ਚੰਡੀਗੜ੍ਹ/ਪੰਜਾਬ ਪੋਸਟ
ਦਿਵਾਲੀ ਦੀ ਅਸਲ ਤਰੀਕ ਸਬੰਧੀ ਭੰਬਲਭੂਸੇ ਦਰਮਿਆਨ ਕਈ ਥਾਵਾਂ ਉੱਤੇ ਦਿਵਾਲੀ ਮਨਾਈ ਜਾ ਚੁੱਕੀ ਹੈ ਅਤੇ ਕਈ ਥਾਵਾਂ ਉੱਤੇ ਅੱਜ ਮਨਾਈ ਜਾ ਰਹੀ ਹੈ। ਇਸ ਦਰਮਿਆਨ, ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਬਹੁਤੀਆਂ ਥਾਵਾਂ ਉੱਤੇ ਅੱਜ ਸਵੇਰੇ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਨਜ਼ਰ ਆਈ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਦੇ ਅੰਕੜਿਆਂ ਅਨੁਸਾਰ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੋ ਚੁੱਕੀ ਹੈ। ਹਵਾ ਦੀ ਗੁਣਵੱਤਾ ਸੂਚਕ ਅੰਕ ਸਵੇਰੇ 7 ਵਜੇ 347 ’ਤੇ ਪਹੁੰਚ ਗਿਆ। ਸੁਪਰੀਮ ਕੋਰਟ ਨੇ ਪਟਾਕਾ ਸਨਅਤ ਦੇ ਹਿੱਤਾਂ ਨਾਲ ਜਨਤਕ ਸਿਹਤ ਨਾਲ ਜੁੜੇ ਫ਼ਿਕਰਾਂ ਵਿਚ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਵਿੱਚ ਦਿੱਲੀ ਐੱਨਸੀਆਰ ਵਿਚ ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਦਿੱਲੀ ਵਿੱਚ ਦਿਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ, ਯਾਨੀ 20 ਅਤੇ 21 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ 7:00 ਵਜੇ ਅਤੇ ਸ਼ਾਮ 8:00 ਵਜੇ ਤੋਂ 10:00 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਹਾਲਾਂਕਿ ਇਸ ਦੀ ਸਰੇਆਮ ਉਲੰਘਣਾ ਵੀ ਨਜ਼ਰ ਆਈ ਹੈ।






