ਅੰਮਿ੍ਤਸਰ ਦੇ ਇਤਿਹਾਸਿਕ ਖਾਲਸਾ ਕਾਲਜ ਦੀ ਇਮਾਰਤ ਨੂੰ ਜਿਹੜੀ ਵੀ ਨਜ਼ਰ ਵੇਖਦੀ ਹੈ, ਬੱਸ ਵੇਖਦੀ ਹੀ ਰਹਿ ਜਾਂਦੀ ਹੈ। ਗੁਰੂ ਕੀ ਨਗਰੀ ਵਿੱਚ ਆਉਂਦੇ ਵਿਦੇਸ਼ੀ ਸੈਲਾਨੀ ਅਤੇ ਆਗੂ ਵੀ ਇਸ ਇਮਾਰਤ ਦੀ ਬਣਤਰ ਅਤੇ ਉਸ ਦੇ ਢਾਂਚੇ ਨੂੰ ਵੇਖ ਕੇ ਅਸ਼ ਅਸ਼ ਕਰ ਉੱਠਦੇ ਹਨ। ਸਮੂਹ ਪੰਜਾਬੀਆਂ ਲਈ ਅਤੇ ਖਾਸ ਕਰ ਸਿੱਖ ਕੌਮ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਇਸ ਇਮਾਰਤ ਦਾ ਨਕਸ਼ਾ ਤਿਆਰ ਕਰਨ ਵਾਲੇ ਆਰਕੀਟੈਕਟ ਭਾਵ ਇਮਾਰਤਸਾਜ਼ ਭਾਈ ਰਾਮ ਸਿੰਘ ਇੱਕ ਅਜਿਹੀ ਸ਼ਖਸੀਅਤ ਸਨ ਜਿਨਾਂ ਨੇ ਉਸ ਵੇਲੇ ਸਮੁੱਚੀ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਬਣਾਈ, ਜਦੋਂ ਇਸ ਇਮਾਰਤਸਾਜ਼ੀ ਅਤੇ ਭਵਨ ਨਿਰਮਾਣ ਕਲਾ ਦੀ ਗੱਲ ਹਾਲੇ ਹੋਣੀ ਸ਼ੁਰੂ ਹੀ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਇਮਾਰਤਸਾਜ਼ੀ ਦੀ ਕਲਾ ਦਾ ਦਾਇਰਾ ਸਿਰਫ ਵਿਦੇਸ਼ੀਆਂ ਤੱਕ ਹੀ ਸੀਮਤ ਸੀ ਅਤੇ ਭਾਰਤੀਆਂ ਦਾ ਇਸ ਖੇਤਰ ਵਿੱਚ ਨਾਂਅ ਵਿਰਲਾ ਟਾਵਾਂ ਹੀ ਸੁਣਿਆ ਜਾਂਦਾ ਸੀ। ਭਾਈ ਰਾਮ ਸਿੰਘ ਨੇ ਇਸ ਤੋਂ ਇਲਾਵਾ ਕਈ ਹੋਰ ਪ੍ਰ੍ਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਜੋ ਸਾਰੀਆਂ ਹੀ ਅੱਗੇ ਜਾ ਕੇ ਵਿਰਾਸਤੀ ਇਮਾਰਤਾਂ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ। ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੀ ਮਾਰਬਲ ਡਿਜ਼ਾਈਨਿੰਗ ਅਤੇ ਵੁੱਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਈਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜੀ ਅੰਮਿ੍ਰਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ਼ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ-ਨਾਲ ਲਾਜਵਾਬ ਇੰਟੀਰੀਅਰ ਡਿਜ਼ਾਈਨਿੰਗ ਭਾਵ ਅੰਦਰੂਨੀ ਨਿਰਮਾਣ ਕਲਾ ਦਾ ਕੰਮ ਵੀ ਬਾਖੂਬੀ ਕੀਤਾ ਜਿਸ ਦੀ ਅੱਜ ਤੱਕ ਚਰਚਾ ਹੁੰਦੀ ਹੈ।
ਭਾਈ ਰਾਮ ਸਿੰਘ ਦਾ ਜਨਮ ਬਟਾਲਾ, ਜ਼ਿਲਾ ਗੁਰਦਾਸਪੁਰ ਦੇ ਨੇੜੇ ਇੱਕ ਪਿੰਡ ਰਸੂਲਪੁਰ ਵਿਖੇ ਇੱਕ ਰਾਮਗੜੀਆ ਪਰਿਵਾਰ ਵਿੱਚ ਹੋਇਆ। ਉਨਾਂ ਦੇ ਪਿਤਾ ਆਸਾ ਸਿੰਘ ਕੋਲ ਪਿੰਡ ਵਿੱਚ ਕੁਝ ਜ਼ਮੀਨ ਸੀ, ਪਰ ਆਰਥਿਕ ਤੰਗੀ ਕਾਰਨ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਉਹ ਅੰਮਿ੍ਰਤਸਰ ਚਲੇ ਗਏ। ਭਾਈ ਰਾਮ ਸਿੰਘ ਨੇ ਅੰਮਿ੍ਰਤਸਰ ਦੇ ਮਿਸ਼ਨ ਸਕੂਲ ਵਿੱਚੋਂ 10ਵੀਂ ਤੱਕ ਦੀ ਪੜਾਈ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਤਰਖਾਣਾ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਉਨੀਂ ਦਿਨੀਂ ਲਾਹੌਰ ਆਰਟ ਸਕੂਲ ਦਾ ਇੱਕ ਗੋਰਾ ਅਧਿਆਪਕ ਇਅਨ ਹਾਰਵੇ, ਅੰਮਿ੍ਰਤਸਰ ਆਉਂਦਾ-ਜਾਂਦਾ ਰਹਿੰਦਾ ਸੀ। ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਨੂੰ ਬੱਚੇ ਦੀ ਤੀਖਣ ਬੁੱਧੀ ਦੀ ਦੱਸ ਪਾਈ। ਜਨਵਰੀ 1874 ਵਿਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਓਥੇ ਦੇ ਆਰਟ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਅਣਵੰਡੇ ਪੰਜਾਬ ਦੇ ਸਮੇਂ ਮਸਹੂਰ ਨੋਬਲ ਪੁਰਸਕਾਰ ਜੇਤੂ ਰੁਡਯਾਰਡ ਕਿਪਲਿੰਗ ਦੇ ਪਿਤਾ ਜੌਹਨ ਲੌਕਵੁੱਡ ਕਿਪਲਿੰਗ ਦੇ ਲਾਹੌਰ ਵਿੱਚ ਮੇਓ ਸਕੂਲ ਸਥਾਪਤ ਕਰਨ ਲਈ ਪਹੁੰਚੇ ਅਤੇ ਅੱਗੇ ਜਾ ਕੇ ਭਾਈ ਰਾਮ ਸਿੰਘ ਦਾ ਨਾਤਾ ਵੀ ਮੇਓ ਸਕੂਲ ਨਾਲ ਵੀ ਜੁੜਿਆ। ਰਾਮ ਸਿੰਘ ਸ਼ੁਰੂ ਤੋਂ ਹੀ ਇੱਕ ਤੇਜ਼ ਸਿੱਖਣ ਸਮਰੱਥਾ ਵਾਲੇ ਇਨਸਾਨ ਸਨ ਅਤੇ ਇਸੇ ਕਾਬਲੀਅਤ ਸਦਕਾ ਉਨਾਂ ਨੇ ਥੋੜੇ ਸਮੇਂ ਵਿੱਚ ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਬਾਕੀ ਵਿਦਿਆਰਥੀਆਂ ਤੋਂ ਪਹਿਲਾਂ ਸਿੱਖ ਲਈਆਂ ਸਨ। ਰਾਮ ਸਿੰਘ, ਪਹਿਲਾਂ ਹੀ ਇੱਕ ਨਿਪੁੰਨ ਅਤੇ ਮੰਨੇ-ਪ੍ਰਮੰਨੇ ਸ਼ਿਲਪਕਾਰ ਦੇ ਗੁਣਾਂ ਨਾਲ ਲਬਰੇਜ਼ ਸਨ ਅਤੇ ਹੌਲੀ ਹੌਲੀ ਉਨਾਂ ਆਪਣੀ ਬੌਧਿਕ ਸਮਰੱਥਾ ਨੂੰ ਹੋਰ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਹੋਰ ਕਲਾਵਾਂ ਅਤੇ ਆਰਕੀਟੈਕਚਰ ਦੀ ਡੂੰਘੀ ਸਮਝ ਪ੍ਰਾਪਤ ਕਰਨ ਲਈ ਆਪਣੀ ਸ਼ਿਲਪਕਾਰੀ-ਸਿਖਲਾਈ ਨੂੰ ਅੱਗੇ ਵਧਾਇਆ। ਆਪਣੇ ਵਿਦਿਆਰਥੀ ਦਿਨਾਂ ਤੋਂ, ਉਨਾਂ ਨੂੰ ਵਿਹਾਰਕ ਕੰਮ ਵਿੱਚ ਹਿੱਸਾ ਲੈਣ ਅਤੇ ਡਿਜ਼ਾਈਨ ਦੇ ਸਿਧਾਂਤਕ ਅਧਾਰ ਦਾ ਅਧਿਐਨ ਕਰਨ ਦੇ ਮੌਕੇ ਮਿਲੇ। ਇਸੇ ਦਾ ਸਿੱਟਾ ਸੀ ਕਿ ਪਹਿਲੀ ਸਾਲਾਨਾ ਸਕੂਲ ਰਿਪੋਰਟ ਵਿੱਚ ਮੇਓ ਸਕੂਲ ਦੇ ਪਿ੍ਰੰ: ਕਿਪਲਿੰਗ ਨੇ ਲਿਖਿਆ ਸੀ ਕਿ ਕਾਰਪੈਂਟਰੀ ਸਕੂਲ ਦਾ ਰਾਮ ਸਿੰਘ ਉੱਚੀਆਂ ਮੰਜ਼ਿਲਾਂ ਛੂਹੇਗਾ ਅਤੇ ਮਹਿਜ਼ ਕਾਰਪੈਂਟਰ ਨਹੀਂ ਰਹੇਗਾ, ਸਗੋਂ ਇਮਾਰਤਸਾਜ਼ ਬਣੇਗਾ। ਅੱਗੇ ਜਾ ਕੇ ਇਹੀ ਗੱਲ ਸੌ ਫੀਸਦ ਸਹੀ ਸਾਬਤ ਹੋਈ।
ਭਾਈ ਰਾਮ ਸਿੰਘ ਕੁੱਲ 6 ਸਾਲ ਤੱਕ ਕਿਪਲਿੰਗ ਦੀ ਨਿਗਰਾਨੀ ਹੇਠ ਰਹੇ ਅਤੇ ਸੰਨ 1881 ਵਿੱਚ ਉਨਾਂ ਨੂੰ ਇੱਕ ਮਹੱਤਵਪੂਰਨ ਆਰਕੀਟੈਕਚਰਲ ਪ੍ਰੋਜੈਕਟ ਲਾਹੌਰ ਵਿਖੇ ਮੇਓ ਸਕੂਲ ਆਫ ਆਰਟਸ ਦੀ ਇਮਾਰਤ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ। 1882-83 ਵਿੱਚ ਉਨਾਂ ਦੁਆਰਾ ਡਿਜ਼ਾਇਨ ਕੀਤੀ ਗਈ ਸਕੂਲ ਆਫ ਆਰਟਸ ਦੀ ਇਮਾਰਤ ਇੱਕ ਇੱਟ ਨਾਲ ਬਣੀ, ਸ਼ਾਨਦਾਰ ਬਣਤਰ ਹੈ। ਲੇ ਕੋਰਬੁਜੀਅਰ ਦੇ ਚਚੇਰੇ ਭਰਾ ਪਿਏਰ ਜੀਨੇਰੇਟ ਦੀ ਚੰਡੀਗੜ ਵਿੱਚ ਵੱਡੇ ਪੱਧਰ ’ਤੇ ਬਿਨਾਂ ਪਲਾਸਟਰਡ ਇੱਟ-ਵਰਕ ਦੀ ਵਰਤੋਂ ਕਰਨ ਲਈ ਪ੍ਰਸ਼ੰਸਾ ਤਾਂ ਆਮ ਹੀ ਕੀਤੀ ਜਾਂਦੀ ਹੈ, ਪਰ ਇਹ ਗੱਲ ਵੀ ਓਨੀ ਹੀ ਅਹਿਮ ਹੈ ਕਿ ਰਾਮ ਸਿੰਘ ਦੁਆਰਾ ਸੱਤ ਦਹਾਕੇ ਪਹਿਲਾਂ ਵਿਕਸਤ ਅਤੇ ਪ੍ਰਸਿੱਧ ਕੀਤੀ ਗਈ ਏਸ ਕਲਾ ਦੀ ਵੀ ਮਹਾਨ ਮਹੱਤਤਾ ਹੈ। ਭਾਈ ਰਾਮ ਸਿੰਘ ਦੇ ਸ਼ਾਹੀ ਕਮਿਸ਼ਨਾਂ ਵਿੱਚੋਂ ਸਭ ਤੋਂ ਪਹਿਲਾਂ ਸਰੀ, ਇੰਗਲੈਂਡ ਦੇ ਬੈਗਸੌਟ ਪਾਰਕ ਵਿੱਚ ਡਿਊਕ ਆਫ ਕਨਾਟ ਲਈ ਬਿਲੀਅਰਡ ਰੂਮ ਦਾ ਅੰਦਰੂਨੀ ਡਿਜ਼ਾਈਨ ਸੀ। ਇਸ ਪ੍ਰੋਜੈਕਟ ਦੀ ਕਲਪਨਾ ‘ਪਿਛਲੀ ਸਦੀ ਦੀ ਪੰਜਾਬ ਦੀ ਲੱਕੜ ਦੀ ਸਜਾਵਟ ਦੀ ਸ਼ੈਲੀ ਵਿੱਚ ਉੱਕਰੀ ਹੋਈ ਲੱਕੜ ਦੇ ਇੱਕ ਵਿਸਤਿ੍ਰਤ ਪ੍ਰਬੰਧ’ ਦੇ ਰੂਪ ਵਿੱਚ ਕੀਤੀ ਗਈ ਸੀ, ਜਿਸ ਨਾਲ ਕੰਧਾਂ ਨੂੰ ਗੁੰਝਲਦਾਰ ਢੰਗ ਨਾਲ ਉੱਕਰੀ ਹੋਈ ਲੱਕੜ ਦੇ ਪੈਨਲਾਂ ਦੀ ਛੱਤ ਨਾਲ ਲਾਈਨਿੰਗ ਕੀਤੀ ਗਈ ਸੀ। ਭਾਈ ਰਾਮ ਸਿੰਘ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਮਹਾਰਾਣੀ ਵਿਕਟੋਰੀਆ ਨੇ ਰਾਮ ਸਿੰਘ ਨੂੰ ਆਇਲ ਆਫ ਵਾਈਟ ’ਤੇ ਓਸਬੋਰਨ ਹਾਊਸ ਡਿਜ਼ਾਇਨ ਕਰਨ ਦਾ ਕੰਮ ਸੌਂਪਿਆ ਸੀ। ਭਾਈ ਰਾਮ ਸਿੰਘ ਨੇ ਨਵੇਂ ਅਸਾਈਨਮੈਂਟ ’ਤੇ ਦਿਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਵੰਬਰ 1890 ਤੱਕ, ਇੰਟੀਰੀਅਰ ਡਿਜ਼ਾਈਨ ਸਕੀਮ ਰਾਣੀ ਨੂੰ ਸੌਂਪ ਦਿੱਤੀ ਸੀ।
ਸਮੁੱਚੇ ਜੀਵਨ ਕਾਲ ਦੌਰਾਨ ਉਨਾਂ ਨੂੰ ਕਈ ਵੱਡੇ ਅਤੇ ਮਾਣਮੱਤੇ ਸਨਮਾਨ ਹਾਸਲ ਹੋਏ। ਓਸਬੋਰਨ ਹਾਊਸ ਦੇ ਕੰਮ ਨੇ ਭਾਈ ਰਾਮ ਸਿੰਘ ਲਈ ਏਨਾ ਨਾਮਣਾ ਖੱਟਿਆ ਕਿ ਬਿ੍ਰਟਿਸ਼ ਪ੍ਰੈੱਸ ਨੇ ਉਨਾਂ ਨੂੰ ‘ਆਰਟ ਦੇ ਪ੍ਰੋਫੈਸਰ’ ਅਤੇ ਅੰਗਰੇਜ਼ੀ ਕਲਾਕਾਰਾਂ ਲਈ ‘ਇੱਕ ਜ਼ਬਰਦਸਤ ਵਿਰੋਧੀ’ ਵਜੋਂ ਦਰਸਾਇਆ। ਮਹਿਜ਼ 34 ਸਾਲ ਦੀ ਉਮਰ ਵਿੱਚ, ਉਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਮਿਲਿਆ ਜਦੋਂ ਮਹਾਰਾਣੀ ਵਿਕਟੋਰੀਆ ਨੇ 1891 ਵਿੱਚ ਕਿ੍ਰਸਮਿਸ ਦੇ ਤੋਹਫੇ ਵਜੋਂ ਆਪਣਾ ਦਸਤਖਤ ਕੀਤਾ ਪੋਰਟਰੇਟ ਅਤੇ ਇੱਕ ਸੋਨੇ ਦਾ ਪੈਨਸਿਲ-ਕੇਸ ਦਿੱਤਾ। ਮਹਾਰਾਣੀ ਨੇ ਆਪਣੇ ਦਰਬਾਰੀ ਕਲਾਕਾਰ, ਰੁਡੋਲਫ ਸਵੋਬੋਡਾ ਨੂੰ ਰਾਮ ਸਿੰਘ ਦੀ ਤਸਵੀਰ ਪੇਂਟ ਕਰਨ ਲਈ ਵੀ ਨਿਯੁਕਤ ਕੀਤਾ, ਜੋ ਹੁਣ ਓਸਬੋਰਨ ਹਾਊਸ ਵਿਖੇ ਦਰਬਾਰ ਕਮਰੇ ਦੇ ਪ੍ਰਵੇਸ਼ ਦੁਆਰ ’ਤੇ ਨਜ਼ਰ ਆਉਂਦੀ ਹੈ। ਇੰਡੀਅਨ ਆਰਟ ਦੇ ਉਤਸ਼ਾਹ ਅਤੇ ਸੰਭਾਲ ਲਈ ਸੁਸਾਇਟੀ ਵੱਲੋਂ ਉਨਾਂ ਨੂੰ ਐਮਵੀਓ (ਵਿਕਟੋਰੀਅਨ ਆਰਡਰ ਦੇ ਮੈਂਬਰ) ਦਾ ਵੱਕਾਰੀ ਖਿਤਾਬ ਵੀ ਮਿਲਿਆ ਜਿਸ ਸਦਕਾ ਉਨਾਂ ਦੇ ਨਾਂਅ ਦੇ ਨਾਲ ਐਮਵੀਓ ਦਾ ਸਿਰਲੇਖ ਵੀ ਜੁੜਿਆ। ਇਸ ਦੌਰਾਨ, ਲਾਹੌਰ ਵਿੱਚ, ਕਿਪਲਿੰਗ ਬੜੇ ਮਾਣ ਨਾਲ ਰਾਮ ਸਿੰਘ ਨੂੰ ‘ਸਾਡਾ ਸਭ ਤੋਂ ਨਿਪੁੰਨ ਆਰਕੀਟੈਕਟ’ ਦੱਸਦਿਆਂ ਸਥਾਨਕ ਲੋਕਾਂ ਨਾਲ ਜਾਣ-ਪਛਾਣ ਕਰਾਇਆ ਕਰਦੇ ਸਨ।
ਖਾਲਸਾ ਕਾਲਜ ਦਾ ਡਿਜ਼ਾਈਨ ਭਾਈ ਰਾਮ ਸਿੰਘ ਦੇ ਜੀਵਨ ਦਾ ਸਿਖਰ ਸਾਬਤ ਹੋਇਆ। ਇਸ ਪ੍ਰੋਜੈਕਟ ਦੇ ਜ਼ਰੀਏ, ਉਹ ਨਵੀਂ ਬਣਤਰ ਦੀ ਖੋਜ ਕਰਨ ਦੇ ਯੋਗ ਵੀ ਹੋਏ ਜਿਸ ਦਾ ਉਸ ਨੇ ਆਪਣੇ ਬਾਅਦ ਦੀਆਂ ਰਚਨਾਵਾਂ, ਜਿਵੇਂ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਹਾਲ, ਲਾਹੌਰ (1905) ਅਤੇ ਇਸਲਾਮੀਆ ਕਾਲਜ, ਪੇਸ਼ਾਵਰ (1912-13) ਵਿੱਚ ਵੀ ਲਾਭ ਲਿਆ। ਇਹ ਵੀ ਜਾਣਕਾਰੀ ਮਿਲਦੀ ਹੈ ਕਿ ਇੱਕ ਵਾਰ ਗਵਰਨਰ ਪੰਜਾਬ ਨੇ ਭਾਈ ਰਾਮ ਸਿੰਘ ਨੂੰ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ ਲਈ ਕਿਹਾ ਜਿਸ ਉਪਰੰਤ ਭਾਈ ਰਾਮ ਸਿੰਘ ਨੇ ‘ਤਖ਼ਤ-ਏ-ਤਾਊਸ’ ਤਿਆਰ ਕੀਤਾ ਜਿਸ ਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਮਹਾਰਾਣੀ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ, ਪਰ ਉੱਥੇ ਕੋਈ ਵੀ ਮਾਹਿਰ ਇਨਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖ਼ੀਰ ਭਾਈ ਰਾਮ ਸਿੰਘ ਖ਼ੁਦ ਇੰਗਲੈਂਡ ਜਾ ਕੇ ‘ਤਖ਼ਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿੱਚ ਜੋੜ ਕੇ ਆਏ ਸਨ।
ਸਾਲ 1916 ’ਚ ਰਿਟਾਇਰਮੈਂਟ ਤੋਂ ਤਿੰਨ ਸਾਲ ਬਾਅਦ 58 ਸਾਲ ਦੀ ਉਮਰ ਵਿੱਚ ਭਾਈ ਰਾਮ ਸਿੰਘ ਦਾ ਆਪਣੀ ਧੀ ਦੇ ਘਰ ਦਿੱਲੀ ਵਿੱਚ ਦੇਹਾਂਤ ਹੋਇਆ। ਉਨਾਂ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨਾਂ ਦੁਆਰਾ ਤਿਆਰ ਇਮਾਰਤਾਂ ਅੱਜ ਵੀ ਅਡੋਲ ਖੜੀਆਂ ਹਨ। ਭਾਈ ਰਾਮ ਸਿੰਘ ਦੀ ਵਿੱਲਖਣ ਪ੍ਰਤਿਭਾ ਅਤੇ ਉਤਸ਼ਾਹੀ ਭਾਵਨਾ ਨੇ ਲਾਹੌਰ ਦੇ ਇੱਟ ਨਿਰਮਾਤਾਵਾਂ ਨੂੰ ਨਵੇਂ ਆਕਾਰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਨੇ ਲੱਕੜ ਦੀ ਨੱਕਾਸ਼ੀ ਦੀ ਕਲਾ ਵਿੱਚ ਆਪਣੀ ਬੇਮਿਸਾਲ ਮੁਹਾਰਤ ਨੂੰ ਇੱਟਾਂ ਦੇ ਕੰਮ ਵਿੱਚ ਤਬਦੀਲ ਕਰ ਦਿੱਤਾ ਜਿਸ ਵਿੱਚ ਲੱਕੜ ਦੀ ਉੱਕਰੀ ਹੋਈ ਬਣਤਰ ਅਤੇ ਇਸ ਦੀਆਂ ਸੁਚੱਜੀ ਤਾਲਾਂ ਨੂੰ ਅਮਲ ਅਤੇ ਪ੍ਰਗਟਾਵੇ ਦੀ ਖੁਸ਼ੀ ਨਾਲ ਮੇਲਿਆ। ਇਸੇ ਕਰਕੇ ਭਾਈ ਰਾਮ ਸਿੰਘ ਨੂੰ ਬਿ੍ਰਟਿਸ਼ ਰਾਜ ਦਾ ਸਭ ਤੋਂ ਮਹਾਨ ਭਾਰਤੀ ਆਰਕੀਟੈਕਟ ਅਤੇ ਸਿੱਖ ਆਰਕੀਟੈਕਚਰ ਦਾ ਬੇਮਿਸਾਲ ਮਾਹਿਰ ਮੰਨਿਆ ਜਾਂਦਾ ਹੈ।
-ਸੁਦੀਪ ਸਿੰਘ ਢਿੱਲੋਂ