ਨੇਪਾਲ/ਪੰਜਾਬ ਪੋਸਟ
ਗੁਆਂਢੀ ਦੇਸ਼ ਨੇਪਾਲ ‘ਚ ਅੱਜ ਸਵੇਰੇ ਤੜਕਸਾਰ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਮਦਨ-ਅਸ਼ਰੀਤ ਹਾਈਵੇਅ ‘ਤੇ ਢਿੱਗਾਂ ਡਿੱਗਣ ਕਾਰਨ 63 ਲੋਕਾਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਇਹ ਘਟਨਾ ਤੜਕੇ ਕਰੀਬ 3:30 ਵਜੇ ਖੇਤਰ ਵਿੱਚ ਭਾਰੀ ਬਾਰਿਸ਼ ਦੌਰਾਨ ਵਾਪਰੀ। ਇਹ ਬੱਸਾਂ ਹਾਈਵੇਅ ਦੇ ਨਾਲ ਯਾਤਰਾ ਕਰ ਰਹੀਆਂ ਸਨ ਜਦੋਂ ਜ਼ਮੀਨ ਖਿਸਕ ਗਈ, ਖਿਸਕੀ ਜ਼ਮੀਨ ਨੇ ਉਨ੍ਹਾਂ ਨੂੰ ਸੜਕ ਤੋਂ ਹੇਠਾਂ ਧੱਕ ਦਿੱਤਾ ਅਤੇ ਬੱਸਾਂ ਹੇਠਾਂ ਵਗਦੀ ਨਦੀ ਵਿੱਚ ਜਾ ਡਿੱਗੀਆਂ। ਘਟਨਾ ਵਾਲੀ ਥਾਂ ‘ਤੇ ਰਾਹਤ, ਬਚਾਅ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਓਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਇਸ ਕੰਮ ਵਿੱਚ ਰੁਕਾਵਟ ਵੀ ਆ ਰਹੀ ਹੈ। ਇਸ ਦਰਮਿਆਨ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਯਾਤਰੀਆਂ ਦੀ ਭਾਲ ਅਤੇ ਬਚਾਅ ਕਰਨ ਦੇ ਫੌਰੀ ਨਿਰਦੇਸ਼ ਦਿੱਤੇ ਹਨ।