12.1 C
New York

ਗੁਰੂ ਘਰ ਦੇ ਪਹਿਲੇ ਕੀਰਤਨੀਏ ਅਤੇ ਰਬਾਬ ਕਲਾ ਦੇ ਬਾਨੀ- ਭਾਈ ਮਰਦਾਨਾ ਜੀ

Published:

Rate this post

ਸਿੱਖ ਇਤਿਹਾਸ ਵਿੱਚ ਅਤੇ ਖਾਸਕਰ ਪਹਿਲੀ ਪਾਤਸ਼ਾਹੀ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਜਦੋਂ ਵੀ ਗੱਲ ਹੋਵੇਗੀ ਤਾਂ ਉਨਾਂ ਨਾਲ ਸਬੰਧਤ ਜਿਨਾਂ ਸ਼ਖਸੀਅਤਾਂ ਨਾਂਅ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਵੇਗਾ, ਉਨਾਂ ਵਿੱਚ ਪ੍ਰਮੁੱਖ ਨਾਂਅ ਆਉਂਦਾ ਹੈ, ਭਾਈ ਮਰਦਾਨਾ ਜੀ। ਲੋਕਾਈ ਨੂੰ ਰੂਹਾਨੀਅਤ ਦੀ ਰੌਸ਼ਨੀ ਪ੍ਰਦਾਨ ਕਰਨ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ-ਕਈ ਮੀਲ ਬਿਖਰਿਆਂ ਪੈਂਡਿਆਂ ਦਾ ਸਫ਼ਰ ਕੀਤਾ ਅਤੇ ਨਾਲ ਹੁੰਦੇ ਸਨ ਭਾਈ ਮਰਦਾਨਾ ਜੀ, ਜਿਨਾਂ ਦਾ ਇਹ ਵੀ ਇੱਕ ਸੁਭਾਗ ਰਿਹਾ ਹੈ ਕਿ ਉਨਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ ਸਾਥ ਪ੍ਰਾਪਤ ਹੋਇਆ। ਇਸ ਸਾਥ ਸਦਕਾ ਹੀ ਉਨਾਂ ਨੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਦਾ ਲਗਪਗ 40,000 ਕਿਲੋਮੀਟਰ ਤੱਕ ਦਾ ਲੰਮਾ ਸਫ਼ਰ ਤਹਿ ਕੀਤਾ ਹੈ।

ਇਹ ਗੁਰੂ ਸਾਹਿਬ ਦੀ ਅਪਾਰ ਕਿ੍ਰਪਾ ਹੀ ਸੀ ਕਿ ਗੁਰੂ ਸਾਹਿਬ ਨੇ ਉਨਾਂ ਨੂੰ ਆਪਣੇ ਵਡਮੁੱਲੇ ਵਿਚਾਰਾਂ ਸਦਕਾ ਭਾਈ ਮਰਦਾਨਾ ਜੀ ’ਤੇ ਪੰਜ ਗੁਣਾਂ ਸਤ, ਸੰਤੋਖ, ਸਬਰ, ਦਇਆ ਅਤੇ ਧਰਮ ਦੀ ਰਹਿਮਤ ਕਰ ਦਿੱਤੀ ਸੀ। ਭਾਈ ਮਰਦਾਨਾ ਜੀ ਲਈ ਪਹਾੜੀਆਂ ਦੀ ਠੰਡ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ’ਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ’ਚ ਭੁੱਖ ਪਿਆਸ ਜਾਂ ਘਰ ਦਾ ਮੋਹ ਵੀ ਗੁਰੂ ਸਾਹਿਬ ਦਾ ਸਾਥ ਦੇਣ ’ਚ ਕਦੇ ਔਕੜ ਨਾ ਬਣੇ। ਗੁਰੂ ਸਾਹਿਬ ਦੀ ਇਸੇ ਅਪਾਰ ਕਿ੍ਰਪਾ ਸਦਕਾ ਭਾਈ ਮਰਦਾਨਾ ਜੀ ਨੂੰ ਰੂਹਾਨੀਅਤ ਦੇ ਆਯਾਮ ਵਿੱਚ ਪਹੁੰਚਣ ਦਾ, ਗੁਰੂ ਸਾਹਿਬ ਦੇ ਪਿਆਰੇ ਅਤੇ ਪੱਕੇ ਸਾਥੀ ਹੋਣ ਦਾ ਮਾਣਮੱਤਾ ਰੁਤਬਾ ਹਾਸਲ ਹੋਇਆ, ਜਿਸ ਸਦਕਾ ਉਨਾਂ ਦਾ ਨਾਂਅ ਬੇਹੱਦ ਸਤਿਕਾਰ ਨਾਲ ਸਿੱਖ ਇਤਿਹਾਸ ਵਿੱਚ ਦਰਜ ਹੈ।

ਭਾਈ ਮਰਦਾਨਾ ਜੀ ਦਾ ਜਨਮ ਰਾਇ ਭੋਏ ਦੀ ਤਲਵੰਡੀ ਵਿਖੇ ਸੰਨ 1459 ’ਚ ਪਿਤਾ ਬਾਦਰਾ ਜੀ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ। ਭਾਈ ਮਰਦਾਨਾ ਜੀ ਦੇ ਪਹਿਲੇ ਸਾਰੇ ਭੈਣ-ਭਰਾ ਗੁਜ਼ਰ ਗਏ ਸਨ। ਜਦੋਂ ਮਰਦਾਨਾ ਜੀ ਪੈਦਾ ਹੋਏ ਤਾਂ ਉਨਾਂ ਦੀ ਮਾਂ ਨੇ ਬੇਦਿਲੀ ਅਤੇ ਨਿਰਾਸ਼ਤਾ ’ਚ ਉਨਾਂ ਨੂੰ ‘ਮਰ ਜਾਣਾ’ ਭਾਵ ਮਰ ਜਾਣ ਵਾਲਾ ਕਿਹਾ ਸੀ ਜਦਕਿ ਉਨਾਂ ਦਾ ਪਹਿਲਾ ਨਾਂਅ ‘ਦਾਨਾ’ ਰੱਖਿਆ ਗਿਆ ਸੀ। ਭਾਈ ਮਰਦਾਨਾ ਜੀ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਵੀ ਇੱਕ ਬਹੁਤ ਹੀ ਨਿਰਾਲੇ ਢੰਗ ਨਾਲ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੀ ਰਬਾਬ ਦੀ ਮਨਮੋਹਕ ਆਵਾਜ਼ ਸੁਣੀ ਤਾਂ ਉਨਾਂ ਨੇ ਭਾਈ ਮਰਦਾਨਾ ਜੀ ਕੋਲ ਜਾ ਕੇ ਉਨਾਂ ਦਾ ਨਾਂਅ ਪੁੱਛਿਆ ਤਾਂ ਜਵਾਬ ਵਿੱਚ ਉਨਾਂ ਨੇ ਆਪਣਾ ਨਾਂਅ ‘ਦਾਨਾ’ ਦੱਸਿਆ। ਗੁਰੂ ਸਾਹਿਬ ਨੇ ਓਸੇ ਵਕਤ ਉਨਾਂ ਨੂੰ ‘ਮਰਦਾਨਾ’ ਕਿਹਾ, ਜਿਸ ਦਾ ਭਾਵ ਸੀ ‘ਬਹਾਦਰ ਜਾਂ ਕਦੇ ਨਾ ਮਰਨ ਵਾਲਾ’।

ਭਾਈ ਮਰਦਾਨਾ ਜੀ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਸਮਰਪਿਤ ਵਧੀਆ ਰਬਾਬ ਵਜਾਉਂਦੇ ਸਨ। ਅੱਗੇ ਜਾ ਕੇ ਜਦੋਂ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਦਾ ਸਾਥ ਪ੍ਰਾਪਤ ਹੋਇਆ ਤਾਂ ਗੁਰੂ ਸਾਹਿਬ ਜੀ ਜਦੋਂ ਵੀ ਵਿਸਮਾਦ ’ਚ ਆਉਂਦੇ ਸਨ ਤਾਂ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਇਹ ਗੱਲ ਕਹਿੰਦੇ ਸਨ ਕਿ ‘ਛੇੜ ਭਾਈ ਮਰਦਾਨਿਆਂ, ਰਬਾਬ ਦੀਆਂ ਤਾਰਾਂ’। ਸਿੱਖ ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ ਅਤੇ ਭਾਈ ਮਰਦਾਨਾ ਜੀ ਦੇ ਪਿਤਾ ਦਾ ਇਸੇ ਸੰਧਰਭ ਵਿੱਚ ਗੁਰੂ ਸਾਹਿਬ ਜੀ ਦੇ ਘਰ ਆਉਣਾ-ਜਾਣਾ ਹੋਇਆ ਕਰਦਾ ਸੀ ਅਤੇ ਉਨਾਂ ਦੇ ਸਮੁੱਚੇ ਪਰਿਵਾਰ ਦਾ ਨਾਤਾ ਗੁਰੂ ਸਾਹਿਬ ਦੇ ਪਰਿਵਾਰ ਨਾਲ ਓਸੇ ਸਮੇਂ ਤੋਂ ਜੁੜਿਆ ਹੋਇਆ ਸੀ। ਭਾਈ ਮਨੀ ਸਿੰਘ ਦੀਆਂ ਸਾਖੀਆਂ ਮੁਤਾਬਕ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਨਾਂ ਦਾ ਪਹਿਲਾ ਮੇਲ ਸੰਨ 1480 ਜਾਂ ਉਸ ਦੇ ਆਸ ਪਾਸ ਤਲਵੰਡੀ ’ਚ ਹੋਇਆ।

ਇਤਿਹਾਸਕ ਵੇਰਵਿਆਂ ਮੁਤਾਬਕ, ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਦੇ ਸੰਪਰਕ ’ਚ ਆਉਣ ਤੋਂ ਪਹਿਲਾਂ ਆਪਣੇ ਮੁਸਲਮਾਨੀ ਦੀਨ ਅਨੁਸਾਰ ਆਪਣਾ ਨਿਤਨੇਮ ਦੇ ਪੱਕੇ ਸਨ। ਪੰਜ ਵਕਤ ਦੀ ਨਮਾਜ਼ ਕਰਨੀ ਅਤੇ ਰੋਜ਼ੇ ਰੱਖਣਾ ਆਦਿ ਓਹ ਸਿਦਕ ਨਾਲ ਨਿਭਾਉਂਦੇ ਸਨ, ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ’ਚ ਆਏ ਤਾਂ ਉਨਾਂ ਨੇ ਤਿੰਨ ਗੱਲਾਂ ਭਾਈ ਮਰਦਾਨਾ ਜੀ ਨੂੰ ਦਿ੍ਰੜ ਕਰਵਾਈਆਂ, ਰਾਤੀਂ ਸਤਿਨਾਮ ਦਾ ਜਾਪ ਕਰਨਾ, ਕੇਸ ਨਹੀਂ ਕਟਵਾਉਣੇ ਅਤੇ ਆਏ-ਗਏ ਲੋੜਵੰਦ ਦੀ ਭਰਪੂਰ ਮਦਦ ਕਰਨੀ। ਇੱਥੋਂ ਸ਼ੁਰੂ ਹੋਇਆ ਓਹ ਸਿਲਸਿਲਾ ਜਿਸ ਤਹਿਤ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੀ ਸੰਗਤ ਅਮਲੀ ਅਤੇ ਰੂਹਾਨੀ ਰੂਪ ’ਚ ਆਰੰਭ ਕੀਤੀ।

ਗੁਰੂ ਨਾਨਕ ਦੇਵ ਜੀ ਰੂਹਾਨੀ ਬਾਣੀ ਉਚਾਰਦੇ ਅਤੇ ਭਾਈ ਮਰਦਾਨਾ ਜੀ ਉਸ ਬਾਣੀ ਨੂੰ ਰਾਗਬੱਧ ਕਰ ਕੇ ਗਾਉਂਦੇ ਅਤੇ ਨਾਲ ਹੁੰਦੀ ਉਨਾਂ ਦੀ ਮਧੁਰ ਰਬਾਬ। ਸਫਰ ਦੇ ਸਮੇਂ ਜਦੋਂ ਰਾਤ ਨੂੰ ਪਿੰਡ-ਪਿੰਡ ਜਾਂਦਿਆਂ ਜਾਂ ਕਿਸੇ ਜੰਗਲ ਵਿੱਚ ਡੇਰੇ ਲਾਉਣ ਸਮੇਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਕਈ ਸਵਾਲ ਆਉਂਦੇ ਸਨ ਅਤੇ ਕਈ ਵਿਸ਼ਿਆਂ ਨੂੰ ਲੈ ਕੇ ਉਤਸੁਕਤਾ ਹੁੰਦੀ ਸੀ ਜਿਸ ਦੇ ਜਵਾਬ ਬਾਬੇ ਨਾਨਕ ਕੋਲੋਂ ਮਿਲਦੇ ਸਨ। ਇਨਾਂ ਦਾ ਜ਼ਿਕਰ ਪੁਰਾਤਨ ਜਨਮ ਸਾਖੀ ਵਿੱਚ ਆਉਂਦਾ ਹੈ। ਪਿਤਾ ਮਹਿਤਾ ਕਾਲੂ ਜੀ ਨੇ ਜਦ ਗੁਰੂ ਸਾਹਿਬ ਨੂੰ ਦੁਨਿਆਵੀ ਕੰਮਾਂ ਕਾਰਾਂ ਲਈ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਕੋਲ ਭੇਜ ਦਿੱਤਾ ਸੀ ਤਾਂ ਓਸ ਸਮੇਂ ਭਾਈ ਮਰਦਾਨਾ ਜੀ ਬਹੁਤ ਉਦਾਸ ਹੋ ਗਏ ਸਨ। ਭੈਣ ਨਾਨਕੀ ਦੇ ਸੱਦੇ ’ਤੇ ਗੁਰੂ ਪਾਤਸ਼ਾਹ ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਗਏ ਅਤੇ ਮਹਿਤਾ ਕਾਲੂ ਨੇ ਉਨਾਂ ਨੂੰ ਤਲਵੰਡੀ ਤੋਂ ਸੁਲਤਾਨਪੁਰ ’ਚ ਗੁਰੂ ਸਾਹਿਬ ਦੀ ਖ਼ਬਰ ਸਾਰ ਲੈਣ ਲਈ ਭੇਜਿਆ, ਪਰ ਗੁਰੂ ਸਾਹਿਬ ਦਾ ਨਿੱਘਾ ਵਰਤਾਉ, ਪਿਆਰ ਅਤੇ ਸਤਿਸੰਗ ਵੇਖ ਕੇ ਉਹ ਸਭ ਕੁਝ ਭੁੱਲ ਕੇ ਬਾਬੇ ਨਾਨਕ ਦੇ ਹੋ ਕੇ ਰਹਿ ਗਏ। ਇਹ ਵੀ ਉਨਾਂ ਦਾ ਗੁਰੂ ਸਾਹਿਬ ਪ੍ਰਤੀ ਸਤਿਕਾਰ ਅਤੇ ਸਨੇਹ ਦਾ ਇੱਕ ਵੱਡਾ ਅਤੇ ਪ੍ਰਤੱਖ ਉਦਾਹਰਣ ਸੀ।

ਇਸ ਤੋਂ ਬਾਅਦ ਆਉਂਦਾ ਹੈ ਓਹ ਸਮਾਂ ਜਦੋਂ ਸੰਨ 1487 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਮਗਰੋਂ ਤਲਵੰਡੀ ਆ ਗਏ ਅਤੇ ਅਗਲੇ ਚਾਰ ਵਰਿਆਂ ਤੱਕ ਭਾਵ ਸੰਨ 1487 ਤੋਂ 1491 ਤੱਕ ਉਹ ਤਲਵੰਡੀ ਹੀ ਰਹੇ। ਸਮਾਂ ਪਾ ਕੇ ਉਨਾਂ ਨੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਪਰ ਭਾਈ ਮਰਦਾਨਾ ਜੀ ਉਨਾਂ ਦੇ ਨਾਲ ਨਹੀਂ ਸਨ ਗਏ। ਇਤਿਹਾਸਕ ਅੰਦਾਜ਼ਿਆਂ ਮੁਤਾਬਕ, ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਸੱਦਣ ਉਪਰੰਤ ਸੰਨ 1492-93 ’ਚ ਤਲਵੰਡੀ ਤੋਂ ਸੁਲਤਾਨਪੁਰ ਆਏ। ਗੁਰੂ ਨਾਨਕ ਦੇਵ ਜੀ ਦੁਨੀਆਂ ਉੱਤੇ ਛਾਈ ਅਗਿਆਨਤਾ ਦੀ ਧੁੰਦ ਨੂੰ ਗਿਆਨ ਦੀ ਲੋਅ ਨਾਲ ਉਤਾਰਨ ਦੇ ਮਕਸਦ ਨਾਲ ਜਦੋਂ ਯਾਤਰਾ ’ਤੇ ਗਏ ਤਾਂ ਭਾਈ ਮਰਦਾਨਾ ਜੀ ਨੇ ਉਨਾਂ ਦਾ ਭਰਪੂਰ ਸਾਥ ਦਿੱਤਾ। ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ, ਜਿਨਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ।

ਇਨਾਂ ਚਾਰਾਂ ਉਦਾਸੀਆਂ ਸਮੇਂ ਗੁਰੂ ਸਾਹਿਬ ਦੇ ਔਖੇ-ਸੌਖੇ ਰਾਹਾਂ ਦੇ ਸਾਥੀ ਵਜੋਂ ਭਾਈ ਮਰਦਾਨਾ ਜੀ, ਹਮੇਸ਼ਾ ਗੁਰੂ ਸਾਹਿਬ ਦੇ ਨਾਲ ਹੀ ਰਹੇ। ਇਸ ਸਮੁੱਚੇ ਸਮੇਂ ਦੌਰਾਨ ਭਾਵੇਂ ਉਨਾਂ ਨੂੰ ਰੋੜਿਆਂ ’ਤੇ ਸੌਣਾ ਪਿਆ, ਅੱਕ ਚੱਬਣੇ ਪਏ ਜਾਂ ਅਸਾਮ ਦੀਆਂ ਜਾਦੂਗਰਨੀਆਂ ਨਾਲ ਵਾਹ ਪਿਆ, ਪਰ ਓਹ ਨਾਲ ਚੱਲਦੇ ਰਹੇ। ਫੇਰ ਓਹ ਸਮਾਂ ਆਇਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ ਨਵੰਬਰ 1534 ਈ. ਨੂੰ ਭਾਈ ਮਰਦਾਨਾ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਸੁਆਸ ਗੁਰੂ ਸਾਹਿਬ ਦੇ ਹੱਥਾਂ ਵਿੱਚ ਲਏ ਅਤੇ ਆਪਣੇ ਸੁੱਖ-ਦੁੱਖ ਦੇ ਭਾਈਵਾਲ, ਭਾਈ ਮਰਦਾਨਾ ਜੀ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਦਰਿਆ ਕੁਰਮ ਦੇ ਕਿਨਾਰੇ ਭਾਵਪੂਰਤ ਅੰਦਾਜ਼ ਵਿੱਚ ਸਪੁਰਦ-ਏ-ਖਾਕ ਕੀਤਾ, ਜਿੱਥੇ ਅੱਜ ਵੀ ਭਾਈ ਮਰਦਾਨਾ ਜੀ ਦੀ ਵੰਸ਼ ਉਨਾਂ ਦੀ ਯਾਦ ਨੂੰ ਸੰਭਾਲੀ ਬੈਠੀ ਹੈ।

ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ 19 ਰਾਗਾਂ ਵਿੱਚ ਪਰੋ ਕੇ ਗਾਉਣ ਦਾ ਜਿੱਥੇ ਸ਼ਰਫ ਹਾਸਲ ਹੈ, ਓਥੇ ਨਾਲ ਹੀ ਉਨਾਂ ਨੂੰ ਗੁਰੂ ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ। ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਨਾਂ ਦੀਆਂ ਕਈ ਪੀੜੀਆਂ ਤੱਕ ਬਣਿਆ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸਬੰਧਤ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਸੰਵਾਦ ਦਾ ਕਈ ਸਿੱਖ ਧਾਰਮਿਕ ਪੁਸਤਕਾਂ ਵਿੱਚ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਬਾਰੇ ਕਈ ਸਾਖੀਆਂ ਵੀ ਸੁਣਾਈਆਂ ਜਾਂਦੀਆਂ ਹਨ। ਜਿਸ ਬਾਣੀ ਨੂੰ ਸਰਵਣ ਕਰਕੇ ਸਮੁੱਚੀ ਲੋਕਾਈ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀ ਹੈ, ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਭਾਈ ਮਰਦਾਨਾ ਜੀ ਨੂੰ ਹੀ ਮਿਲਿਆ ਸੀ ਅਤੇ ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਸੁਣਨ ਦਾ ਅਲੌਕਿਕ ਸੁਭਾਗ ਵੀ ਭਾਈ ਮਰਦਾਨਾ ਜੀ ਨੂੰ ਹੀ ਮਿਲਿਆ ਅਤੇ ਉਨਾਂ ਦੀ ਰਬਾਬ ਪ੍ਰੰਪਰਾ ਵੀ ਸਿੱਖ ਕੀਰਤਨ ਅਤੇ ਗੁਰਮਤਿ ਸੰਗੀਤ ਸ਼ੈਲੀ ਨੂੰ ਉਨਾਂ ਦੀ ਮਹਾਨ ਦੇਣ ਹੈ ਜਿਸ ਦਾ ਸਿੱਖ ਇਤਿਹਾਸ ਵਿੱਚ ਹਮੇਸ਼ਾ ਵਿਸ਼ੇਸ਼ ਜ਼ਿਕਰ ਹੋਵੇਗਾ।

-ਪੰਜਾਬ ਪੋਸਟ

Read News Paper

Related articles

spot_img

Recent articles

spot_img