-0.4 C
New York

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾਉਣ ਦੀ ਲਾਸਾਨੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ ਜੀ

Published:

Rate this post

ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹਾਂ ਕਿ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਲਾਮਿਸਾਲ ਗਾਥਾ ਹੈ ਜਿਸ ਵਰਗੀ ਹੋਰ ਕੋਈ ਮਿਸਾਲ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ। ਨਾਲ ਦੀ ਨਾਲ, ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੇ ਹਾਲਾਤ ਅਤੇ ਪਹਿਲੂ ਵੀ ਅਜਿਹੇ ਹਨ ਕਿ ਹਰੇਕ ਸ਼ਹਾਦਤ ਆਪਣੇ ਆਪ ਵਿੱਚ ਇੱਕ ਲਾਸਾਨੀ ਸ਼ਹਾਦਤ ਬਣੀ। ਜਬਰ ਅਤੇ ਜ਼ੁਲਮ ਦੇ ਅੱਗੇ ਡਟ ਕੇ ਖੜ੍ਹ ਜਾਣਾ ਅਤੇ ਆਪਣੀ ਜਾਨ ਨਿਛਾਵਰ ਕਰ ਦੇਣਾ ਇਹ ਸਿੱਖ ਇਤਿਹਾਸ ਦਾ ਇੱਕ ਵਿਲੱਖਣ ਅੰਗ ਬਣਿਆ। ਸ਼ਹਾਦਤਾਂ ਦੇ ਇਸੇ ਇਤਿਹਾਸ ਦੇ ਇੱਕ ਬਹੁਤ ਪ੍ਰਮੁੱਖ ਸ਼ਹੀਦ ਵਜੋਂ ਸਤਿਕਾਰਤ ਹਨ ਭਾਈ ਤਾਰੂ ਸਿੰਘ ਜੀ। ਸਿੱਖ ਇਤਿਹਾਸ ’ਚ ਸ਼ਹੀਦੀ ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਹੁੰਦਾ ਹੈ। ਇਸ ਸ਼ਹੀਦੀ ਪ੍ਰੰਪਰਾ ’ਚ ਯੋਗਦਾਨ ਪਾਉਣ ਵਾਲੇ ਸਿੰਘਾਂ-ਸਿੰਘਣੀਆਂ ’ਚੋਂ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ।
ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈਸਵੀ ਵਿੱਚ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਪਿੰਡ, ਤਹਿਸੀਲ ਕਸੂਰ, ਜ਼ਿਲਾ ਲਾਹੌਰ ਵਿੱਚ ਪੈਂਦਾ ਸੀ ਜੋ ਦੇਸ਼ ਦੀ ਵੰਡ ਤੋਂ ਬਾਅਦ ਜ਼ਿਲ੍ਹਾ ਅੰਮਿ੍ਰਤਸਰ ਵਿੱਚ ਆ ਗਿਆ ਅਤੇ ਅੱਜ ਕੱਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦਾ ਹੈ। ਭਾਈ ਤਾਰੂ ਸਿੰਘ ਜੀ ਦਾ ਜੀਵਨ ਸ਼ੁਰੂ ਤੋਂ ਹੀ ਬ੍ਰਹਮ ਗਿਆਨੀਆਂ ਵਾਲਾ ਜੀਵਨ ਸੀ। ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਨੇ ਭਾਈ ਸਾਹਿਬ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਅਜਿਹੀ ਗੁੜ੍ਹਤੀ ਦਿੱਤੀ ਸੀ ਕਿ ਸਿੱਖੀ ਤਾਂ ਭਾਈ ਤਾਰੂ ਸਿੰਘ ਜੀ ਦੇ ਰੋਮ ਰੋਮ ਵਿੱਚ ਵਸੀ ਹੋਈ ਸੀ ਅਤੇ ਗੁਰੂ ਘਰ ਪ੍ਰਤੀ ਉਨ੍ਹਾਂ ਅੰਦਰ ਅਟੁੱਟ ਸ਼ਰਧਾ ਅਤੇ ਸਤਿਕਾਰ ਬਾਲ ਅਵਸਥਾ ਦੇ ਦਿਨਾਂ ਤੋਂ ਹੀ ਬਣਿਆ ਹੋਇਆ ਸੀ। ਬਚਪਨ ਵਿੱਚ ਮਿਲੀ ਇਸੇ ਗੁਰਸਿੱਖੀ ਦੀ ਗੁੜ੍ਹਤੀ ਬਦੌਲਤ ਭਾਈ ਤਾਰੂ ਸਿੰਘ ਆਪਣੇ ਖੇਤਾਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰਦੇ, ਨਾਮ ਵੀ ਜਪਦੇ ਅਤੇ ਆਪਣੀ ਆਮਦਨੀ ਵਿੱਚੋਂ ਲੋੜਵੰਦਾਂ ਦੀ ਮਦਦ ਵੀ ਕਰਦੇ ਭਾਵ ਕਿ ਵੰਡ ਕੇ ਵੀ ਛਕਦੇ। ਇਹ ਸਾਰੇ ਸੰਕਲਪ ਉਨ੍ਹਾਂ ਦੀ ਜ਼ਿੰਦਗੀ ਦਾ ਨੇਮ ਬਣੇ ਹੋਏ ਸਨ।
ਇਹ ਉਹ ਸਮਾਂ ਸੀ ਜਦੋਂ ਮੁਗ਼ਲਾਂ ਨੇ ਸਿੱਖ ਧਰਮ ਦੀ ਹੋਂਦ ਮਿਟਾਉਣ ਦੀ ਬਦਨੀਅਤ ਨਾਲ ਅੱਤਿਆਚਾਰ ਦਾ ਸਿਲਸਿਲਾ ਆਰੰਭ ਕੀਤਾ ਹੋਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਵੇਲੇ ਤਾਂ ਜ਼ੁਲਮ ਦੀ ਇੰਤਹਾ ਹੋ ਗਈ ਸੀ। ਜਦੋਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਲੜਾਈ ਦੌਰਾਨ ਫੜ ਕੇ ਲਾਹੌਰ ਦਾ ਗਵਰਨਰ ਅਬਦੁਲ ਸਮੁੰਦ ਖ਼ਾਂ ਲਾਹੌਰ ਲੈ ਕੇ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਲਾਹੌਰ ਤੋਂ ਦਿੱਲੀ ਲਿਜਾਉਣ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਗਰ ਸਿੱਖਾਂ ਦੇ ਸੀਸਾਂ ਨਾਲ ਭਰੇ ਹੋਏ ਗੱਜੇ ਵੀ ਸਨ ਅਤੇ ਦੋ ਹਜ਼ਾਰ ਸਿੰਘਾਂ ਦੇ ਸੀਸ ਨੇਜ਼ਿਆਂ ਉੱਪਰ ਟੰਗੇ ਹੋਏ ਸਨ ਅਤੇ ਇਸ ਤਰ੍ਹਾਂ ਆਮ ਲੋਕਾਂ ਦੇ ਮਨਾਂ ਵਿੱਚ ਖੌਫ਼ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਉਪਰੰਤ 1734 ਈਸਵੀ ਵਿੱਚ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ। ਉਸ ਵੇਲੇ ਪੰਜਾਬ ਦੇ ਹੁਕਮਰਾਨ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਜ਼ੁਲਮ ਹੋਰ ਵਧਾ ਦਿੱਤੇ। ਜ਼ਕਰੀਆ ਖ਼ਾਨ ਨੇ ਹੁਕਮ ਦਿੱਤਾ ਕਿ ਉਸ ਨੂੰ ਕਿਸੇ ਪਾਸੇ ਕੋਈ ਸਿੱਖ ਨਹੀਂ ਦਿਸਣਾ ਚਾਹੀਦਾ। ਜ਼ਕਰੀਆ ਖ਼ਾਨ ਨੇ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਰੱਖ ਦਿੱਤੇ ਸਨ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਸਿੱਖਾਂ ਨੇ ਜੰਗਲਾਂ ਵਿੱਚ ਟਿਕਾਣੇ ਕਰ ਲਏ। ਜਦ ਕਦੇ ਵੀ ਮੌਕਾ ਲੱਗਦਾ ਤਾਂ ਉਹ ਆ ਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਆ ਕੇ ਮੱਥਾ ਟੇਕ ਜਾਂਦੇ, ਇਸ਼ਨਾਨ ਕਰ ਜਾਂਦੇ ਅਤੇ ਜੰਗਲਾਂ ਵਿੱਚੋਂ ਹੀ ਵਿਉਂਤ ਬਣਾ ਕੇ ਜ਼ਾਲਮ ਸਰਕਾਰ ਨਾਲ ਟੱਕਰ ਵੀ ਲੈ ਜਾਂਦੇ ਅਤੇ ਇਹ ਸਿਲਸਿਲਾ ਬੇਰੋਕ ਚੱਲ ਰਿਹਾ ਸੀ।
ਠੀਕ ਇਸੇ ਸਮੇਂ ਪੂਰਨ ਗੁਰਸਿੱਖ ਵਜੋਂ ਭਾਈ ਤਾਰੂ ਸਿੰਘ ਆਪਣੇ ਸਿਦਕ ਨੂੰ ਬਖੂਬੀ ਨਿਭਾਅ ਰਹੇ ਸਨ ਅਤੇ ਲੋੜਵੰਦਾਂ ਦੀ ਸੇਵਾ ਕਰ ਰਹੇ ਸਨ। ਲਾਹੌਰ ਤੋਂ ਪੱਟੀ ਨੂੰ ਜਾਣ ਵਾਲਾ ਰਾਹ ਇਨ੍ਹਾਂ ਦੇ ਪਿੰਡ ਪੂਹਲਾ ਦੇ ਦੱਖਣ ਵਾਲੇ ਪਾਸੇ ਤੋਂ ਲੰਘਦਾ ਸੀ। ਉਸ ਰਾਹ ਉੱਤੇ ਸਫਰ ਕਰਨ ਵਾਲੇ ਯਾਤਰੀ ਦੇਰ ਹੋ ਜਾਣ ਉੱਤੇ ਭਾਈ ਤਾਰੂ ਸਿੰਘ ਜੀ ਦੇ ਘਰ ਹੀ ਰੁਕਿਆ ਕਰਦੇ ਸਨ ਅਤੇ ਇਸ ਦਰਮਿਆਨ ਭਾਈ ਤਾਰੂ ਸਿੰਘ ਹਰੇਕ ਯਾਤਰੀ ਨੂੰ ਬਿਨਾਂ ਭੇਦਭਾਵ ਦੇ ਲੰਗਰ ਪਾਣੀ ਅਤੇ ਠਹਿਰ ਮੁਹੱਈਆ ਕਰਵਾਉਂਦੇ। ਭਾਈ ਤਾਰੂ ਸਿੰਘ ਜੀ ਦੇ ਨਾਲ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਦੀ ਭੈਣ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਸੋਭਾ ਵੀ ਹਰ ਪਾਸੇ ਹੋ ਰਹੀ ਸੀ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸੰਗਤ ਰੂਪੀ ਯਾਤਰੀਆਂ ਦੀ ਸੇਵਾ ਕਰਕੇ ਅਤਿਅੰਤ ਖੁਸ਼ੀ ਮਹਿਸੂਸ ਕਰਦਾ। ਇਸੇ ਕਰਕੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਵੱਲੋਂ ਭਾਈ ਤਾਰੂ ਸਿੰਘ ਜੀ ਨੂੰ ਪੂਰਨ ਗੁਰਸਿੱਖ ਵਜੋਂ ਸਤਿਕਾਰ ਵੀ ਦਿੱਤਾ ਜਾਂਦਾ। ਮਿਹਨਤਕਸ਼ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਭਾਈ ਤਾਰੂ ਸਿੰਘ ਜੀ ਨੇ ਜੰਗਲਾਂ ’ਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਵੀ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਦਰਮਿਆਨ, ਇੱਕ ਮੁਖ਼ਬਰ ਹਰਿਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਕਰ ਦਿੱਤੀ ਤਾਂ ਇਹ ਗੱਲ ਜ਼ਕਰੀਆ ਖ਼ਾਨ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ।
ਤਲਬ ਕੀਤੇ ਜਾਣ ਉਪਰੰਤ ਭਾਈ ਤਾਰੂ ਸਿੰਘ ਜੀ ਨੂੰ ਇਸ ਸੇਵਾ ਬਦਲੇ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲੈਣ ਅਤੇ ਇਸ ਬਦਲੇ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਅਤੇ ਸੁੱਖ-ਸਹੂਲਤਾਂ ਮਿਲਣਗੀਆਂ, ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਹੀਂ ਡੋਲੇ। ਉਨ੍ਹਾਂ ਆਪਣੇ ਗੁਰੂ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਤੋਂ ਬੇਮੁੱਖ ਹੋਣਾ ਹਰਗਿਜ਼ ਕਬੂਲ ਨਹੀਂ ਕੀਤਾ। ਭਾਈ ਤਾਰੂ ਸਿੰਘ ਵੱਲੋਂ ਇਨਕਾਰ ਕਰਨ ’ਤੇ ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਜਾਣ। ਭਾਈ ਤਾਰੂ ਸਿੰਘ ਨੇ ਦਿ੍ਰੜ ਇਰਾਦੇ ਨਾਲ ਕਿਹਾ ਕਿ ਇਹ ਕੇਸ ਉਨ੍ਹਾਂ ਦੇ ਗੁਰੂ ਦੀ ਮੋਹਰ ਹਨ, ਇਨ੍ਹਾਂ ਨੂੰ ਕਤਲ ਨਾ ਕੀਤਾ ਜਾਵੇ। ਇਸ ਤੋਂ ਬਾਅਦ, ਭਾਈ ਤਾਰੂ ਸਿੰਘ ਜੀ ਦੇ ਕਹਿਣ ਮੁਤਾਬਿਕ ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਉਨ੍ਹਾਂ ਦੀ ਖੋਪਰੀ ਉਤਾਰਨ ਦਾ ਹੁਕਮ ਦੇ ਦਿੱਤਾ। ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ, ਉਹ ਸਹਿਜ ਅਵਸਥਾ ਵਿੱਚ ਜਪੁਜੀ ਸਾਹਿਬ ਦਾ ਜਾਪ ਕਰ ਰਹੇ ਸਨ। ਰੱਬੀ ਭਾਣੇ ’ਚ ਲੀਨ ਭਾਈ ਤਾਰੂ ਸਿੰਘ ਜੀ ਦੇ ਮੂੰਹੋਂ ‘ਸੀ’ ਤੱਕ ਨਹੀਂ ਸੀ ਨਿੱਕਲੀ ਜਦਕਿ ਆਮ ਵੇਖਣ ਵਾਲੇ ਲਈ ਇਹ ਦਰਦ ਭਰੇ ਜ਼ੁਲਮ ਦੀ ਇੱਕ ਨਵੀਂ ਹੈਰਤ ਅੰਗੇਜ਼ ਹੱਦ ਸੀ।
ਸ਼ਹੀਦੀ ਉਪਰੰਤ ਵੀ ਭਾਈ ਤਾਰੂ ਸਿੰਘ ਜੀ ਦੀ ਦਿ੍ਰੜ ਸ਼ਕਤੀ ਨੇ ਜ਼ਕਰੀਆ ਖਾਨ ਦੇ ਹੰਕਾਰ ਨੂੰ ਮੂੰਹ ਤੋੜ ਜੁਆਬ ਦਿੱਤਾ। ਇਤਿਹਾਸਕ ਹਵਾਲਿਆਂ ਮੁਤਾਬਕ, ਖੋਪਰੀ ਉਤਾਰੇ ਜਾਣ ਤੋਂ ਬਾਅਦ ਭਾਈ ਤਾਰੂ ਜੀ ਦੀ ਦੇਹ ਨੂੰ ਸ਼ਹਿਰ ਤੋਂ ਬਾਹਰ ਇੱਕ ਰਸਤੇ ਵਿੱਚ ਕਾਵਾਂ ਅਤੇ ਗਿਰਝਾਂ ਦੇ ਖਾਣ ਲਈ ਸੁੱਟ ਦਿੱਤਾ ਗਿਆ। ਠੀਕ ਉਸੇ ਸਮੇਂ, ਜ਼ਕਰੀਆ ਖ਼ਾਨ ਦਾ ਪਿਸ਼ਾਬ ਬੰਦ ਹੋ ਗਿਆ। ਇੱਕ ਰਾਹਗੀਰ ਨੇ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਪਏ ਹੋਏ ਵੇਖਿਆ ਤਾਂ ਉਸ ਨੇ ਕਿਹਾ ਕਿ ਜ਼ਕਰੀਆ ਖ਼ਾਨ ਬੇਗੁਨਾਹਾਂ ’ਤੇ ਬੇਇੰਤਹਾ ਜ਼ੁਲਮ ਕਰਦਾ ਸੀ, ਉਸ ਨੂੰ ਰੱਬ ਨੇ ਇਹ ਸਜ਼ਾ ਦਿੱਤੀ ਹੈ ਕਿ ਉਸ ਦਾ ਪਿਸ਼ਾਬ ਬੰਦ ਹੋ ਗਿਆ ਹੈ। ਰਾਹਗੀਰ ਦੀ ਗੱਲ ਸੁਣ ਕੇ ਭਾਈ ਤਾਰੂ ਸਿੰਘ ਨੇ ਕਿਹਾ ਕਿ ‘ਮੇਰੀ ਜੁੱਤੀ ਲੈ ਜਾਓ, ਉਸ ਦੇ ਸਿਰ ਵਿੱਚ ਮਾਰੋ, ਉਸ ਦਾ ਪਿਸ਼ਾਬ ਖੁੱਲ੍ਹ ਜਾਵੇਗਾ।’ ਰਾਹਗੀਰ ਨੇ ਇਹ ਗੱਲ ਹੋਰਨਾਂ ਲੋਕਾਂ ਨੂੰ ਦੱਸੀ ਅਤੇ ਇਹ ਗੱਲ ਜ਼ਕਰੀਆ ਖ਼ਾਨ ਕੋਲ ਵੀ ਪਹੁੰਚ ਗਈ। ਬਿਮਾਰੀ ਨਾਲ ਤੜਫ ਰਹੇ ਜ਼ਕਰੀਆ ਖ਼ਾਨ ਨੇ ਇਸ ਤਰ੍ਹਾਂ ਕਰਨਾ ਵੀ ਕਬੂਲ ਲਿਆ। ਜਦੋਂ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਆ ਕੇ ਜ਼ਕਰੀਆ ਖ਼ਾਨ ਦੇ ਸਿਰ ਵਿੱਚ ਮਾਰੀ ਗਈ ਤਾਂ ਉਸ ਦਾ ਪਿਸ਼ਾਬ ਚਾਲੂ ਹੋ ਗਿਆ ਅਤੇ ਇਸ ਤਰ੍ਹਾਂ ਜੁੱਤੀਆਂ ਲੁਆ ਕੇ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਆਉਂਦਾ ਰਿਹਾ। ਬਿਮਾਰੀ ਨਾਲ 22 ਦਿਨ ਤੜਫਣ ਤੋਂ ਬਾਅਦ 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਭਾਈ ਤਾਰੂ ਸਿੰਘ ਜੀ ਵੀ ਖੋਪਰੀ ਲਾਹੇ ਜਾਣ ਤੋਂ ਬਾਅਦ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ।
ਭਾਈ ਤਾਰੂ ਸਿੰਘ ਜੀ ਦੀ ਇਹ ਲਾਸਾਨੀ ਸ਼ਹਾਦਤ ਸਿੱਖਾਂ ਲਈ ਇੱਕ ਚਾਨਣ ਮੁਨਾਰਾ ਹੈ। ਭਾਈ ਸਾਹਿਬ ਜੀ ਦੀ ਸ਼ਹਾਦਤ ਸਿੱਖ ਨੌਜਵਾਨ ਪਨੀਰੀ ਨੂੰ ਹਮੇਸ਼ਾਂ ‘ਕੇਸ ਗੁਰੂ ਦੀ ਮੋਹਰ’ ਦਾ ਫਲਸਫ਼ਾ ਯਾਦ ਕਰਾਉਂਦੀ ਹੈ। ਹਰ ਰੋਜ਼ ਅਰਦਾਸ ਵਿੱਚ ਜਦੋਂ ਸਿੱਖ ਕੌਮ ਵੱਲੋਂ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਮੰਗੀ ਜਾਂਦੀ ਹੈ ਅਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਸਿਦਕੀ ਯੋਧਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵੇਲੇ ਹਰੇਕ ਸਿੱਖ ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਆਪਣੇ ਮਨ ਮਸਤਕ ਵਿੱਚ ਜ਼ਰੂਰ ਲਿਆਉਂਦਾ ਹੈ ਅਤੇ ਲਿਆਉਂਦਾ ਰਹੇਗਾ। ਜਿਸ ਵੇਲੇ ਵੀ ਸਿੱਖੀ ਸਿਦਕ ਅਤੇ ਕੇਸਾਂ ਦੀ ਮਹੱਤਤਾ ਸਮਝਾਉਣ ਅਤੇ ਚੇਤੇ ਕਰਵਾਉਣ ਦੀ ਗੱਲ ਹੋਵੇਗੀ ਤਾਂ ਉਸ ਵੇਲੇ ਭਾਈ ਤਾਰੂ ਸਿੰਘ ਜੀ ਦੀ ਮਿਸਾਲ ਵੀ ਰਹਿੰਦੀ ਦੁਨੀਆਂ ਤੱਕ ਦਿੱਤੀ ਜਾਵੇਗੀ।
-ਪੰਜਾਬ ਪੋਸਟ

Read News Paper

Related articles

spot_img

Recent articles

spot_img