ਅੰਮ੍ਰਿਤਸਰ/ਪੰਜਾਬ ਪੋਸਟ
ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਨੇੜੇ ਸਥਿਤ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਸਟੇਸ਼ਨ ਦੇ ਵਧੇ ਹੋਏ ਲੈਂਟਰ ਨਾਲ ਟਕਰਾਉਣ ਕਾਰਨ ਇੱਕ ਨਿਜੀ ਬੱਸ ਦੀ ਛੱਤ ਉਤੇ ਬੈਠੇ ਤਿੰਨ ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਲਾਪਰਵਾਹੀ ਵਰਤਣ ਵਾਲਾ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਚਸ਼ਮਦੀਦ ਗਵਾਹਾਂ ਨੇ ਦਸਿਆ ਕਿ ਨਿੱਜੀ ਬੱਸ ਜਲੰਧਰ ਵਲ ਜਾ ਰਹੀ ਸੀ। ਬੱਸ ਵਿਚ ਬਹੁਤ ਜ਼ਿਆਦਾ ਭੀੜ ਸੀ ਇਸ ਲਈ ਉਨ੍ਹਾਂ ’ਚੋਂ ਕੁੱਝ ਇਸ ਦੀ ਛੱਤ ਉਤੇ ਬੈਠ ਗਏ। ਜਿਵੇਂ ਹੀ ਬੱਸ ਤਾਰਾਂ ਵਾਲਾ ਪੁਲ ਖੇਤਰ ਦੇ ਨੇੜੇ ਪਹੁੰਚੀ ਅਤੇ ਬੀ.ਆਰ.ਟੀ.ਐਸ. ਲੇਨ ਵਿਚ ਦਾਖਲ ਹੋਈ, ਡਰਾਈਵਰ ਕਥਿਤ ਤੌਰ ਉਤੇ ਭੁੱਲ ਗਿਆ ਕਿ ਕੁੱਝ ਮੁਸਾਫ਼ਰ ਛੱਤ ਉਤੇ ਬੈਠੇ ਸਨ। ਉਸ ਨੇ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਦੇ ਵਿਚੋਂ ਲੰਘਾ ਦਿੱਤਾ, ਜਿੱਥੇ ਲੈਂਟਰ ਦੀ ਉਚਾਈ ਬੱਸ ਦੀ ਛੱਤ ਦੀ ਉਚਾਈ ਤੋਂ ਘੱਟ ਸੀ। ਛੱਤ ਉਤੇ ਬੈਠੇ ਮੁਸਾਫ਼ਰ ਲੈਂਟਰ ਨਾਲ ਟਕਰਾ ਗਏ।






