੀਬੀ ਬਲਵਿੰਦਰ ਕੌਰ ਤੇ ਸ. ਤਰਸੇਮ ਸਿੰਘ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਮਿਲ ਕੇ ਉੱਥੋਂ ਦੇ ਨਾਮਵਰ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਐਂਡ ਲਾਅ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤਹਿਤ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜਾਦੀ ਦੇ ਆਧਾਰ ’ਤੇ ਭਾਈ ਅੰਮਿ੍ਰਤਪਾਲ ਸਿੰਘ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੇ ਉੱਪ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਸੀ। ਇਸ ਸਬੰਧ ਵਿੱਚ, ਉੱਪ ਰਾਸ਼ਟਰਪਤੀ ਕੈਮਿਲਾ ਹੈਰਿਸ ਦੀ ਚੀਫ ਆਫ ਸਟਾਫ ਸੀਲਾ ਨਿੱਕਸ ਨੇ ਜਸਪ੍ਰੀਤ ਸਿੰਘ ਨੂੰ ਲਿਖਤੀ ਰੂਪ ਵਿੱਚ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਉੱਪ ਰਾਸ਼ਟਰਪਤੀ ਦੇ ਏਸ਼ੀਆ-ਪ੍ਰਸ਼ਾਂਤ ਮਾਮਲੇ ਅਤੇ ਹਥਿਆਰ ਕੰਟਰੋਲ ਲਈ ਵਿਸ਼ੇਸ਼ ਸਲਾਹਕਾਰ ਸ੍ਰੀ ਸਿਧਾਰਥ ਅਈਅਰ ਵੱਲੋਂ ਮੰਗਲਵਾਰ ਨੂੰ 3:30 ’ਤੇ ਉੱਪ ਰਾਸ਼ਟਰਪਤੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਸਪ੍ਰੀਤ ਸਿੰਘ ਨੂੰ ਇੱਕ ਸੱਦਾ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਵੀ ਜਸਪ੍ਰੀਤ ਸਿੰਘ ਨਿਊਜਰਸੀ ਵਿੱਚ ਜਿਨ੍ਹਾਂ ਸੈਨੇਟਰਾਂ ਨੂੰ ਭਾਈ ਸਾਬ ਤੇ ਸਾਥੀ ਸਿੰਘਾਂ ਦੀ ਰਿਹਾਈ ਲਈ ਮਿਲ ਚੁੱਕੇ ਹਨ ਉਨ੍ਹਾਂ ’ਚ ਸੈਨੇਟਰ ਬੁਕਰ ਇਵੈਂਟ, ਕਾਂਗਰਸਮੈਨ ਰੌਬ ਮੇਨੇਡੇਜ, ਸੈਨੇਟਰ ਜੈਕੀ ਰੋਜਨ ਅਤੇ ਕਾਂਗਰਸਮੈਨ ਰੂਬੇਨ ਗੈਲੇਗੋ ਸ਼ਾਮਿਲ ਹਨ। ਮੰਗਲਵਾਰ ਨੂੰ ਵਾਈਸ ਪ੍ਰੈਜੀਡੈਂਟ ਨਾਲ ਮੀਟਿੰਗ ਵਾਲੇ ਦਿਨ ਜਸਪ੍ਰੀਤ ਸਿੰਘ ਅਟਾਰਨੀ ਹੋਰ ਦਸ ਸੈਨੇਟਰ/ਕਾਂਗਰਸਮੈਨਜ ਨਾਲ ਵੀ ਮੁਲਾਕਾਤ ਕਰਨਗੇ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭਾਈ ਅੰਮਿ੍ਰਤਪਾਲ ਸਿੰਘ ਪੰਜਾਬ ਵਿੱਚ ਦੋ ਲੱਖ ਦੀ ਸਭ ਤੋਂ ਵੱਧ ਲੀਡ ਨਾਲ ਸ੍ਰੀ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਭਾਈ ਸਾਬ ਨੂੰ ਲੋਕਾਂ ਵੱਲੋਂ ਮਿਲੇ ਇਸ ਵੱਡੇ ਸਮਰਥਨ ਦਾ ਕਾਰਨ ਉਨ੍ਹਾਂ ਵੱਲੋਂ ਇਸ ਹਲਕੇ ਵਿੱਚ ਨਸ਼ਿਆਂ ਖਿਲਾਫ ਕੱਢੀ ਗਈ ਖਾਲਸਾ ਵਹੀਰ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਵਿੱਚ ਗਲਤਾਨ ਜਵਾਨੀ ਵੱਲੋਂ ਨਸ਼ੇ ਛੱਡ ਕੇ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਖੰਡੇ ਦੀ ਪਾਹੁਲ ਛਕ ਕੇ ਗੁਰੂ ਵਾਲੀ ਬਣਨ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਮਿਲੇ ਇੰਨੇ ਵੱਡੇ ਫਤਵੇ ਤੋਂ ਬਾਅਦ ਵੀ ਸਰਕਾਰ ਵੱਲੋਂ ਭਾਈ ਸਾਹਿਬ ਤੋਂ ਐੱਨ. ਐੱਸ. ਏ. ਨੂੰ ਤੁਰੰਤ ਨਾ ਹਟਾਉਣਾ ਅਤੇ ਭਾਈ ਸਾਹਿਬ ਨਾਲ ਸਬੰਧਾਂ ਦੇ ਆਧਾਰ ’ਤੇ ਉਨ੍ਹਾਂ ਦੇ ਸਾਥੀਆਂ ’ਤੇ ਲਗਾਇਆ ਗਿਆ ਐੱਨ. ਐੱਸ. ਏ. ਨਾ ਹਟਾਉਣਾ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਅਤੇ ਧਾਰਮਿਕ ਅਜ਼ਾਦੀ ਉੱਪਰ ਪਬੰਦੀ ਲਾਉਣ ਦੇ ਬਰਾਬਰ ਹੈ।
ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਦੀ ਰਿਹਾਈ ਲਈ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਜਿਸ ਜਸਪ੍ਰੀਤ ਸਿੰਘ ਅਟਾਰਨੀ ਐਂਡ ਲਾਅ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਅਮਰੀਕਾ ਦਾ ਬਹੁਤ ਵੱਡਾ ਵਕੀਲ ਹੈ ਜਿਸ ਕੋਲ ਨਿਊਯਾਰਕ ਕੈਲੇਫੋਰਨੀਆ ਵਿੱਚ ਮਾਹਿਰਾਂ ਦੀ ਬਹੁਤ ਵੱਡੀ ਟੀਮ ਹੈ। ਉਸ ਨੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਵਿੱਚ ਪੱਕੇ ਤੌਰ ’ਤੇ ਵਸਾਇਆ ਹੈ। ਅਮਰੀਕੀ ਸਰਕਾਰ ’ਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਲੋਕ ਨਿੱਜੀ ਤੌਰ ’ਤੇ ਜਸਪ੍ਰੀਤ ਸਿੰਘ ਦੇ ਕਰੀਬੀ ਹਨ।
ਉਨ੍ਹਾਂ ਕਿਹਾ ਕਿ ਅਸੀਂ ਅੰਮਿ੍ਰਤਪਾਲ ਸਿੰਘ ਨੂੰ ਮਿਲੇ ਏਡੇ ਵੱਡੇ ਲੋਕ ਫਤਵੇ ਦੇ ਮੱਦੇਨਜ਼ਰ ਪੰਜਾਬ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਭਾਈ ਸਾਬ੍ਹ ’ਤੇ ਲਾਏ ਗਏ ਐੱਨ. ਐੱਸ. ਏ. ਨੂੰ ਤੁਰੰਤ ਹਟਾਇਆ ਜਾਵੇ ਅਤੇ ਭਾਈ ਸਾਬ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਫੜ੍ਹੇ ਹੋਏ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਵੀ ਐੱਨ. ਐੱਸ. ਏ. ਅਤੇ ਝੂਠੇ ਕੇਸਾਂ ਤੋਂ ਮੁਕਤ ਕਰਦਿਆਂ ਤੁਰੰਤ ਰਿਹਾਅ ਕੀਤਾ ਜਾਵੇ।
ਅਸੀਂ ਇੱਕ ਗੱਲ ਹੋਰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਅੰਮਿ੍ਰਤਪਾਲ ਸਿੰਘ ਦਾ ਉਹਨਾਂ ਕਈਆਂ ਨਾਲ ਕੋਈ ਸਬੰਧ ਨਹੀਂ ਹੈ ਜੋ ਵੱਖ-ਵੱਖ ਵਿਸ਼ੇਸ਼ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਹਨ। ਹੁਣ ਤੋਂ ਭਾਈ ਅੰਮਿ੍ਰਤਪਾਲ ਸਿੰਘ ਦਾ ਕੋਈ ਵੀ ਸੰਦੇਸ਼ ਜਾਂ ਬਿਆਨ ਬੀਬੀ ਪਰਮਜੀਤ ਕੌਰ ਖਾਲੜਾ ਮਾਤਾ ਬਲਵਿੰਦਰ ਕੌਰ ਪਿਤਾ ਤਰਸੇਮ ਸਿੰਘ ਚਾਚਾ ਸੁਖਚੈਨ ਸਿੰਘ ਨਾਲ ਸਾਂਝੇ ਤੌਰ ’ਤੇ ਵੀਡੀਓ ਰਾਹੀਂ ਜਾਂ ਪ੍ਰੈੱਸ ਨੋਟ/ਪ੍ਰੈੱਸ ਕਾਨਫ੍ਰੰਸ ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਲਈ ਸਾਰੇ ਪ੍ਰੈੱਸ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਬ ਦੇ ਸੰਦੇਸ਼/ਨੀਤੀਆਂ ਨੂੰ ਕਿਸੇ ਹੋਰ ਦੀ ਇੰਟਰਵਿਊ ਜਾਂ ਚਰਚਾ ਵਿੱਚ ਨਾ ਦਰਸਾਈਆਂ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਇਸ ਗੱਲ ਦਾ ਵੀ ਸਖਤ ਨੋਟਿਸ ਲਿਆ ਕਿ ਪੰਜਾਬ ਸਰਕਾਰ ਦਾ ਮੰਤਰੀ ਲਾਲਜੀਤ ਸਿੰਘ ਭੁੱਲਰ ਨਾ ਕੇਵਲ ਹਾਰ ਤੋਂ ਸਗੋਂ ਆਪਣੇ ਵਾਰਡ ਤੋਂ ਵੀ ਹਾਰਨ ਕਾਰਨ ਬੌਖਲਾਹਟ ਵਿੱਚ ਆ ਕੇ ਆਮ ਸੰਗਤ ਨੂੰ ਸੱਦ ਕੇ ਉਨ੍ਹਾਂ ਤੋਂ ਸਪੀਕਰ ਫੋਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਗਲ ਕਰਾਉਂਦੇ ਹਨ ਕਿ ਵੋਟ ਕਿਸ ਨੂੰ ਪਾਈ ਜਦੋਂ ਘਰ ਦੀਆਂ ਬੀਬੀਆਂ ਜਵਾਬ ਦਿੰਦੀਆਂ ਹਨ ਕਿ ਭਾਈ ਅੰਮਿ੍ਰਤਪਾਲ ਸਿੰਘ ਨੂੰ ਤੇ ਨਾਲ ਹੀ ਇਹ ਮਨਿਸਟਰ ਘਰਾਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਰੇਡ ਕਰਾ ਕੇ ਜਾਂ ਕਿਸੇ ਨੂੰ ਪੁਲਿਸ ਤੋ ਦਬਕੇ ਮਰਵਾਉਂਦਾ ਹੈ। ਜੇਕਰ ਪ੍ਰਸਾਸ਼ਨ ਤੇ ਸਰਕਾਰ ਨੇ ਇਸ ਮਨਿਸਟਰ ਨੂੰ ਨੱਥ ਨਾ ਪਾਈ ਤਾਂ ਪੱਟੀ ਇਲਾਕੇ ਵਿੱਚ ਵਿਸ਼ਾਲ ਇਕੱਠ ਕਰਕੇ ਇਸ ਧੱਕੇ ਵਿਰੁੱਧ ਧਰਨੇ ਲਾਉਣ ਲਈ ਸੰਗਤ ਨੂੰ ਮਜ਼ਬੂਰ ਹੋਣਾ ਪਵੇਗਾ।

Read News Paper

Related articles

spot_img

Recent articles

spot_img