23.6 C
New York

ਸਾਦਿਕ : ਭਾਈ ਮਰਦਾਨਾ

Published:

Rate this post

ਜਦੋਂ ਮਰਦਾਨੇ ਦਾ ਗੁਰੂ ਬਾਬੇ ਨਾਲ ਮੇਲ ਹੋਇਆ ਤਾਂ ਉਸ ਵੇਲੇ ਉਹ ਵਿਆਹਿਆ ਵਰਿਆ, ਗ੍ਰਹਿਸਤੀ ਸੀ। ਬਾਬਾ ਨਾਨਕ ਉਸਨੂੰ ਕਹਿੰਦੇ ਹਨ ਅਸੀਂ ਤੇਰਾ ਭਲਾ ਕਰਾਂਗੇ। ਇਹ ਵੀ ਆਖਿਆ ਸੀ ਤੇਰਾ ਅਸੀਂ ਦੋਹਾਂ ਲੋਕਾਂ ਵਿੱਚ ਭਲਾ ਕਰਾਂਗੇ ਤਾਂ ਮਰਦਾਨਾ ਭੋਲੇ ਭਾਅ ਹੀ ਕਹਿਣ ਲੱਗਾ ਆਪਣੇ ਦੀਨ ਮੁਤਾਬਕ ਮੈਂ ਪੰਜ ਵੇਲੇ ਨਮਾਜ਼ ਪੜਦਾ ਹਾਂ, ਰੋਜ਼ੇ ਵੀ ਰੱਖਦਾ ਹਾਂ। ਇਸ ਦੇ ਅਨੁਸਾਰ ਮੇਰਾ ਭਲਾ ਤਾਂ ਹੋ ਹੀ ਜਾਵੇਗਾ। ਇਸ ਤੋਂ ਸਾਫ਼ ਹੈ, ਉਹ ਬਾਬੇ ਗੁਰੂ ਨੂੰ ਮਿਲਣ ਤੋਂ ਪਹਿਲਾਂ ਆਪਣੇ ਮੁਸਲਮਾਨੀ ਦੀਨ ਦੇ ਅਨੁਸਾਰ ਆਪਣੇ ਨੇਮ_ਕਰਮ ਵਿੱਚ ਪੂਰਾ ਹੀ ਨਹੀਂ ਸੀ ਦਿ੍ਰੜ ਵਿਸ਼ਵਾਸੀ ਵੀ ਸੀ ਕਿ ਜੋ ਕੁਝ ਵੀ ਉਸਦੇ ਮਜ਼ਹਬ ਵਿੱਚ ਆਪਣਾ ਜਨਮ ਸੁਆਰਨ ਲਈ ਬੰਦੇ ਨੂੰ ਕਰਨਾ ਚਾਹੀਦਾ ਹੈ,  ਉਹ ਉਸ ਤੋਂ ਨਾਬਰ ਨਹੀਂ ਸਗੋਂ ਸੱਚਾ ਮੁਸਲਮਾਨ ਹੈ।

ਗੁਰੂ ਬਾਬੇ ਨੇ ਮਰਦਾਨੇ ਨੂੰ ਸ਼ੁਰੂ ਵਿੱਚ ਹੀ ਤਿੰਨ ਗੱਲਾਂ ਕਰਨ ਲਈ ਸਮਝਾਈਆਂ ਸਨ। ਪਿਛਲੀ ਰਾਤੀਂ ਸਤਿਨਾਮ ਦਾ ਜਾਪ ਕਰਨਾ, ਕੇਸ ਨਹੀਂ ਮੁੰਨਵਾਉਣੇ, ਆਏ ਗਏ ਲੋੜਵੰਦ ਦੀ ਮਦਦ ਕਰਨੀ।

ਜਦੋਂ ਤੱਕ ਉਹ ਬਾਬਾ ਜੀ ਨੂੰ ਨਹੀਂ ਮਿਲਿਆ ਸੱਚੇ ਸਾਦਿਕ ਵਾਂਗ ਆਪਣਾ ਨੇਮ ਕਰਮ ਕਰਦਾ ਸੀ। ਜਦੋਂ ਬਾਬਾ ਨਾਨਕ ਪਾਸ ਆ ਗਿਆ ਤਾਂ ਜੋ ਗੁਰੂ ਬਾਬੇ ਨੇ ਉਸ ਨੂੰ ਕਿਹਾ ਉਸਦੀ ਦਿ੍ਰੜਤਾ ਨਾਲ ਕਮਾਈ ਕੀਤੀ। ਸਾਖੀਕਾਰਾਂ ਮੁਤਾਬਕ ਉਹਨੂੰ ਪਾਹੁਲ ਪ੍ਰਾਪਤ ਸੀ। ਉਹ ਕੇਵਲ ‘ਪਾਹੁਲ ਪ੍ਰਾਪਤ’ ਗੁਰੂ ਨਾਨਕ ਦਾ ਸਿੱਖ ਹੀ ਨਹੀਂ ਸੀ, ਸਗੋਂ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਉਹ ਇਹੋ ਤਿੰਨੇ ਨੇਮ ਦਿ੍ਰੜ ਕਰਵਾਉਦੇ ਸੀ। ਭਾਈ ਗੁੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ ਜੋ ਭਾਈ ਮਨੀ ਸਿੰਘ ਜੀ ਦੀ ਗਿਆਨ ਰਤਨਾਵਲੀ ਵਿੱਚ ਕੀਤਾ _ ਉਸਦੀ ੪੭ ਨੰਬਰ ਪਉੜੀ ਇਸ ਤੱਥ ਦਾ ਪੁਸ਼ਟ ਪਰਿਮਾਣ ਹੈ ਕਿ ਜਦੋਂ ਭਾਈ ਮਰਦਾਨਾ ਜੀ ਨੇ ਭਾਈ ਨੀਰੂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਵਾਇਆ ਤਾਂ ਇਹੋ ਤਿੰਨ ਉਪਦੇਸ਼ ਉਸਨੂੰ ਦਿ੍ਰੜ ਕਰਵਾਏ ਜੋ ਉਸ ਨੂੰ ਬਾਬਾ ਨਾਨਕ ਨੇ ਦਿੱਤੇ ਸਨ।

ਇੱਥੇ ਇੱਕ ਗੱਲ ਤਾਂ ਸਪੱਸ਼ਟ ਹੈ, ਭਾਈ ਮਰਦਾਨੇ ਨੇ  ਗੁਰੂ ਪਾਤਸ਼ਾਹ ਦੀ ਸੰਗਤ ਸੱਚੇ ਦਿਲੋਂ ਕਬੂਲ ਕੀਤੀ ਸੀ। ਉਸਨੇ ਆਪਣਾ  ਸੁਖ ਆਰਾਮ ਤਿਆਗਿਆ, ਬਾਲ ਬੱਚੇ ਦੀ ਰੋਟੀ ਗੁਜ਼ਰਾਨ ਦੀ ਫ਼ਿਕਰ ਨਹੀਂ ਕੀਤੀ_

‘ਜਿਨ ਤਕਵਾ ਰਬ ਦਾ ਤਿਨਾ ਰਿਜਕ ਹਮੇਸ਼’ ਦੀ ਪੰਕਤੀ ਉੱਪਰ ਵਿਸ਼ਵਾਸ ਰੱਖਿਆ। ਉਹ ਜੰਗਲਾਂ, ਬੀਆਬਾਨ, ਰੇਗਿਸਤਾਨਾਂ ਤੇ ਮਾਰੂਥਲਾਂ ਵਿੱਚ ਘੰੁਮਦਾ ਰਿਹਾ, ਪਰ ਸਿਦਕ ਨਹੀਂ ਹਾਰਿਆ। ਉਹ ਬਾਬਾ ਨਾਨਕ ਦੇ ਬਚਨ ਕੇਵਲ ਸੁਣਦਾ ਹੀ ਨਹੀਂ ਸੀ। ਉਹਨਾਂ ਦੀ ਕਮਾਈ ਵੀ ਕਰਦਾ ਸੀ। ਬਾਬੇ ਨਾਨਕ ਦੀ ਸੰਗਤ ਨੇ ਉਸਨੂੰ ਇਹ ਪੱਕਾ ਵਿਸ਼ਵਾਸ ਕਰਵਾ ਰੱਖਿਆ ਸੀ :

ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ॥

ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ॥੨॥ (ਅੰਗ ੭੧੪)

ਇਸ ਲਈ ਉੁਸਦਾ ਨਿਰੰਕਾਰ ਵਿੱਚ ਪੂਰਣ ਭਰੋਸਾ ਸੀ। ਅੰਤ ਸਮੇਂ, ਜਦੋਂ ਬਾਬਾ ਨਾਨਕ ਨੇ ਉਸ ਕੋਲੋਂ ਉਸਦੀ ਇੱਛਾ ਪੁੱਛੀ ਤਾਂ ਉਸਦੇ ਉੱਤਰ ਸੱਚੇ ਸਿਦਕੀ ਜੀਊੜੇ ਵਾਲੇ ਹੀ ਸਨ। ਉਹ ਭਟਕਣਾ ਮੁਕਤ ਹੋ ਚੁੱਕਾ ਸੀ। ਭਾਈ ਮਰਦਾਨਾ ਤਅੱਸਬੀ ਨਹੀਂ ਸੀ। ਉਸਨੇ ਜਦੋਂ ਦਾ ਬਾਬੇ ਨਾਨਕ ਦਾ ਲੜ ਫੜਿਆ ਫ਼ਿਰ ਕਦੀ ਆਪਣੇ ਦੀਨ ਬਾਰੇ ਨਹੀਂ ਸੋਚਿਆ। ਨਮਾਜ਼ਾਂ ਦੇ ਵੇਲੇ ਵੀ ਆਉਦੇ ਰਹੇ ਤੇ ਰੋਜ਼ੇ ਵੀ, ਪਰ ਸਿਦਕਵਾਨ ਮਰਦਾਨਾ ਤਨੋਂ ਮਨੋਂ ਬਾਬਾ ਨਾਨਕ ਦਾ ਹੋ ਚੁੱਕਿਆ ਸੀ। ਉਸਨੂੰ ਜਦੋਂ ਬਾਬਾ ਨਾਨਕ ਨੇ ਅਵਾਜ਼ ਮਾਰੀ_ ਮਰਦਾਨਿਆ ਰਬਾਬ ਸੰਭਾਲ। ਉਹ ਫੌਰਨ ਉੱਠ ਬੈਠਾ ਤੇ ਰਬਾਬ ਸੰਭਾਲ ਲਈ। ਬਾਬਾ ਜੀ ਦੇ ਕੀਰਤਨ ਨੂੰ ਉਹਨਾਂ ਦੇ ਨਾਲ ਮਿਲਕੇ ਗਾਇਨ ਕਰਨ ਲੱਗਾ। ਸਾਖੀਕਾਰਾਂ ਦੇ ਅਨੁਸਾਰ ਜਦੋਂ ਨੂਰਸ਼ਾਹ ਨੇ ਅਸਾਮ ਦੇਸ ਵਿੱਚ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਤਾਂ ਮਰਦਾਨਾ  ਘਬਰਾਇਆ ਨਹੀਂ। ਜਾਣਦਾ ਸੀ ਗੁਰੂ ਬਾਬਾ ਉਸ ਤੇ ਮੇਹਰ ਕਰਨਗੇ ਤੇ ਉਹ ਫ਼ਿਰ ਬੰਦੇ ਦੀ ਸ਼ਕਲ ਵਿੱਚ ਆ ਜਾਏਗਾ। ਮਰਦਾਨੇ ਦੇ ਸੁਭਾਉ ਵਿੱਚ ਕਾਹਲ ਨਹੀਂ ਸੀ। ਉਹ ਹਾਲਤ ਵਸ ਧੀਰਜ ਨਾਲ ਹਰ ਮੁਆਮਲੇ ਨੂੰ ਨਜਿੱਠਦਾ। ਭੇਡੂ ਬਣਿਆ ਮਰਦਾਨਾ ਬਾਬਾ ਨਾਨਕ ਨੂੰ ਉਡੀਕ ਰਿਹਾ ਸੀ ਕਿ ਕਦੋਂ ਉਹ ਆਣ ਕੇ ਉਸਨੂੰ ਫ਼ਿਰ ਮਨੱੁਖੀ  ਜਾਮਾ ਬਖਸ਼ਣਗੇ। ਉਸ ਨੂੰ ਪੂਰਨ ਭਰੋਸਾ ਹੈ ਕਿ ਗੁਰੂ ਸਾਹਿਬ ਉਸਦੀ ਮਦਦ ਲਈ ਆਉਣਗੇ। ਭਾਈ ਮਰਦਾਨਾ ਜੀਵਨ ਵਿੱਚ ਇੱਕ ਵਾਰੀ ਨਹੀਂ, ਅਨੇਕ ਵਾਰ ਸੰਕਟ_ਗ੍ਰਸਤ ਹੁੰਦਾ ਹੈ, ਪਰ ਸਿਦਕ ਨਹੀਂ ਹਾਰਦਾ। ਸੱਚੇ ਸਾਦਿਕ ਵਾਂਹ ਉਡੀਕ ਕਰਦਾ ਹੈ ਤੇ ਸੰਕਟ ਤੋਂ ਉਬਰ ਜਾਂਦਾ ਹੈ।

_ਡਾ. ਮਹਿੰਦਰ ਕੌਰ ਗਿੱਲ

Read News Paper

Related articles

spot_img

Recent articles

spot_img