*ਭਾਜਪਾ ਨੇ ਜਾਰੀ ਕੀਤਾ ਸੰਕਲਪ ਪੱਤਰ ਜਦਕਿ ਕੇਜਰੀਵਾਲ ਅਤੇ ਰਾਹੁਲ ਗਾਂਧੀ ਵੀ ਅੱਜ ਹਰਿਆਣੇ ਵਿੱਚ
ਰੋਹਤਕ/ਪੰਜਾਬ ਪੋਸਟ
ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣਾ 20 ਨੁਕਾਤੀ ‘ਸੰਕਲਪ ਪੱਤਰ’ ਜਾਰੀ ਕੀਤਾ ਹੈ। ਇਸ ਵਿੱਚ ਭਾਜਪਾ ਨੇ ਸੂਬੇ ਦੇ ਹਰੇਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਸੰਕਲਪ ਪੱਤਰ’ਵਿੱਚ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ, ਔਰਤਾਂ ਨੂੰ 2100 ਰੁਪਏ ਮਹੀਨਾ ਅਤੇ ਦਿਹਾਤੀ ਖੇਤਰ ਵਿੱਚ ਕਾਲਜ ਪੜ੍ਹਨ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਟਰ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਦਾ ਇਹ ‘ਸੰਕਲਪ ਪੱਤਰ’ਅੱਜ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਰੋਹਤਕ ਵਿੱਚ ਜਾਰੀ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਹਰਿਆਣਾ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਨ ਅਤੇ ਯਮੁਨਾਨਗਰ ਜ਼ਿਲ੍ਹੇ ਦੇ ਜਗਾਧਰੀ ਵਿਧਾਨ ਸਭਾ ਹਲਕੇ ਵਿੱਚ ਆਪਣਾ ਪਹਿਲਾ ਰੋਡ ਸ਼ੋਅ ਕਰਨਗੇ। ਜਗਾਧਰੀ ਤੋਂ ਬਾਅਦ ਕੇਜਰੀਵਾਲ ਡੱਬਵਾਲੀ, ਰਾਣੀਆਂ, ਭਿਵਾਨੀ, ਮਹਿਮ, ਪੁੰਡਰੀ, ਕਲਾਇਤ, ਰੇਵਾੜੀ, ਦਾਦਰੀ, ਅਸੰਧ, ਬੱਲਭਗੜ੍ਹ ਅਤੇ ਬਾਢੜਾ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਇਸ ਦਰਮਿਆਨ, ਲੋਕ ਸਭਾ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ 5.30 ਵਜੇ ਕਰਨਾਲ ਜ਼ਿਲ੍ਹੇ ਦੇ ਪਿੰਡ ਘੋਘੜੀਪੁਰ ਪਹੁੰਚ ਗਏ। ਉਹ ਇਥੇ ਅਮਿਤ ਨਾਂਅ ਦੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ। ਇਹ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿਥੇ ਇਸ ਨੂੰ ਸੱਟ ਲੱਗ ਗਈ ਸੀ ਅਤੇ ਇਹ ਗੰਭੀਰ ਬਿਮਾਰ ਹੈ। ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਫੇਰੀ ਮੌਕੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਪਰਿਵਾਰ ਨੂੰ ਮਿਲਣਗੇ। ਇਸੇ ਤਹਿਤ ਅੱਜ ਸਵੇਰੇ ਉਹ ਪਿੰਡ ਘੋਘੜੀਪੁਰ ਪਹੁੰਚੇ ਜਿਥੇ ਇਕ ਘੰਟਾ ਪਰਿਵਾਰ ਨਾਲ ਰਹੇ।