ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ’ਚੋਂ ਇਹੋ ਇੱਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ।
ਏਸ ਗੱਲ ਨੂੰ ਤੀਹ ਪੈਂਤੀ ਵਰੇ ਹੋ ਗਏ ਹੋਣੇ ਨੇ। ਇੱਕ ਇੱਕ ਕਰ ਕੇ ਸਾਰੇ ਉਹ, ਜਿਹੜੇ ਮੈਨੂੰ ਕਾਕਾ, ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ, ਮੌਤ ਦਾ ਖਾਜਾ ਬਣ ਚੱੁਕੇ ਸਨ, ਪਰ ਮੇਰੀ ਭੂਆ ਅਜੇ ਕੰਧੀ ੳੱੁਤੇ ਰੁਖੜਾ ਬਣੀ ਰਹੀ। ਹਾਂ, ਤੇ ਮੈਂ ਐਤਕੀਂ ਜਦ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ’ਤੇ ਗਿਆ ਤਾਂ ਭੂਆ ਨੂੰ ਮਿਲਣ ਦੀ ਖਾਹਿਸ ਨੂੰ ਮੈਂ ਰੋਕ ਨਾ ਸਕਿਆ, ਭਾਵੇਂ ਕੱਚੀ ਸੜਕੇ ਪੂਰੇ ਪੰਜ ਮੀਲ ਜਾਂਦਿਆਂ ਤੇ ਏਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਂਦੇ ਸਨ। ਗਰਮੀ ਦੀ ਰੁੱਤ ਤੇ ਪੇਂਡੂ ਵਿਆਹ। ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ ਦੋ ਚਾਰ ਡੰਗ ਅਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ, ਤਾਂ ਚਾਰ ਚੌਕੇ ਸੋਲਾਂ ਡੰਗ ਹਾਜਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾਂ ਖਲਾਸੀ ਨਹੀਂ ਹੁੰਦੀ।
ਚਹੁੰ ਡੰਗਾਂ ਵਿੱਚ ਹੀ ਕਚਘਰੜ ਪੂਰੀਆਂ ਤੇ ਹੋਰ ਇਹੋ ਜਿਹੇ ਨਿਕ ਸੁਕ ਤੋਂ ਦਿਲ ਭਰ ਗਿਆ। ਜਾਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਧਿਆਂ ਜੁਗ ਹੀ ਬੀਤ ਗਿਆ ਹੈ। ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਹਿਕ ਅੱਧ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ, ਕਿਤੋਂ ਦੋ ਫੁਲਕੇ ਤੇ ਦਾਲ ਮਿਲ ਸਕਣ, ਪਰ ਅਜਿਹਾ ਹੋਣਾ ਤਾਂ ਧੇਤਿਆਂ ਦੀ ਨੱਕ-ਵੱਢੀ ਹੋਣ ਦੇ ਬਰਾਬਰ ਸੀ।
ਸ਼ੁਕਰ ਸ਼ੁਕਰ ਕਰ ਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਞੀਆਂ ਪਾਸੋਂ ਮਸੇ ਮਸੇ ਖਹਿੜਾ ਛੁਡਾ ਕੇ ਭੂਆ ਦੇ ਪਿੰਡ ਤੁਰ ਪਿਆ। ਮੈਨੂੰ ਯਾਦ ਸੀ, ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖੁਆਇਆ ਕਰਦੀ ਸੀ।
ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕਦਾ ਕਿਤੇ ਪੈਲੀਆਂ ਵਿੱਚੋਂ, ਤੇ ਕਿਤੇ ਸੜਕੇ ਸੜਕ, ਸੋਤੇ ਪਏ ਭੂਆ ਦੇ ਪਿੰਡ ਪੁੱਜਾ। ਜਾਨ ਵਿਚ ਜਾਨ ਆਈ।
ਜਾਂਦਿਆਂ ਹੀ ਬੜੀ ਗਰਮਜੋਸ਼ੀ ਨਾਲ ਮੈਂ ਭੂਆ ਨੂੰ ਪੈਰੀਂ ਪੈਣਾ ਕੀਤਾ। ਉਸ ਨੇ ਜੀਊਂ ਆਇਆਂ ਸਦਕੇ ਆਇਆਂ, ਆਖਦਿਆਂ ਹੋਇਆਂ ਮੇਰੀ ਪਿੱਠ ਪਲੋਸੀ, ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿੱਘ ਨਾ ਲੱਭਿਆ। ਅਸਲ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ, ਉਸ ਨੂੰ ਅੰਧਰਾਤੇ ਦੀ ਕਸਰ ਸੀ।
ਜਦ ਉਸ ਦੇ ‘‘ਕਾਕਾ ਕਿਥੋਂ ਏਂ ਤੂੰ?’’ ਦੇ ਉਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦੁਆਲੇ ਲਿਪਟ ਗਈ। ਚੁੰਮ ਚੁੰਮ ਕੇ ਉਸ ਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉਚੀ ਦੇ ਕੇ ਪੁਕਾਰ ਉਠੀ, ‘‘ਨੀ ਚੰਨਣ ਕੌਰੇ! ਕੁੜੇ ਆਈਂ ਨੀ ਭੱਜ ਕੇ। ਨੀ ਮੇਰਾ ‘ਸਿੰਘ’ ਆਇਆ ਈ ਸੁੱਖ ਨਾਲ। ਵੇ ਮੁੰਡਿਓ ਕੁੜੀਓ! ਤੁਹਾਡਾ ਤਾਇਆ ਆਇਆ ਜੇ।’’
ਉਸ ਦੀ ਨੂੰਹ ਭੱਜੀ ਆਈ। ਭੂਆ ਦੇ ਪੋਤਿ੍ਰਆਂ ਪੋਤ੍ਰੀਆਂ ਨੇ ਆਉਂਦਿਆਂ ਹੀ ਮੇਰੇ ਦੁਆਲੇ ਘੇਰਾ ਘੱਤ ਲਿਆ। ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ, ਪਰ ਦਾਦੀ ਦੀ ਗਵਾਹੀ ‘‘ਤੁਹਾਡਾ ਤਾਇਆ’’ ਹੀ ਉਨਾਂ ਲਈ ਕਾਫੀ ਸੀ।
ਭੂਆ ਦੀ ਨੂੰਹ ਮੈਥੋਂ ਛੋਟੇ ਥਾਂ ਸੀ, ਘੁੰਡ ਚੁੱਕਣ ਤੇ ਬੋਲਣ ਚਾਲਣ ਦੀ ਦਲੇਰੀ ਉਹ ਨਾ ਕਰ ਸਕੀ।
ਮੈਂ ਪੀਹੜੀ ’ਤੇ ਬੈਠਾ ਸਾਂ, ਭੂਆ ਭੁੰਜੇ ਬੈਠੀ ਦੁਹਾਂ ਹੱਥਾਂ ਨਾਲ ਮੇਰੀ ਪਿੱਠ, ਮੇਰਾ ਸਿਰ, ਮੇਰਾ ਮੂੰਹ ਮੱਥਾ ਪਿਆਰਦੀ ਹੋਈ ਮੇਰੇ ਘਰ ਬਾਰ ਦੀ, ਮੇਰੇ ਬਾਲਾਂ, ਮੇਰੀ ਘਰ ਵਾਲੀ ਦੀ ਸੁਖ ਸਾਂਦ ਪੁੱਛ ਰਹੀ ਸੀ ਤੇ ਮੇਰੀ ਵੱਲੋਂ ਸਿਰਫ ਇੱਕੋ ਉਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ, ‘‘ਹਾਂ ਜੀ, ਆਹੋ ਜੀ, ਜੀ।’’ ਮੈਂ ਉਸ ਵੇਲੇ ਸੱਚ ਮੁੱਚ ਆਪਣੇ ਆਪ ਨੂੰ ਦਾਹੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸਾਂ।
‘‘ਤੇ ਕੁੜੇ ੳੱੁਠ ਕੇ ਰੋਟੀ ਟੁਕ ਦਾ ਆਹਰ ਕਰ। ਮੁੰਡਾ ਵੱਡੇ ਵੇਲੇ ਦਾ ਭੁੱਖਾ ਭਾਣਾ ਹੋਵੇਗਾ।’’ ਕਹਿ ਕੇ ਭੂਆ ਨੇ ਨੂੰਹ ਨੂੰ ਰਸੋਈ ਵੱਲ ਨਸਾਇਆ। ਮੈਂ ਬਥੇਰੀ ਉਜਰਦਾਰੀ ਕੀਤੀ, ਪਰ ੳੱੁਥੇ ਸੁਣਾਈ ਕਾਹਨੂੰ ਹੋਣੀ ਸੀ।
ਭੁੱਖ ਮੈਨੂੰ ਉੱਕਾ ਨਹੀਂ ਸੀ, ਸਗੋਂ ਦੁਪਹਿਰੇ ਜਿਹੜੀ ਜੰਞ ਵਿਦੈਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੱੁਝ ਮਠਿਆਈ ਖਾਣੀ ਪਈ ਸੀ, ਉਸ ਨਾਲ ਤਬੀਅਤ ਦਿਕ ਹੋ ਗਈ ਸੀ। ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤੀਂ ਕੱੁਝ ਨਹੀਂ ਖਾਵਾਂਗਾ। ਅਜੇ ਤੱਕ ਡਕਾਰ ਆ ਰਹੇ ਸਨ।
‘‘ਓ ਮੇਰਿਆ ਰੱਬਾ’’ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ, ਜਦ ਕੁੱਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ, ਚੱਕੀ ਦੇ ਪੁੜ ਜਿੱਡੇ ਦੋ ਪਰੌਂਠੇ ਜਿਨਾਂ ਵਿੱਚੋਂ ਘਿਉ ਵਗ ਵਗ ਕੇ ਥਾਲ ਦੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉਸਰਿਆ ਸੀ, ਤੇ ਜਿਸ ਉਤੇ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ।
ਮੈਂ ਸਹਿਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਵੱਲ। ‘‘ਮੂਸਾ ਮੌਤੋਂ ਭੱਜਿਆ, ਅੱਗੋਂ ਮੌਤ ਖੜੀ’’ ਵਾਲੀ ਗੱਲ ਬਣੀ।
ਭਰਜਾਈ ਨੂੰ ਤੇ ਮੈਂ ਸੰਗ ਦੇ ਮਾਰੇ ਕੱੁਝ ਆਖ ਨਹੀਂ ਸਾਂ ਸਕਦਾ, ਤੇ ਭੂਆ ਨੂੰ ਏਸ ਬਾਬਤ ਕੁੱਝ ਕਹਿਣਾ, ਨਾ ਕਹਿਣਾ ਇੱਕੋ ਜਿਹਾ ਸੀ।
ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ, ‘‘ਭੂਆ ਜੀ, ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ, ਮੈਂ ਅੱਗੇ ਹੀ ਜੰਞ ਦੀ ਰੋਟੀ ਖਾਣ ਕਰ ਕੇ ਔਖਾ ਹਾਂ’’, ਪਰ ਬਿਨਾਂ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ, ‘‘ਭਲਾ ਕਾਕਾ, ਇਹ ਹੈ ਕੀ ਏ, ਹੌਲੇ ਹੌਲੇ ਤੇ ਫੁਲਕੇ ਨੇ। ਖਾ ਲੈ, ਖਾ ਲੈ ਮਾਂ ਸਦਕੇ।’’
‘‘ਤੇ ਭੂਆ ਜੀ, ਇਹ ਏਨੀਆਂ ਸੇਵੀਆਂ ਕੌਣ ਖਾਏਗਾ?’’ ਮੈਂ ਇੱਕ ਵਾਰੀ ਫੇਰ ਕਿਹਾ। ਉਹ ਬੋਲੀ, ‘‘ਖਾ ਲੈ, ਖਾ ਲੈ, ਬੀਬਾ ਪੁੱਤ। ਸੇਵੀਆਂ ਦਾ ਕੀ ਏ, ਇਹ ਤੇ ਐਵੇਂ ਮੂੰਹ ਮਿੱਠਾ ਕਰਨ ਲਈ ਨੇ। ਵੇਖੇਂ ਨਾ ਪੁੱਤ, ਏਥੇ ਬਾਹਰ ਥਾਵੇਂ ਕੀ ਪਿਆ ਲੱਭਦਾ ਏ। ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨਾ ਏ, ਉਥੇ ਤੇ ਜੋ ਬੱਤੀਆਂ ਦੰਦਾਂ ’ਚੋਂ ਮੰਗੋ, ਮਿਲ ਜਾਂਦਾ ਏ। ਸੱਚ ਕਿਸੇ ਆਖਿਆ ਏ, ਅਖੇ ‘ਸ਼ਹਿਰ ਵਸੰਦੇ ਦੇਵਤੇ ਬਾਹਰ ਵਸੰਦੇ ਪ੍ਰੇਤ’। ਏਥੇ ਤੇ ਵੀਰਾ ਇਹੋ ਦਾਲ ਸਾਗ ਈ ਜੁੜਦਾ ਏ। ਤੇਰਾ ਫੁਫੜ ਜਿਊਂਦਾ ਸੀ, ਅਸੀਂ ਇੱਕ ਵਾਰੀ ਅੰਬਰਸਰ ਗਏ। ਸਦਕੇ ਜਾਈਏ ਗੁਰੂ ਦੀ ਨਗਰੀ ਤੋਂ। ਸਬੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ, ਘਰਾਂ ਦੇ ਪੁਆੜਿਆਂ ’ਚੋਂ ਕਿੱਥੇ ਕਿਸੇ ਦਾ ਨਿਕਲ ਹੁੰਦਾ ਏ। ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸਾ ਸੂ, ਤੇ ਮੈਨੂੰ ਆਖਣ ਲੱਗਾ, ‘ਸੈਂਕਰ ਦੀ ਮਾਂ, ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ, ਖਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ, ਉਹ ਜਾਣੇ ਤੂੰ ਵੀ ਚਲੀ ਚੱਲ’, ਤੇ ਮੈਂ ਵੀ ਇਸੇ ਸਬੱਬ ਚਲੀ ਗਈ। ਦਿਲ ਤੇ ਬਥੇਰਾ ਕਰਦਾ ਏ ਪਈ ਇੱਕ ਵਾਰੀ ਫੇਰ ਗੰਗਾ ਮਾਈ ਦਾ ਇਸ਼ਨਾਨ ਕਰ ਆਵਾਂ, ਸੈਂਕਰ ਨੂੰ ਕਿੰਨੀ ਵੇਰਾਂ ਵਾਸਤੇ ਪਾ ਚੁੱਕੀ ਆਂ, ਪਈ ਮੁੰਡਿਆ ਜਿੱਥੇ ਹੋਰ ਸੈਂਕੜੇ ਖਰਚਦਾ ਖਾਨਾ ਏਂ, ਉਥੇ ਇਹ ਵੀ ਜੱਸ ਖੱਟ ਛੱਡ, ਪਰ ਉਹ ਤੇ ਸੁਣਦਾ ਈ ਨਹੀਂ ਮੇਰੀ ਗੱਲ।’’
ਭੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ, ਤੇ ਏਧਰ ਮੈਂ ਸੋਚ ਰਿਹਾ ਸਾਂ, ‘‘ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ।’’
ਅਖੀਰ ਇਹੋ ਸੋਚ ਕੇ ਕਿ ਹੱਛਾ, ਉਖਲੀ ਵਿੱਚ ਸਿਰ ਦਿੱਤਾ ਤਾਂ ਹੁਣ ਚਾਰ ਸੱਟਾਂ ਵੱਧ ਕੀ, ਤੇ ਚਾਰ ਘੱਟ ਕੀ, ਖਾਣਾ ਸ਼ੁਰੂ ਕੀਤਾ।
ਅਜੇ ਦੋ ਚਾਰ ਬੁਰਕੀਆਂ ਹੀ ਲਈਆਂ ਸਨ ਕਿ ਭਰਜਾਈ ਨੇ ਪੰਘਰੇ ਹੋਏ ਘਿਉ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉਤੇ ਉਲਦ ਦਿੱਤਾ। ਘਿਉ ਸੇਵੀਆਂ ਵਿੱਚੋਂ ਫਿਰਦਾ ਫਿਰਾਂਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ, ਸਮੁੰਦਰ ਵਿੱਚ ਖੜੇ ਇੱਕ ਛੋਟੇ ਜਜ਼ੀਰੇ ਵਾਂਗ ਬਣ ਗਿਆ। ਮੈਂ ਬਥੇਰਾ ‘ਨਾ ਨਾ ਨਾ’ ਕਰਦਾ ਰਿਹਾ, ਪਰ ਮੇਰੀ ਕੌਣ ਸੁਣਦਾ ਸੀ।
‘‘ਇਸ ਆਪ ਸਹੇੜੀ ਮੌਤ ਤੋਂ ਕੀਕਣ ਛੁਟਕਾਰਾ ਮਿਲੇ’’, ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ। ਪਰੌਂਠੇ ਤਾਂ ਖੈਰ ਦੋ ਨਹੀਂ, ਤਾਂ ਡੇਢ ਕੁ ਮੈਂ ਕਿਸੇ ਤਰਾਂ ਤੁੰਨ ਤੁੰਨ ਕੇ ਲੰਘਾ ਲਏ, ਪਰ ਸੇਵੀਆਂ ਦਾ ਕੀ ਬਣੇ? ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ, ਹੋਵੇ ਨਾ ਤਾਂ ਇੱਕ ਦੋ ਰੁਗ ਭਰ ਕੇ ਕਿਸੇ ਬੰਨੇ ਸੁੱਟ ਹੀ ਛੱਡਾਂ, ਕੱੁਝ ਤਾਂ ਭਾਰ ਹੌਲਾ ਹੋਵੇ, ਪਰ ਉਸ ਅੱਖਾਂ ਵਾਲੀ ਕਮਬਖਤ ਭਰਜਾਈ ਦਾ ਕੀ ਕਰਦਾ, ਜਿਹੜੀ ਘਿਉ ਦਾ ਕੌਲ ਖਾਲੀ ਕਰਨ ਤੋਂ ਬਾਅਦ ਟੋਕਰੇ ਵਰਗਾ ਮੂੰਹ ਲੁਕਾਈ ਮੇਰੇ ਲਾਗੇ ਪਥੱਲਾ ਮਾਰੀ ਬੈਠੀ ਸੀ।
ਚਿੜੀ-ਚੋਗੇ ਵਾਂਗ ਮੈਂ ਇੱਕ ਇੱਕ ਸੇਵੀਂ ਮੂੰਹ ਵਿੱਚ ਪਾ ਕੇ, ਚਿੱਥ ਚਿੱਥ ਕੇ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਭਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ, ਉਹ ਉਠ ਕੇ ਅੰਦਰ ਚਲੀ ਗਈ। ਮੈਂ ਕਾਹਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁਗ ਸੁੱਟਾਂ।
ਪਿਛਲੀ ਕੰਧ ਦੀ ਨੁਕਰੇ ਇੱਕ ਤੰਦੂਰ ਲੱਗਾ ਹੋਇਆ ਸੀ, ਮੈਂ ਸੋਚਿਆ ਇਹੋ ਠੀਕ ਹੈ। ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸੁਆਹ ਨੂੰ ਹੇਠਾਂ ਉਤਾਂਹ ਕਰ ਕੇ ਢੱਕ ਛੱਡਾਂਗਾ, ਬਸ।
ਤੇ ਮੈਂ ਦਿਲ ਪੀਡਾ ਕਰ ਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕਦੀਆ ਸਨ, ਰੁਗ ਭਰ ਲਿਆ। ਹੱਥ ਪਿਛਾਂਹ ਲੈ ਜਾਣ ਲਈ ਥਾਲੀ ਤੋਂ ਚੁੱਕਿਆ ਹੀ ਸੀ ਕਿ ਫਿਰ ਓਹੀ ਭਾਬੀ ਸਿਰ ’ਤੇ ਆ ਧਮਕੀ ਤੇ ਬਿਨਾਂ ਪੁੱਛਿਆਂ ਇੱਕ ਹੋਰ ਪਰੌਂਠਾ ਥਾਲੀ ਵਿੱਚ ਦੇਹ ਮਾਰਿਆ।
ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਕੇ ਮੈਂ ਹੱਥ ਪੈਰ ਛੱਡ ਬੈਠਾ, ‘‘ਹੁਣ ਖੈਰ ਨਹੀਂ।’’
ਅੱਧਾ-ਪਚੱਧਾ ਮੁਕਾ ਕੇ ਕਿਸੇ ਤਰਾਂ ਇਸ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ, ਪਰ ਹੁਣ ਏਥੋਂ ਉਠ ਕੇ ਮੰਜੇ ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ। ਪੇਟ ਪਾਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ।
ਅਖੀਰ ਕਿਸੇ ਤਰਾਂ ਇਹ ਮੁਹਿੰਮ ਵੀ ਪੂਰੀ ਹੋਈ ਤੇ ਮੈਂ ਵੇਹੜੇ ਵਿੱਚ ਵਿਛੇ ਹੋਏ ਬਿਸਤਰੇ ਤੇ ਜਾ ਢੱਠਾ। ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਮੈਂ ਜੇ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜਾਮ ਕੀਤਾ।
ਜਾਨ ਅੱਕਲਕਾਂਦ ਆ ਗਈ। ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਉਸਲਵੱਟੇ ਲੈਂਦਾ ਸਾਂ, ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ। ਅਫਰੇਵਾਂ ਵੱਧਦਾ ਜਾ ਰਿਹਾ ਸੀ ਤੇ ਉਤੋਂ ਆਖਰਾਂ ਦਾ ਵੱਟ। ਮੁੜਕਾ ਵਗ ਵਗ ਕੇ ਵਿਛਾਈ ਭਿਉਂ ਰਿਹਾ ਸੀ। ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਝੱਲਣ ਦੀ ਹਿੰਮਤ ਨਹੀਂ ਸੀ।
ਅੱਧਾ-ਪੌਣਾ ਘੰਟਾ ਮੱਛੀ ਵਾਂਗ ਤੜਫਿਆ, ਪਰ ਹੋਰ ਬਰਦਾਸਤ ਨਾ ਰਹੀ। ਉਠ ਕੇ ਬੈਠ ਗਿਆ, ਤੇ ਸੋਚਣ ਲੱਗਾ, ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆਖ ਕੇ ਥੋੜੀ ਜਿਹੀ ਜਵੈਣ ਹੀ ਮੰਗ ਵੇਖਾਂ, ਤਾਂਹੀ ਖਬਰ ਕਿ ਫੇਰ ਲੰਮਾ ਘੁੰਡ ਕੱਢੀ ਭਰਜਾਈ ਆ ਮੌਜੂਦ ਹੋਈ। ਮੇਰੀ ਮੌਤ ਵਿੱਚ ਜਿਹੜੀ ਰਤੀ ਮਾਸਾ ਕਸਰ ਬਾਕੀ ਸੀ, ਸ਼ਾਇਦ ਇਹ ਉਸ ਨੂੰ ਪੂਰਾ ਕਰਨ ਆਈ ਸੀ। ਉਸ ਦੇ ਹੱਥ ਵਿੱਚ ਕੰਢਿਆਂ ਤੀਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ।
ਭਰਜਾਈ ਦੀ ਥਾਂ ਜੇ ਕਦੇ ਇਸ ਵੇਲੇ ਮੇਰੀ ਵਹੁਟੀ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਖੋਹ ਕੇ ਮੂੰਹ ਤੇ ਚੁੱਕ ਮਾਰਦਾ, ਪਰ ਕਰਦਾ ਕੀ, ਇਹ ਸੀ ਭਰਜਾਈ ਤੇ ਫਿਰ ਭੂਆ ਦੀ ਨੂੰਹ ਜਿਸ ਨਾਲ ਨਾ ਬੋਲ ਨਾ ਚਾਲ।
ਇੱਕ ਵੇਰੀ ਇਨਕਾਰ, ਦੂਜੀ ਵੇਰੀ, ਤੀਜੀ ਵੇਰੀ ਪਰ ਭਰਜਾਈ ਨੇ ਬੋਲਣਾ ਥੋੜਾ ਸੀ, ਹੱਥ ਵਿੱਚ ਕਟੋਰਾ ਲਈ ਜਿਉਂ ਦੀ ਤਿਉਂ ਖੜੀ ਰਹੀ, ਬੜੀ ਮੁਸੀਬਤ ਬਣੀ।
ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਉਂਤ ਸੁੱਝੀ। ਮੈਂ ਕਟੋਰਾ ਲੈ ਕੇ ਪੈਂਦ ਵੱਲੋਂ ਖੇਸ ਚੁੱਕ ਕੇ ਓਥੇ ਟਿਕਾਉਂਦਿਆਂ ਹੋਇਆਂ ਕਿਹਾ, ‘‘ਮੈਨੂੰ ਠੰਢਾ ਪੀਣ ਦੀ ਆਦਤ ਹੈ।’’
ਉਹ ਸ਼ਾਇਦ ਆਪਣੇ ਜੇਠ ਨੂੰ ਏਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ, ਜਾਂ ਖਬਰੇ ਇਹ ਖਿਆਲ ਕਰ ਕੇ ਕਿ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ, ਭੱਜ ਕੇ ਗੜਵੀ ਚੁੱਕ ਲਿਆਈ ਤੇ ਫੈਂਟ ਕੇ ਠੰਢਾ ਕਰਨ ਲੱਗੀ।
ਛੰਨਾ ਫੇਰ ਮੇਰੇ ਹੱਥ ਵਿੱਚ। ਖਿਆਲ ਸੀ ਸ਼ਾਇਦ ਫੜਾ ਕੇ ਤੁਰਦੀ ਬਣੇਗੀ ਪਰ ਸੱਸ ਨੇ ਸ਼ਾਇਦ ਉਹਨੂੰ ਚਿਤਾਵਨੀ ਕਰ ਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ।
ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦੇਂਦਾ ਤਾਂ ਨਿਸਚੇ ਹੀ ਮੈਂ ਉਸੇ ਨੂੰ ਇਸ ਉਤੇ ਤਰਜੀਹ ਦੇਂਦਾ।
ਇੱਕ ਘੁੱਟ, ਦੋ ਘੁੱਟ, ਚਾਰ ਘੁੱਟ, ਪਰ ਕੀ ਏਸ ਤਰਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ?
‘ਖਸਮ ਨੂੰ ਖਾ ਗਿਆ ਇਹੋ ਜਿਹਾ ਸੰਕੋਚ, ਮੇਰੀ ਨਹੀਂ ਸਲਾਹ ਹਾਲੇ ਮਰਨ ਦੀ।’ ਦਿਲ ਵਿੱਚ ਇਹ ਸੋਚ ਕੇ ਮੈਂ ‘ਬੱਸ’ ਕਹਿੰਦਿਆਂ ਹੋਇਆਂ ਛੰਨਾ ਉਸ ਵੱਲ ਵਧਾਇਆ, ਪਰ ਉਹ ਫੜਨ ਦੀ ਬਜਾਇ ਇੱਕ ਦੋ ਕਦਮ ਪਿਛਾਂਹ ਹਟ ਗਈ, ਮਾਨੋਂ ਇਸ ਦੀ ਛੂਹ ਨਾਲ ਭਿਟੀ ਜਾਏਗੀ। ਢੀਠਪੁਣੇ ਦੇ ਤਾਣ ਮੈਂ ਹੱਥ ਪਿਛਾਂਹ ਖਿਚਿਆ। ਗੁੱਸੇ ਤੇ ਤਕਲੀਫ ਨਾਲ ਮੈਂ ਪਾਗਲ ਹੋ ਰਿਹਾ ਸਾਂ। ‘ਹੱਛਾ ਜਰਾ ਠਹਿਰ ਕੇ ਪੀਆਂਗਾ’ ਕਹਿ ਕੇ ਮੈਂ ਛੰਨੇ ਨੂੰ ਜਾਣ ਬੁੱਝ ਕੇ ਮੰਜੇ ਦੀ ਪੈਂਦ ਵੱਲ ਮੰਜੀ ਦੀ ਹੀਂਹ ’ਤੇ ਰੱਖ ਦਿੱਤਾ। ਹੀਂਹ ਇਤਨੀ ਚੌੜੀ ਨਹੀਂ ਸੀ ਕਿ ਇਸ ਪਰਾਤ ਜਿਡੇ ਛੰਨੇ ਨੂੰ ਝੱਲ ਸਕਦੀ। ‘ਠੰਨ’ ਕਰਦਾ ਛੰਨਾ ਭੁੰਜੇ ਜਾ ਪਿਆ- ਦੁੱਧ ਡੁੱਲ ਗਿਆ।
‘‘ਉਹੋ!’’ ਕਹਿ ਕੇ ਮੈਂ ਛੰਨਾ ਭੁੰਜਿਓਂ ਚੱੁਕਿਆ ਤੇ ਭਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ।
‘‘ਕੀ ਹੋਇਆ ਕੁੜੇ?’’ ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਂਦੀ ਮੇਰੇ ਪਾਸ ਆ ਪੁਜੀ।
‘‘ਕੱੁਝ ਨਹੀਂ, ਦੁੱਧ ਡੁੱਲ ਗਿਆ ਏਂ।’’ ਨੂੰਹ ਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਕਿਹਾ।
‘‘ਤੇ ਫਿਰ ਕੀ ਹੋਇਆ, ਦੁੱਧ ਦਾ ਕਾਲ ਏ? ਜਾਹ ਹੋਰ ਲੈ ਆ ਜਾ ਕੇ।’’ ਕਹਿੰਦੀ ਹੋਈ ਭੂਆ ਮੇਰੇ ਕੋਲ ਆ ਬੈਠੀ, ‘‘ਮੈਂ ਆਖਿਆ ਦੋ ਘੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ, ਫਿਰ ਸੋਚਿਆ ਥੱਕਿਆ ਹੋਵੇਗਾ, ਕਾਹਨੂੰ ਔਖਿਆਂ ਕਰਾਂ ਸੁਰਮਾਣ ਕਰ ਲਵੇ ਦੋ ਘੜੀਆਂ।’’
ਮੈਂ ਦਿਲ ਵਿੱਚ ਆਖਿਆ, ‘ਭੂਆ, ਹੁਣ ਤੂੰ ਜ਼ਰੂਰ ਹਰਦੁਆਰ ਦਾ ਇਸ਼ਨਾਨ ਕਰੇਂਗੀ।’ ਏਸੇ ਵੇਲੇ ਨੂੰਹ ਨੇ ਆ ਕੇ ਸੱਸ ਦੇ ਕੰਨ ਵਿੱਚ ਕੱੁਝ ਕਿਹਾ, ਤੇ ਭੂਆ ਨੇ ਗੁੱਸੇ ਨਾਲ ਉਤਰ ਦਿੱਤਾ, ‘‘ਕੀ ਆਖਿਆ ਈ ਜਾਗ ਲਾ ਛੱਡੀ ਏ? ਸਾਰੇ ਨੂੰ ਈ? ਹਾਏ ਹਾਏ ਰੱਬਾ, ਮੈਂ ਕਿਹੀ ਸੜ ਗਈ ਆਂ ਏਸ ਹੱਥੋਂ। ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ। ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ। ਸਵੇਰ ਦਾ ਭੁੱਖਾ ਭਾਣਾ। ਸੰਧਿਆ ਵੇਲੇ ਦੇ ਦੋ ਫੁਲਕੇ ਖਾਧੇ ਸੂ, ਉਤੋਂ ਸੋਤਾ ਪਿਆ ਏ। ਇਹਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਸਾਡੇ ਘਰ? ਜਾਹ ਜਾ ਕੇ ਰਾਮੇ ਕਿਆਂ ਦੇ ਘਰੋਂ ਦੁੱਧ ਦਾ ਛੰਨਾ ਲੈ ਆ।’’
‘‘ਨਾ ਭੂਆ ਜੀ, ਤੁਹਾਨੂੰ ਮੇਰੇ ਸਿਰ ਦੀ ਸਹੁੰ, ਜੇ ਦੁੱਧ ਨੂੰ ਭੇਜੋ।’’ ਮੈਂ ਤਰਲੇ ਨਾਲ ਕਿਹਾ।
‘‘ਲੈ ਹੋਰ ਸੁਣ’’, ਭੂਆ ਪਿਆਰ ਭਰੀ ਘੁਰਕੀ ਨਾਲ ਬੋਲੀ, ‘‘ਏਹ ਵੀ ਕੋਈ ਰਾਹ ਪਿਆ ਏ। ਸਵੇਰ ਦਾ ਭੁੱਖਣ ਭਾਣਾ। ਮਾਂ ਸਦਕੇ, ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ, ਇਹ ਕੋਈ ਬਗਾਨਾ ਘਰ ਏ। ਜੀਓ ਜਾਗੋ ਮੈਂ ਤੇ ਸਹਿਕ ਸਹਿਕ ਕੇ ਲਿਆ ਸੀ ਤੈਨੂੰ। ਤਿੰਨਾਂ ਘਰਾਂ ਵਿੱਚੋਂ ਤੂੰਹੀਓਂ ਤੇ ਵੱਡਿਆਂ ਦੀ ਨਿਸ਼ਾਨੀ ਏਂ। ਪੁੱਤਰ, ਕਿਹੜੇ ਕਿਹੜੇ ਜਫਰ ਨੇ ਜਿਹੜੇ ਤੈਨੂੰ ਲੈਣ ਲਈ ਅਸਾਂ ਨਹੀਂ ਜਾਲੇ ਹੋਣੇ। ਤਿੰਨ ਭਰਾ ਸਨ ਸੁੱਖ ਨਾਲ ਤੇਰੇ ਭਾਈਏ ਹੋਣੀ। ਪਹਿਲਾਂ ਮੰਨਤਾਂ ਮੰਨ ਮੰਨ ਕੇ ਵੱਡਾ ਵਿਆਹਿਆ, ਵਿਚਾਰਾ ਖਾਰਿਓਂ ਵੀ ਨਹੀਂ ਸੀ ਲੱਥਾ, ਰੰਡਾ ਹੋ ਬੈਠਾ। ਮੁੜ ਮਰਦਾ ਮਰ ਗਿਆ, ਬੂਹਾ ਨਾ ਖੁਲਿਆ। ਓਦੂੰ ਨਿੱਕਾ ਸੀ ਦੌਲਤ ਸੁੰਹ ਤੇਰਾ ਤਾਇਆ। ਸੁਰਗਾਂ ’ਚ ਵਾਸਾ ਹੋਵੇ ਸੁ, ਧਰਤੀ ਤੇ ਲੱਤ ਦਿਤਿਆਂ ਪਾਣੀ ਆਉਂਦਾ ਸੀ, ਕੜੀ ਵਰਗਾ ਜੁਆਨ ਤੇ ਡਾਢਾ ਈ ਸੁਨੱਖਾ। ਭੈੜੀ ਮੌਤ ਨੇ ਮਹਿਕਦਾ ਫੱੁਲ ਤੋੜ ਲਿਆ।’’ ਤੇ ਭੂਆ ਦੇ ਅਥਰੂ ਵਗ ਵਗ ਕੇ ਉਸ ਦੀਆਂ ਗੱਲਾਂ ਦੇ ਟੋਇਆਂ ਵਿੱਚ ਭਰਨ ਲੱਗੇ।
ਭਰਜਾਈ ਚਲੀ ਜਾ ਚੁੱਕੀ ਸੀ, ਤੇ ਭੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ। ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ ਕਰੁਣਾ ਭਰਪੂਰ ਸੀ, ਪਰ ਮੇਰਾ ਬਹੁਤਾ ਖਿਆਲ ਆਪਣੀ ਮੌਤ ਦੇ ਸੁਨੇਹੇ ਉਸ ਛੰਨੇ ਵੱਲ ਸੀ।
ਭੂਆ ਬੋਲਦੀ ਗਈ, ‘‘ਵਿਆਹ ਨੂੰ ਵਰਾ ਵੀ ਨਹੀਂ ਸੀ ਬੀਤਿਆ ਬੂਹੇ ਨਾਲ ਬੰਨੇ ਹੋਏ ਸਰੀਂਹ ਵੀ ਨਹੀਂ ਸੀ ਸੁੱਕੇ, ਜੁ ਮੌਤ ਭੈੜੀ ਨੇ ਨਿਗਲ ਲਿਆ। ਚੱਪੇ ਜਿੰਨੀ ਵਹੁਟੀ ਬੂਹੇ ’ਤੇ ਬਹਿ ਗਈ। ਸਭਨਾਂ ਤੋਂ ਛੋਟਾ ਸੀ ਤੇਰਾ ਪਿਉ। ਜਿਉਂ ਵਿਆਹਿਆ, ਅੱਠ ਵਰੇ ਬੀਤ ਗਏ, ਵੇਲ ਚੂੰਆਂ ਨਾ ਪਿਆ। ਵੇ ਪੁੱਤ, ਕੋਈ ਥਾਂ ਨਾ ਛੱਡਿਆ, ਕੋਈ ਪੀਰ ਫਕੀਰ ਨਾ ਛੱਡਿਆ। ਹਨੂਮਾਨ ਦੇ ਜਾਗੇ ਕੀਤੇ, ਭੈਰੋਂ ਦੀਆਂ ਕੰਜਕਾਂ ਜਿਵਾਈਆਂ, ਪੀਰਾਂ ਦੀ ਸੀਰਨੀ ਚੜਾਈ, ਬਾਵੇ ਕੰਬਲੀ ਵਾਲੇ ਦਾ ਰੋਟ ਦਿੱਤਾ। ਇੱਕ ਕੀਤੀ ਸੀ ਅਸਾਂ? ਪੁੱਤ! ਬਾਰਾਂ ਬਾਰਾਂ ਕੋਹਾਂ ਵਿੱਚ ਜਿੱਥੇ ਕਿਤੇ ਦੱਸ ਪਾਈ, ਭੱਜੇ ਗਏ, ਪਰ ਝੋਲੀ ਖੈਰ ਕਿਤੋਂ ਨਾ ਪਿਆ। ਛੇਕੜ ਦੀ ਬਾਕੀ ਪੀਰ ਦੀਨੇ ਸਾਹ ਦੀ ਖਾਨਗਾਹ ’ਤੇ ਸੁੱਖਣਾ ਸੁੱਖੀ ਤਾਂ ਕਿਤੋਂ ਸਾਡੀ ਭੂੜੀ ਕਬੂਲ ਪਈ ਤੇ ਮੈਂ ਮਸੇ ਤੇਰਾ ਮੂੰਹ ਵੇਖਿਆ। ਪੁੱਤ! ਇਹ ਸੂਰਤਾਂ ਕੋਈ ਨਿਤ ਨਿਤ ਪਈਆਂ ਲਭਦੀਆਂ ਨੇ?’’ ਤੇ ਉਹ ਫੇਰ ਮੇਰਾ ਮੂੰਹ ਚੁੰਮਣ ਲੱਗ ਪਈ। ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ, ਪਰ ਧਿਆਨ ਬੂਹੇ ਵਲ ਸੀ।
ਭਰਜਾਈ ਆ ਗਈ ਤੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਖਾਲੀ ਕਟੋਰਾ ਉਸ ਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ ਆਵਾਜ਼ ਵਿੱਚ ਕਹਿਣ ਲੱਗੀ, ‘‘ਉਹਨਾਂ ਦੀ ਤੇ ਅੱਜ ਕੱਟੀ ਚੁੰਘ ਗਈ ਏ।’’
ਸੁਣਦਿਆਂ ਸਾਰ ਭੂਆ ਬੇਵਸੀ ਵਿੱਚ ਬੋਲ ਉਠੀ, ‘‘ਬਸ! ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ! ਔਤਰਾ ਓਹੀਓ ਦੁੱਧ, ਜਿਨੂੰ ਕੁੱਤੇ ਨਹੀਂ ਕਬੂਲਦੇ, ਅੱਜ ਕਾਲ ਪੈ ਗਿਆ ਏ। ਮੁੰਡਾ ਆਖੇਗਾ ਕਿਹੇ ਚੰਦਰੇ ਘਰ ਆ ਵੜਿਆ ਵਾਂ ਜੁ ਦੁੱਧ ਦੀ ਛਿਟ ਵੀ ਨਹੀਂ ਜੁੜਦੀ।’’
ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਦੇ ਉਤੇ ਹੱਥ ਫੇਰਦੀ ਹੋਈ ਬੋਲੀ, ‘‘ਤੇ ਕਾਕਾ ਭੁੱਖਾ ਈ ਸਵੇਂਗਾ ਹੁਣ? ਹਾਏ ਮਾਂ ਸਦਕੇ। ਕਿਹਾ ਰਮਾਣ ਪਿਆ ਲਗਦਾ ਏ ਮੈਨੂੰ।’’
ਪਰ ਮੈਂ ਭੁੰਜੇ ਡੁੱਲੇ ਹੋਏ ਦੁੱਧ ਵੱਲ ਤੱਕਦਾ ਹੋਇਆ ਦਿਲ ਵਿੱਚ ਕਹਿ ਰਿਹਾ ਸਾਂ, ‘‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।’’
Published:






