ਪੰਜਾਬ ਪੋਸਟ/ਬਿਓਰੋ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਬਾਰੇ ਜਾਣਕਾਰੀ ਦਿੱਤੀ। ਭਾਜਪਾ ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ, ‘ਇਹ ਇੱਕ ਸਥਾਪਿਤ ਨਿਯਮ ਜਾਪਦਾ ਹੈ ਕਿ ਭਾਜਪਾ ਨਾਲ ਜੁੜੇ ਹੋਣ ’ਤੇ, ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ। ਭਾਜਪਾ ਨੇਤਾਵਾਂ ਦੇ ਨਾਲ ਸੁਰੱਖਿਆ ਦੀ ਬਹੁਤਾਤ ਉਲਝਣ ਵਾਲੀ ਗੱਲ ਹੈ, ਹਾਲਾਂਕਿ ਭਾਜਪਾ ਦੇ ਸ਼ਾਸਨ ਵਿੱਚ ਸਾਡੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ, ਪਰ ਪੰਜਾਬ ਦੇ ਭਾਜਪਾ ਆਗੂ ਸਪੱਸ਼ਟ ਤੌਰ ’ਤੇ ਕਾਫੀ ਸੁਰੱਖਿਆ ਦਾ ਆਨੰਦ ਮਾਣਦੇ ਹਨ।
ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਨੂੰ ਭਰੋਸਾ ਹੈ ਕਿ ਜਨਤਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਦੇਵੇਗੀ। ਮੈਂ ਭਾਜਪਾ ਨੂੰ ਆਪਣੇ ਸਭ ਤੋਂ ਮਜ਼ਬੂਤ ਨੇਤਾ ਨੂੰ ਨਾਮਜ਼ਦ ਕਰਨ ਲਈ ਸੱਦਾ ਦਿੰਦਾ ਹਾਂ, ਸੁਨੀਲ ਜਾਖੜ ਜੇਕਰ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਤਾਂ ਮੈਂ ਉਨ੍ਹਾਂ ਦੇ ਖਿਲਾਫ ਚੋਣ ਲੜਾਂਗਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗਾ । ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਅਸਫ਼ਲਤਾ ਦੀ ਗਵਾਹ ਬਣੇ। ਵੜਿੰਗ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, ‘ਭਾਜਪਾ ਨੇ ਕੇਂਦਰ ਵਿੱਚ ਅਤੇ ‘ਆਪ’ ਨੇ ਪੰਜਾਬ ਵਿੱਚ ਬਹੁਤ ਬੇਤੁਕੇ ਦਾਅਵੇ ਕੀਤੇ ਹਨ ਪਰ ਅਸਲੀਅਤ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ। 4 ਜੂਨ ਦਾ ਦਿਨ ਫੋਕੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆਵੇਗਾ।