- ਗਲਤ ਜਾਣਕਾਰੀ ਹਟਾਉਣ ਜਾਂ ਕੋਈ ਸੂਚਨਾ ਸਾਂਝਾ ਕਰਨ ਲਈ ਤਿੰਨ ਦਿਨਾਂ ਦੀ ਹੱਦ ਤੈਅ ਕੀਤੀ
ਨਵੀਂ ਦਿੱਲੀ/ਪੰਜਾਬ ਪੋਸਟ
ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਜਾਅਲੀ ਧਮਕੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਕਿਹਾ ਹੈ ਕਿ ਉਹ ਢੁੱਕਵੀਂ ਸਾਵਧਾਨੀ ਵਰਤਣ ਅਤੇ ਸੂਚਨਾ ਤਕਨਾਲੋਜੀ ਨਿਯਮਾਂ ਹੇਠ ਨਿਰਧਾਰਤ ਸਖਤ ਸਮਾਂ ਸੀਮਾ ਦੇ ਅੰਦਰ ਗਲਤ ਜਾਣਕਾਰੀ ਨੂੰ ਤੁਰਤ ਹਟਾਉਣ ਜਾਂ ਰੋਕਣ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਅਜਿਹੀ ਗਲਤ ਜਾਣਕਾਰੀ ਨੂੰ ਹਟਾਉਣ ਜਾਂ ਰੋਕਣ ਤੋਂ ਇਲਾਵਾ, ਸੋਸ਼ਲ ਮੀਡੀਆ ਵਿਚੋਲਿਆਂ ਦੀ ‘ਕੋਡ ਆਫ ਇੰਡੀਅਨ ਸਿਵਲ ਡਿਫੈਂਸ’ 2023 (ਬੀ.ਐਨ.ਐਸ.ਐਸ.) ਤਹਿਤ ਵਾਧੂ ਜ਼ਿੰਮੇਵਾਰੀ ਹੈ ਕਿ ਉਹ ਅਪਣੇ ਮੰਚ ਦੇ ਕਿਸੇ ਵੀ ਪ੍ਰਯੋਗਕਰਤਾ ਵਲੋਂ ਕੀਤੇ ਗਏ ਕਿਸੇ ਵੀ ਅਪਰਾਧ ਦੀ ਲਾਜ਼ਮੀ ਤੌਰ ’ਤੇ ਸ਼ਿਕਾਇਤ ਕਰਨ। ਇਨ੍ਹਾਂ ’ਚ ਭਾਰਤ ਦੀ ਏਕਤਾ, ਅਖੰਡਤਾ, ਪ੍ਰਭੂਸੱਤਾ ਜਾਂ ਸੁਰੱਖਿਆ ਨੂੰ ਖਤਰੇ ’ਚ ਪਾਉਣ ਦੇ ਇਰਾਦੇ ਨਾਲ ਕੀਤੇ ਗਏ ਅਪਰਾਧ ਸ਼ਾਮਲ ਹਨ। ਇਕ ਸਲਾਹ ਵਿਚ ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਇਹ ਵੀ ਕਿਹਾ ਕਿ ਉਹ ਅਪਣੇ ਕਬਜ਼ੇ ਵਿਚ ਮੌਜੂਦ ਜਾਣਕਾਰੀ ਦਾ ਪ੍ਰਗਟਾਵਾ ਕਰਨ ਅਤੇ ਜਾਂਚ ਏਜੰਸੀਆਂ ਨੂੰ ਤਿੰਨ ਦਿਨਾਂ ਦੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਹਨ।