ਕਹਿੰਦੇ ਹਨ ਬਚਪਨ ’ਚ ਹੀ ਕੁਝ ਕਰਨ ’ਤੇ ਸਿੱਖਣ ਦੀ ਧੁਨ ਮਨੁੱਖ ਨੂੰ ਅਸਮਾਨੀ ਉਚਾਈ ਤੱਕ ਲੈ ਜਾਂਦੀ ਹੈ। ਪੰਜਾਬੀ ਲੋਕਧਾਰਾ ਦੇ ਸ਼ੈਦਾਈ ਅਤੇ ਤਾਅ ਉਮਰ ਪੰਜਾਬ ਦੀ ਲੋਕਧਾਰਾ ਦੀਆਂ ਵੰਨਗੀਆਂ ਲੋਕ ਨਾਚ, ਲੋਕ ਖੇਡਾਂ, ਲੋਕ ਸਾਹਿਤ, ਲੋਕ ਕਲਾਵਾਂ ਅਤੇ ਪੰਜਾਬ ਦੇ ਸੱਭਿਆਚਾਰਕ ਵਿਰਸੇ, ਸੰਦ, ਸ਼ਬਦ ਅਤੇ ਰਹੁ-ਰੀਤਾਂ ਦੀ ਜੀਅ ਜਾਨ ਨਾਲ ਰਾਖੀ ਕਰਨ ਵਾਲੇ ਸਖਸ਼ ਭੋਲਾ ਕਲਿਹਰੀ ਦੀ ਜ਼ਿੰਦਗੀ ਇਸ ਸਭ ਦੇ ਦੁਆਲੇ ਹੀ ਘੁੰਮਦੀ ਹੈ। ਬਚਪਨ ਵਿੱਚ ਮਾਨਸਾ ਦੇ ਪਿੰਡ ਕਲਿਹਰੀ ਵਿਖੇ ਲੋਕ ਸੰਪਰਕ ਵਿਭਾਗ ਵੱਲੋਂ ਵਿਖਾਈ ਗਈ ਫਿਲਮ ‘ਨੀਲਾ ਅੰਬਰ ਸਾਵੀ ਧਰਤੀ’ ਵਿੱਚ ਪਾਏ ਭੰਗੜੇ ਨੇ ਭੋਲਾ ਕਲਿਹਰੀ ਦੇ ਮਨ-ਮਸ਼ਤਕ ’ਤੇ ਅਜਿਹਾ ਅਸਰ ਕੀਤਾ ਕਿ ਉਹ ਲੋਕ ਨਾਚ ਭੰਗੜੇ ਦੀ ਪੈੜ ਨੱਪਦਾ ਨੱਪਦਾ ਇੱਕ ਦਿਨ ਸੁਨਾਮ ਦੇ ਪ੍ਰਸਿੱਧ ਢੋਲੀ ਅਤੇ ਲੋਕ ਨਾਚ ਪ੍ਰਦਰਸ਼ਤ ਕਰਨ ਵਾਲੇ ਮਸ਼ਹੂਰ ਢੋਲੀ ਭਾਨਾ ਰਾਮ ਸੁਨਾਮੀ ਦੀ ਸੰਗਤ ’ਚ ਪੁੱਜ ਗਿਆ ਅਤੇ ਦੇਸ਼ ਵੰਡ ਉਪਰੰਤ ਲਹਿੰਦੇ ਪੰਜਾਬ ’ਚੋ ਉੱਠ ਕੇ ਆਏ ਅਤੇ ਸੁਨਾਮ ਵਿਖੇ ਆ ਕੇ ਵਸੇ ਮਾਹਰ ਢੋਲੀਆਂ ਅਤੇ ਲੋਕ ਨਾਚ ਲੁੱਡੀ ਅਤੇ ਝੂਮਰ ਆਦਿ ਦੇ ਪੇਸ਼ਕਾਰਾਂ ਦੀ ਕੁਠਾਲੀ ਵਿੱਚ ਢਲਦਾ ਗਿਆ। ਬਹੁਤ ਕੁਝ ਗ੍ਰਹਿਣ ਕਰਕੇ ਵੀ ਭੋਲੇ ਨੇ ਉਸਤਾਦ ਲੋਕਾਂ ਦਾ ਲੜ ਨਹੀਂ ਛੱਡਿਆ, 40-45 ਸਾਲ ਸੰਗਤ ਅਤੇ ਸੇਵਾ ਕੀਤੀ।
ਸੁਨਾਮ ਦੇ ਲੋਕ ਕਲਾਕਾਰਾਂ ਭਾਨਾ ਰਾਮ, ਬਾਜਾ ਰਾਮ, ਜੱਲੂ ਰਾਮ, ਕਰਤਾਰੂ, ਸ਼੍ਰੇਣੀ ਅਤੇ ਮੰਗੂਰਾਮ ਨਾਲ ਲੁੱਡੀ ਅਤੇ ਝੂਮਰ ਪੇਸ਼ਕਾਰੀਆਂ ਕਰਦਾ-ਕਰਦਾ ਉਹ ਪੰਜਾਬ ਦੀਆਂ ਲੋਕ ਸਟੇਜਾਂ ਦਾ ਸ਼ਿੰਗਾਰ ਬਣਦਾ ਗਿਆ। ਲੋਕ ਕਲਾਵਾਂ ਨੂੰ ਪੂਜਣ ਦੀ ਨਿਆਈ ਸਮਰਪਿਤ ਰਹੇ ਭੋਲੇ ਕਲਿਹਰੀ ਦੀ ਦਸਤਕ ਪੰਜਾਬ ਦੇ ਵੱਡੇ ਸਮਾਗਮਾਂ ਵਿੱਚ ਹੋਣ ਲੱਗੀ। 2000 ਵਿੱਚ ਲੁਧਿਆਣਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਉਸ ਵੱਲੋਂ ਤਿਆਰ ਕੀਤੇ ਲੋਕ ਨਾਚ ਅਤੇ ਕੋਰੀਓਗ੍ਰਾਫੀ ਨੇ ਕਲਾ ਖੇਤਰ ਦੇ ਵੱਡੇ ਨਾਮ ਬੰਸੀ ਕੌਲ ਨੂੰ ਪ੍ਰਭਾਵਵਿਤ ਕਰ ਲਿਆ। ਹੁਣ ਭੋਲੇ ਲਈ ਪੰਜਾਬ ਅਤੇ ਇੰਡੀਆ ਦਾ ਦਾਇਰਾ ਵੀ ਛੋਟਾ ਜਾਪਣ ਲੱਗ ਪਿਆ ਸੀ। ਭਾਰਤ ਵਿੱਚ ਲੋਕ ਵਿਰਸੇ ਅਤੇ ਲੋਕ ਕਲਾਵਾਂ ਦੀਆਂ ਪੇਸ਼ਕਾਰੀਆਂ ਕਰਦੇ ਕਰਦੇ ਭੋਲੇ ਨੂੰ ਸੱਤ ਸਮੁੰਦਰੋ ਪਾਰ ਬਹੁ-ਸੱਭਿਆਚਾਰੀ ਮੰਚਾਂ ’ਤੇ ਆਪਣੀ ਹੱਥੀ ਨਿਖਾਰੀ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਇਹ ਪ੍ਰਵਾਹ ਹੁਣ ਤੱਕ ਚਲਿਆ ਆ ਰਿਹਾ ਹੈ। ਭੋਲਾ ਕਲਿਹਰੀ ਹੁਣ ਤੱਕ ਅਮਰੀਕਾ, ਰੂਸ, ਇਟਲੀ, ਫਰਾਂਸ, ਸਵਿਟਜ਼ਰਲੈਂਡ, ਜਰਮਨ, ਨਿਊਜ਼ੀਲੈਂਡ, ਸ੍ਰੀਲੰਕਾ, ਮਲੇਸ਼ੀਆ, ਬਰਮਾ ਸਮੇਤ 32 ਦੇਸ਼ਾਂ ਵਿੱਚ ਭਾਰਤੀ ਅਤੇ ਪੰਜਾਬ ਦੀਆ ਲੋਕ ਕਲਾਵਾਂ ਦੀ ਨੁਮਾਇਸ਼ ਅਤੇ ਪੇਸ਼ਕਾਰੀ ਕਰ ਚੁੱਕੇ ਹਨ। ਉਹ ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਕੇਂਦਰ ਸਰਕਾਰ ਦੀ ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼ (ਆਈ. ਸੀ. ਸੀ. ਆਰ.) ਰਾਹੀਂ ਹਾਲ ਹੀ ਵਿੱਚ ਹੋਏ ਜੀ-20 ਸੰਮੇਲਨਾਂ ਦੌਰਾਨ ਭੋਲਾ ਕਲਿਹਰੀ ਨੇ ਪੰਜਾਬੀ ਦੀਆਂ ਲੋਕ ਕਲਾਵਾਂ ਨੂੰ ਉਦੈਪੁਰ, ਮੁੰਬਈ, ਬੰਗਲੌਰ ਅਤੇ ਅੰਮਿ੍ਰਤਸਰ ਆਦਿ ਸ਼ਹਿਰਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਸਾਹਵੇਂ ਪੇਸ਼ ਕੀਤਾ।
ਪਰ ਅਫਸੋਸ ਹੈ, ਲੋਕਧਾਰਾ ਦੇ ਭਰ ਵਗਦੇ ਦਰਿਆ ਭੋਲਾ ਕਲਿਹਰੀ ਨੇ ਤਾਅ ਉਮਰ ਲੋਕ ਕਲਾਵਾਂ ਦੇ ਲੇਖੇ ਲਾਈ, ਪਰ ਅਜੇ ਪੰਜਾਬੀ ਮਾਂ ਬੋਲੀ, ਲੋਕ ਵਿਰਸੇ ਅਤੇ ਸੱਭਿਆਚਾਰ ਦੀ ਨਿੱਠ ਕੇ ਪੇਸ਼ਕਾਰੀ ਕਰਨ ਵਾਲੇ ਇਸ ਉਸਤਾਦ ਕਲਾਕਾਰ ਨੂੰ ਕੋਈ ਵੀ ਸਟੇਟ ਜਾਂ ਨੈਸ਼ਨਲ ਐਵਾਰਡ ਨਸੀਬ ਨਹੀਂ ਹੋਇਆ। ਇਸ ਝੋਰੇ ਵਿੱਚੋਂ ਨਿਕਲੇ ਬੋਲਾਂ ਵਿੱਚ ਹਉਕਾ ਜਿਹਾ ਭਰਦਾ ਭੋਲਾ ਆਖਦਾ ਹੈ ਕਿ ਕੁਝ ਨਿੱਜੀ ਸੰਸਥਾਵਾਂ ਅਤੇ ਵਿਅਕਤੀਆਂ ਨੇ ਉਸਦਾ ਮਾਣ ਸਨਮਾਨ ਜਰੂਰ ਕੀਤਾ ਹੈ। ਭੋਲਾ ਸੰਚਾਰ ਸਾਧਨਾ ਦੇ ਯੁੱਗ ਵਿੱਚ ਸਿਰਫ ਲੋਕ ਕਲਾਵ ਦਾ ਛਿੱਟਾ ਹੀ ਨਹੀਂ ਦਿੰਦਾ, ਸਗੋਂ ਉਹ ਜਿੰਦਗੀ ਨੂੰ ਭਰਭੂਰ ਤਰੀਕੇ ਨਾਲ ਮਾਣਦਾ ਵੀ ਹੈ। ਸੱਭਿਆਚਾਰਕ ਮੰਚ ਸਜਾਉਣ ਦੇ ਨਾਲ-ਨਾਲ ਉਹ ਪੰਜਾਬੀ ਦੀ ਹਰਮਨਪਿਆਰੀ ਖੇਡ ਦਾਇਰੇ ਵਾਲੀ ਕਬੱਡੀ ਤੋਂ ਲੈ ਕੇ ਨੈਸ਼ਨਲ ਸਟਾਇਲ ਕਬੱਡੀ, ਫੁੱਟਬਾਲ ਅਤੇ ਹਾਕੀ ਦਾ ਖਿਡਾਰੀ ਵੀ ਰਿਹਾ ਹੈ। ਭੋਲਾ ਨੌਜਵਾਨਾਂ ਵਾਂਗ ਊਰਜਾ ਸ਼ਕਤੀ ਦਾ ਸੋਮਾ ਹੈ ਅਤੇ ਇਸ ਸ਼ਕਤੀ ਦੀ ਸਾਰਥਿਕ ਅਤੇ ਮੌਕੇ ਮੁਤਾਬਕ ਵਰਤੋਂ ਕਰਨੀ ਉਹ ਭਲੀਭਾਂਤ ਜਾਣਦਾ ਹੈ।
ਉਪਰੋਕ ਸਭ ਗੁਣਾਂ ਤੋਂ ਵੱਖਰਾ ਲੇਖਣੀ ਦਾ ਗੁਣ ਇਹ ਵਿਦਮਾਨ ਹੈ ਕਿ ਉਹ ਲਿਖਾਰੀ ਵੀ ਹੈ, ਵਿਸ਼ੇ ਬਾਬਤ ਡੂੰਘੀ ਖੋਜ ਅਤੇ ਘੋਖ ਕਰਨੀ ਉਸਦੇ ਸੁਭਾਅ ਦਾ ਖਾਸਾ ਹੈ। ਪੁਰਾਣੇ ਗਵੱਈਆਂ ਤੋਂ ਸਰਵਣ ਕੀਤੀ ਸਮੱਗਰੀ ਨੂੰ ਉਸਨੇ ਕਿਤਾਬੀ ਰੂਪ ਵਿੱਚ ਸਾਂਭਿਆ ਹੈ ਸਭ ਤੋਂ ਪਹਿਲੀ ਸੰਪਾਦਤ ਪੁਸਤਕ ‘ਬੀਬੀ ਸੁੰਦਰੀ ਤੇ ਹੋਰ ਕਿੱਸੇ’ ਵਿੱਚ ਉਸਦੀ ਅਣਥੱਕ ਮਿਹਨਤ ਅਤੇ ਘਾਲਣਾ ਝਲਕਦੀ ਹੈ। ਹੁਣ 2023 ਵਿੱਚ ਹੀ ਉਸਨੇ ਪੰਜਾਬ ਦੀਆਂ ਲੋਕ ਖੇਡਾਂ ’ਤੇ ਕਿਤਾਬ ਪ੍ਰਕਾਸ਼ਿਤ ਕਰਵਾਈ ਹੈ। ਅਗਲੇਰੀ ਪੁਸਤਕ ਵਿੱਚ ਉਹ ‘ਪੰਜਾਬੀ ਲੋਕ ਨਾਚਾਂ ਦਾ ਨਿਕਾਸ ਤੇ ਵਿਕਾਸ’ ਬਾਰੇ ਖੋਜ ਭਰਭੂਰ ਲੇਖਣੀ ਪੰਜਾਬੀ ਮਾਂ ਬੋਲੀ ਦੇ ਖਜ਼ਾਨੇ ਵਿੱਚ ਪਾ ਰਿਹਾ ਹੈ। ਇਸਤੋਂ ਵੀ ਅਗਾਂਹ ਉਹ ਮਲਵਈ ਵਿੱਚ ਠੇਠ ਪੰਜਾਬੀ ਸ਼ਬਦਾਂ ਦੀ ਇਕੱਤਰਤਾ ਕਰ ਰਿਹਾ ਹੈ ਜੋ ਪੰਜਾਬੀ ਸ਼ਬਦ ਕੋਸ਼ ਵਿੱਚ ਵੀ ਨਹੀਂ ਮਿਲਦੇ। ਉਹ ਪੰਜਾਬ ਦੇ ਪਿੰਡਾਂ ਵਿੱਚ ਲੋਕ ਕਲਾਵਾਂ ਅਤੇ ਸੱਭਿਆਚਾਰਕ ਮੇਲੇ ਉਲੀਕਣ ਵਾਲਾਂ ਵਾਹਦ ਕਲਾਕਾਰ ਹੈ। ਜਿਸ ਵਿੱਚ ਤੀਆਂ ਦੇ ਖੇਡ ਮੇਲੇ ਦੌਰਾਨ ਚਰਖੇ ਕੱਤਣ, ਸੇਵੀਆਂ ਵੱਟਣ, ਲੰਮੀ ਹੇਕ ਲਗਾਉਣ ਅਤੇ ਕਿੱਕਲੀ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਆਪਣੀ ਜਿੰਦਗੀ ਵਿੱਚ ਅੰਬਰ ਜੇਡੀਆਂ ਪ੍ਰਾਪਤੀਆਂ ਕਰਨ ਵਾਲਾ ਭੋਲਾ ਕਲਿਹਰੀ ਆਪਣੇ ਵਿੱਚ ਪੰਜਾਬੀ ਲੋਕਧਾਰਾ ਦਾ ਵਿਸ਼ਾਲ ਖਜ਼ਾਨਾ ਜਜਬ ਕਰੀ ਬੈਠਾ ਹੈ। ਜਿਸ ਨੂੰ ਸਾਂਭਣ ਦੀ ਲੋੜ ਹੈ, ਆਵੇ ਕੋਈ ਪੰਜਾਬ ਦੇ ਮਾਣ ਮੱਤੇ ਸੱਭਿਆਚਾਰ ਦਾ ਦਰਦੀ ਜੋ ਭੋਲੇ ਦੀ ਲੋਕਧਾਰਾ ਲਈ ਕੀਤੀ ਘਾਲਣਾ ਨੂੰ ਵਿਉਂਤਵਧ ਤਰਤੀਬ ਦੇਵੇ ਅਤੇ ਉਸਦੇ ਅੰਦਰ ਪਲਦੇ ਲੋਕਧਾਰਾਈ ਇਸ਼ਕ ਨੂੰ ਅਵਾਜ ਮਾਰੇ।
-ਪਰਮਜੀਤ ਸਿੰਘ ਬਾਗੜੀਆ