ਪੰਜਾਬ ਪੋਸਟ/ਬਿਓਰੋ
ਯੂਕਰੇਨ ਅਤੇ ਫਲਸਤੀਨ ਵਿੱਚ ਖੁੱਲੇ੍ਹ ਲੜਾਈ ਦੇ ਦੋ ਫਰੰਟ ਪੱਛਮੀ ਦੇਸ਼ਾਂ ਲਈ ਲਈ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਸਥਿਤੀ ਬਣੇ ਹੋਏ ਹਨ ਅਤੇ ਇਜ਼ਰਾਈਲ ਅਤੇ ਯੂਕਰੇਨ ਲਈ ਗੱਜ ਵੱਜ ਐਲਾਨੀ ਵਿੱਤੀ ਅਤੇ ਮਿਲਟਰੀ ਸਹਾਇਤਾ ਭੇਜਣਾ ਹੁਣ ਉਨ੍ਹਾਂ ਲਈ ਨਿਯਮਤ ਵਰਤਾਰਾ ਬਣ ਗਿਆ ਹੈ। ਪਹਿਲਾਂ ਅਮਰੀਕਾ ਨੇ ਇਜ਼ਰਾਈਲ ਲਈ 63 ਬਿਲੀਅਨ ਡਾਲਰ ਦੀ ਵਿੱਤੀ ਅਤੇ ਸੈਨਿਕ ਇਮਦਾਦ ਭੇਜੀ, ਜੋ ਉਸ ਨੇ ਭਾਰੀ ਅਲੋਚਨਾ ਦਾ ਸਾਹਮਣਾ ਕਰਦਿਆ ਬੜੀ ਮੁਸ਼ਕਿਲ ਨਾ ਜਾਰੀ ਕਰਵਾਈ ਹੈ।
ਹੁਣ ਨਾਰਥ ਅਮਰੀਕਾ ਦੇ ਦੂਜੇ ਦੇਸ਼ ਕਨੇਡਾ ਨੇ ਵੀ ਰੂਸ ਵਿਰੁੱਧ ਆਰ-ਪਾਰ ਦੀ ਲੜਾਈ ਲੜ ਰਹੇ ਯੂਕਰੇਨ ਦੇਸ਼ ਲਈ 20 ਮਿਲੀਅਨ ਕੈਨੇਡੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਜਿਸ ਵਿੱਚ ਮਿਲਟਰੀ ਸਾਜੋ ਸਮਾਨ ਅਤੇ ਗੋਲਾ ਬਾਰੂਦ ਸ਼ਾਮਲ ਹੈ। ਇਸ ਤੋਂ ਪਹਿਲਾਂ ਯੂਰਪੀ ਦੇਸ਼ ਵੀ ਨਾ ਚਾਹੁੰਦੇ ਹੋਇਆਂ ਵੀ ਯੂਕਰੇਨ ਨੂੰ ਸਹਾਇਤਾ ਵਾਲਾ ਬੋਝਾ ਢੋਅ ਰਹੇ ਹਨ।
ਕੈਨੇਡਾ ਦੇ ਨੈਸ਼ਨਲ ਡਿਫਂੈਸ਼ ਮਿਨਿਸਟਰ ਬਿਲ ਬਲੇਅਰ ਵਲੋਂ ਐਲਾਨੀ ਇਸ ਮਿਲਟਰੀ ਇਮਦਾਦ ਵਿੱਚ 20 ਮਿਲੀਅਨ ਕਨੇਡੀਅਨ ਡਾਲਰ ਮੁੱਲ ਦੀਆਂ 10 ਜੌਡੀਅਕ ਹੂਰੀਕੇਨ ਟੈਕਨਾਲੋਜੀ ਵਾਲੀਆਂ ਮਲਟੀਰੋਲ ਬੋਟਸ ਸ਼ਾਮਲ ਹਨ, ਜੋ ਯੂਕਰੇਨ ਵਿੱਚ ਸਮੁੰਦਰੀ ਅਪ੍ਰੇਸ਼ਨਾਂ ਸਮੇਤ ਸਰਚ ਅਤੇ ਬਚਾਅ ਕਾਰਜਾਂ ਸਮੇਤ ਫੌਜਾਂ ਅਤੇ ਸਾਜੋ-ਸਮਾਨ ਨੂੰ ਢੋਹਣ ਵਿੱਚ ਸਹਾਈ ਹੋਣਗੀਆਂ। ਉਕਤ ਹਰੇਕ ਬੋਟ ਉੱਚ ਪਾਏ ਦੇ ਸੈਂਸਰ, ਨੇਵੀਗੇਸ਼ਨ ਅਤੇ ਸੰਚਾਰ ਪ੍ਰਣਾਲੀ ਨਾਲ ਲੈੱਸ ਹੈ। ਜੋ ਕੁਝ ਮਹੀਨਿਆਂ ਵਿੱਚ ਹੀ ਯੂਕਰੇਨ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਯੂਕਰੇਨ ਨੂੰ ਕਨੇਡੀਅਨ ਮਦਦ ਦੇ ਅਗਲੇ ਕਦਮ ਬਾਰੇ ਬੋਲਦਿਆਂ ਬਲੇਅਰ ਨੇ ਜਾਣਕਾਰੀ ਦਿੱਤੀ ਕਿ ਯੂਕ੍ਰੇਨ ਨੂੰ ਐੱਫ-16 ਕੋਲੀਸ਼ਨ ਵਿੱਚ ਮੈਂਬਰਸ਼ਿਪ ਵੀ ਦਿੱਤੀ ਜਾਏਗੀ। ਜਿਸ ਤਹਿਤ ਕਨੇਡਾ ਯੂਕਰੇਨ ਦੀਆਂ ਫੌਜਾਂ ਲਈ ਜਹਾਜ, ਸਿਵਲੀਅਨ ਇੰਸਟੱਕਟਰ ਅਤੇ ਸਪੋਰਟ ਸਟਾਫ ਦੇਵੇਗਾ। 2022 ਵਿੱਚ ਆਰੰਭ ਹੋਈ ਇਸ ਜੰਗ ਵਿੱਚ ਕਨੇਡਾ ਹੁਣ ਤੱਕ 2.4 ਬਿਲੀਅਨ ਕਨੇਡੀਅਨ ਡਾਲਰ ਦੀ ਸਹਾਇਤਾ ਕਰ ਚੱੁਕਾ ਹੈ।