ਮੋਟਰਸਾਈਕਲ ਨੂੰ ਬਚਾਉਂਦੇ ਸੜਕ ਕਿਨਾਰੇ ਬਣੇ ਬੱਸ ਅੱਡੇ ਨਾਲ ਜਾ ਟਕਰਾਈ ਸੀ ਬੱਸ
ਬਟਾਲਾ/ਪੰਜਾਬ ਪੋਸਟ
ਬਟਾਲਾ ਨੇੜੇ ਪਿੰਡ ਸ਼ਾਹਬਾਦ ਵਿਖੇ ਅੱਜ ਵਾਪਰੇ ਭਿਆਨਕ ਬੱਸ ਹਾਦਸੇ ਵਿੱਚ ਹੁਣ ਇਹ ਖੁਲਾਸਾ ਹੋਇਆ ਹੈ ਕਿ ਬੱਸ ਬ੍ਰੇਕ ਫੇਲ ਹੋਣ ਕਾਰਨ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਸੜਕ ਕਿਨਾਰੇ ਬਣੇ ਬੱਸ ਸਟਾਪ ਨੂੰ ਤੋੜਦੇ ਹੋਏ ਦਰੱਖਤ ਨਾਲ ਜਾ ਟਕਰਾਈ ਸੀ। ਇਸ ਕਾਰਨ ਬੱਸ ‘ਚ ਸਵਾਰ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 20 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਛੇ ਮਰੀਜ਼ਾਂ ਨੂੰ ਗੰਭੀਰ ਹਾਲਤ ਕਾਰਾ ਨਾਮ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਪਿੰਡ ਸ਼ਾਹਬਾਦ ਨੇੜੇ ਹੋਏ ਇਸ ਹਾਦਸੇ ਵਿੱਚ ਪ੍ਰਭਾਵਿਤ ਹੋਏ ਜ਼ਿਆਦਾਤਰ ਲੋਕ ਨੇੜੇ ਦੇ ਪਿੰਡਾਂ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਇਸ ਬੱਸ ਵਿੱਚ 50 ਦੇ ਕਰੀਬ ਲੋਕ ਸਵਾਰ ਸਨ ਅਤੇ ਇਹ ਨਿੱਜੀ ਬੱਸ ਹੁਸ਼ਿਆਰਪੁਰ ਤੋਂ ਬਟਾਲਾ ਵੱਲ ਆ ਰਹੀ ਸੀ। ਇਸ ਦੌਰਾਨ ਸ਼ਾਹਬਾਦ ਪਿੰਡ ਦੇ ਮੋੜ ‘ਤੇ ਇੱਕ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਬੱਸ ਸਟਾਪ ਨਾਲ ਜਾ ਟਕਰਾਈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ।