ਦਿੱਲੀ/ਪੰਜਾਬ ਪੋਸਟ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਹਨ ਅਤੇ ਭਾਜਪਾ ਸਪਸ਼ਟ ਬਹੁਮਤ ਹਾਸਲ ਕਰ ਗਈ ਹੈ ਅਤੇ 26 ਸਾਲ ਬਾਅਦ ਦਿੱਲੀ ਵਿੱਚ ਭਾਜਪਾ ਦੀ ਵਾਪਸੀ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਹਾਰ ਗਏ ਹਨ। ਉਨ੍ਹਾਂ ਨੂੰ 1844 ਵੋਟਾਂ ਮਿਲੀਆਂ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ 22034 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਕੇਜਰੀਵਾਲ ਦਾ ਮੁਕਾਬਲਾ ਭਾਜਪਾ ਦੇ ਪ੍ਰਵੇਸ਼ ਵਰਮਾ, ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਨਾਲ ਸੀ। ਜਿੱਤਣ ਉਪਰੰਤ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਮੰਨੇ ਜਾ ਰਹੇ ਪ੍ਰਵੇਸ਼ ਵਰਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਹੈ। ਇਸ ਦਰਮਿਆਨ ਮਨੀਸ਼ ਸਿਸੋਦੀਆ ਵੀ ਚੋਣ ਹਾਰ ਗਏ ਹਨ ਅਤੇ ਆਮ ਆਦਮੀ ਪਾਰਟੀ ਲਈ ਇੱਕੋ ਰਾਹਤ ਦੀ ਗੱਲ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਮਾਮੂਲੀ ਜਿਹੇ ਫਰਕ ਨਾਲ ਜਿੱਤਣ ‘ਚ ਕਾਮਯਾਬ ਹੋਏ ਹਨ।