ਨਵੀਂ ਦਿੱਲੀ/ਪੰਜਾਬ ਪੋਸਟ
ਚੰਦਰਯਾਨ-3 ਨੇ ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਾਉਣ ਉਪਰੰਤ ਵੱਡੀ ਸਫਲਤਾ ਦੁਆਈ ਸੀ ਅਤੇ ਹੁਣ ਇਸ ਪ੍ਰੋਗਰਾਮ ਨੇ ਇੱਕ ਹੋਰ ਵੱਡੀ ਆਲਮੀ ਪ੍ਰਾਪਤੀ ਹਾਸਲ ਕੀਤੀ ਹੈ। ਚੰਦਰਯਾਨ-3 ਨੂੰ ਇੰਟਰਨੈਸ਼ਨਲ ਸਪੇਸ ਫੈਡਰੇਸ਼ਨ ਦੁਆਰਾ ਵਿਸ਼ਵ ਪੁਲਾੜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਤੋਂ ਇਲਾਵਾ ਹੁਣ ਤੱਕ ਸਿਰਫ ਅਮਰੀਕਾ, ਰੂਸ ਅਤੇ ਚੀਨ ਨੇ ਚੰਦਰਮਾ ‘ਤੇ ਸਾਫਟ ਲੈਂਡਿੰਗ ਹਾਸਲ ਕੀਤੀ ਹੈ। ਇਸ ਸਬੰਧੀ ਪੁਰਸਕਾਰ ਸਮਾਗਮ 14 ਅਕਤੂਬਰ ਨੂੰ ਯੂਰਪੀ ਦੇਸ਼ ਇਟਲੀ ਦੇ ਮਿਲਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਵਿਗਿਆਨ ਸੰਮੇਲਨ ਦੇ ਉਦਘਾਟਨੀ ਸਮਾਰੋਹ ਦੌਰਾਨ ਆਯੋਜਿਤ ਕੀਤਾ ਜਾਵੇਗਾ। ਪਿਛਲੇ ਸਾਲ, ਚੰਦਰਯਾਨ-3 ਨੇ 23 ਅਗਸਤ 2023 ਨੂੰ ਸਫਲ ਲੈਂਡਿੰਗ ਕੀਤੀ ਸੀ। ਉਹ ਕਰੀਬ ਇੱਕ ਸਾਲ ਬਾਅਦ ਇਹ ਉਪਲਬਧੀ ਹਾਸਲ ਕਰਨ ਜਾ ਰਿਹਾ ਹੈ। ਚੰਦਰਯਾਨ-3 ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਵਿੱਚੋਂ ਇੱਕ, ਭਾਰਤ ਦੇ ਪੁਲਾੜ ਅਤੇ ਪ੍ਰਮਾਣੂ ਖੇਤਰਾਂ ਦਾ ਸਫਲ ਤਾਲਮੇਲ ਸੀ। ਇਸ ਵਿੱਚ, ਮਿਸ਼ਨ ਦੇ ਪ੍ਰੋਪਲੇਸ਼ਨ ਮਾਡਿਊਲ ਨੂੰ ਪ੍ਰਮਾਣੂ ਤਕਨਾਲੋਜੀ ਦੁਆਰਾ ਸੰਚਾਲਿਤ ਕੀਤਾ ਗਿਆ ਸੀ। ਚੰਦਰਯਾਨ-3 ਦੀ ਲੈਂਡਿੰਗ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਦੇਸ਼ ਭਰ ਵਿੱਚ ਕਈ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ।
ਚੰਦਰਯਾਨ ਤੀਜਾ ਮਿਸ਼ਨ ਸਦਕਾ ਭਾਰਤ ਨੂੰ ਆਈ ਕੌਮਾਂਤਰੀ ਪ੍ਰਾਪਤੀ; ਇਟਲੀ ਵਿਖੇ ਮਿਲੇਗਾ ਆਲਮੀ ਪੁਰਸਕਾਰ

Published: