- ਘੱਟ ਗਿਣਤੀ ਵਰਗ ਦੀ ਬਿਹਤਰੀ ਲਈ ‘ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ਼’ ਸੰਸਥਾ ਦਾ ਗਠਨ
- ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾ ਮਾਰਟਿਨ ਲੂਥਰ ਕਿੰਗ (ਜੂਨੀਅਰ) ਐਵਾਰਡ
ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਵਿਸ਼ਵ ਪੱਧਰ ’ਤੇ ਘੱਟ ਗਿਣਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਅਮਰੀਕਾ ਵਿੱਚ ਸਿੱਖਾਂ ਸਣੇ ਭਾਰਤੀ-ਅਮਰੀਕੀ ਭਾਈਚਾਰੇ ਦੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਇਕਜੁਟ ਹੋ ਕੇ ਉਤਸ਼ਾਹਿਤ ਕਰਨ ਲਈ ਇੱਥੇ ਗੈਰ-ਸਰਕਾਰੀ ਸੰਸਥਾ ‘ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ਼’ ਦੀ ਸਥਾਪਨਾ ਕੀਤੀ ਗਈ ਹੈ। ਘੱਟ ਗਿਣਤੀ ਵਰਗ ਦੀ ਪ੍ਰਤੀਨਿਧਤਾ ਕਰਦੀ ਵਾਸ਼ਿੰਗਟਨ ਐਡਵੈਂਟਿਸ ਯੂਨੀਵਰਸਿਟੀ ਮੈਰੀਲੈਂਡ ਅਤੇ ‘‘ਚੰਡੀਗੜ੍ਹ ਯੂਨੀਵਰਸਿਟੀ’’ ਮੁਹਾਲੀ ਦਰਮਿਆਨ ਅਕਾਦਮਿਕ ਅਦਾਨ ਪ੍ਰਦਾਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸਿੰਘ ਸੰਧੂ ਅਤੇ ਪ੍ਰੋ. ਚਾਂਸਲਰ ਡਾ. ਹਿਮਾਂਸ਼ੀ ਸੂਦ ਦੀ ਮੌਜੂਦਗੀ ਵਿੱਚ ਸਹੀਬੱਧ ਹੋਏ ਇਸ ਅਹਿਮ ਸਮਝੌਤੇ ਦੇ ਮੌਕੇ ਸਲੀਗੋ ਸੈਵੰਥ-ਡੇ ਐਡਵੈਂਟਿਸਟ ਚਰਚ, ਮੈਰੀਲੈਂਡ ਵਿੱਚ ਆਯੋਜਿਤ ਇੱਕ ਸਾਂਝੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ‘‘ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ਼’’ ਨੂੰ ਲਾਂਚ ਕਰਦੇ ਹੋਏ, ਇਸ ਦੇ ਨਾਮਜ਼ਦ ਕੀਤੇ ਗਏ ਅਹੁਦੇਦਾਰਾਂ ਦਾ ਰਸਮੀ ਤੁਆਰਫ ਕਰਵਾਇਆ ਗਿਆ।
‘‘ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ਼’’ ਸੰਸਥਾ ਲਈ ਅਮਰੀਕਾ ਦੀ ਨਾਮਵਰ ਸਿੱਖ ਸਖਸ਼ੀਅਤ ਸ. ਜਸਦੀਪ ਸਿੰਘ ਜੈਸੀ ਨੂੰ ਇਸ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ 7 ਮੈਂਬਰੀ ਬੋਰਡ ਆਫ ਡਾਇਰੈਕਟਰਜ਼ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੀਨੀਅਰ ਪੱਤਰਕਾਰ ਅਤੇ ਵਾਈਟ ਹਾਊਸ ਦੇ ਪਹਿਲੇ ਦਸਤਾਰਧਾਰੀ ਸਿੱਖ ਜਰਨਲਿਸਟ ਡਾ. ਸੁਖਪਾਲ ਸਿੰਘ ਧਨੋਆ ਅਤੇ ਬਲਜਿੰਦਰ ਸਿੰਘ (ਦੋਵੇਂ ਸਿੱਖ), ਇਲੀਸ਼ਾ ਪੁਲਾਵਰਤੀ ਅਤੇ ਪਵਨ ਬੇਜਵਾੜਾ (ਕਿ੍ਰਸਚੀਅਨ), ਜੂਨੇਦ ਕਾਜ਼ੀ (ਮੁਸਲਿਮ), ਨਿਸਿਮ ਜ਼ੂਬੇਨ (ਜਿਊਸ਼) ਅਤੇ ਦੀਪਕ ਠੱਕਰ (ਹਿੰਦੂ) ਬੋਰਡ ਆਫ ਡਾਇਰੈਕਟਰਜ਼ ਨਾਮਜ਼ਦ ਕੀਤੇ ਗਏ ਹਨ।
ਇਸ ਮੌਕੇ ਉੱਪਰ ਵਾਸ਼ਿੰਗਟਨ ਅਡਵੈਂਟਿਸ ਯੂਨੀਵਰਸਿਟੀ ਮੈਰੀਲੈਂਡ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਗੈਰ ਹਾਜ਼ਰੀ) ’ਚ ਨੂੰ ਘੱਟ ਗਿਤੀਆਂ ਦੇ ਵਿਕਾਸ ਲਈ ਮਾਰਟਿਨ ਲੂਥਰ ਕਿੰਗ (ਜੂਨੀਅਰ) ਗਲੋਬਲ ਪੀਸ ਐਵਾਰਡ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਭਾਰਤ ਵਿੱਚ ਹੋਏ ਸਮਾਵੇਸ਼ੀ ਵਿਕਾਸ ਅਤੇ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਪੀ. ਐੱਮ. ਮੋਦੀ ਦੀਆਂ ਨੀਤੀਆਂ ਅਤੇ ਯਤਨਾਂ ਨੂੰ ਮਾਨਤਾ ਦਿੱਤੀ ਗਈ।
‘‘ਟੁਕੜਿਆਂ ਵਿੱਚ ਵੰਡੇ ਭਾਈਚਾਰਿਆਂ ਨੂੰ ਆਪਸੀ ਏਕਤਾ ਦੀ ਫੌਰੀ ਲੋੜ’’ : ਏ. ਆਈ. ਏ. ਐੱਮ. ਚੇਅਰਮੈਨ ਜਸਦੀਪ ਸਿੰਘ ਜੱਸੀ
ਨਵ-ਗਠਿਤ ਐਸੋਸੀਏਸ਼ਨ ਦੇ ਉਦੇਸ਼ਾਂ ਅਤੇ ਇਸਦੀ ਗਲੋਬਲ ਸੰਦਰਭ ਵਿੱਚ ਅਹਿਮੀਅਤ ਦੇ ਸੰਭਾਵੀ ਵਿਸ਼ਵ ਦਿ੍ਰਸ਼ਟੀਕੋਣ ਨੂੰ ਸਾਂਝਾ ਕਰਦਿਆਂ ਏ. ਆਈ. ਏ. ਐੱਮ. ਸੰਸਥਾਪਕ ਅਤੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨੇ ਸਮਾਗਮ ਵਿੱਚ ਕੀਤੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ‘‘ਏ. ਆਈ. ਏ. ਐੱਮ. ਭਾਰਤੀ ਅਮਰੀਕਨਾ ਸਣੇ ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਆਪਸੀ ਪਿਆਰ ਨੂੰ ਉਤਸ਼ਾਹਿਤ ਕਰਨ ਉੱਪਰ ਧਿਆਨ ਕੇਂਦਰਿਤ ਕਰੇਗੀ।’’
ਉਨ੍ਹਾਂ ਹੋਰ ਕਿਹਾ ਕਿ “ਅਸੀਂ ਮਹਿਸੂਸ ਕੀਤਾ ਹੈ ਕਿ ਵਿਦੇਸ਼ਾਂ ’ਚ ਰਹਿ ਰਹੇ ਭਾਰਤੀ ਭਾਈਚਾਰਿਆਂ ਤੇ ਘੱਟ ਗਿਣਤੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਜਿਸ ਨਾਲ ਵਿਸ਼ਵ ਪੱਧਰ ’ਤੇ ਵਸਦੀਆਂ ਭਾਰਤੀ ਘੱਟ ਗਿਣਤੀਆਂ ਨੂੰ ਇਕਜੁਟ ਹੋਣ ਅਤੇ ਆਪਸੀ ਸਹਿਯੋਗ ਨਾਲ ਵਿਕਾਸ ਦੇ ਮੌਕੇ ਮਿਲਣਗੇ। ਜਦੋਂ ਘੱਟ ਗਿਣਤੀਆਂ ਇਕਜੁਟ ਹੋ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਸਮੂਹਿਕ ਤਾਕਤ ਬੇਹੱਦ ਵਿਸ਼ਾਲ ਹੋ ਜਾਂਦੀ ਹੈ।
‘‘ਅੱਜ ਇੱਕ ਮਹੱਤਵਪੂਰਨ ਦਿਨ ਹੈ ਅਤੇ ਇਹ ਸਮੇਂ ਦੀ ਲੋੜ ਵੀ ਹੈ, ਜਦੋਂ ਅਸੀਂ ਇਹ ਸੋਚ ਰਹੇ ਹਾਂ, ਜਦੋਂ ਘੱਟ ਗਿਣਤੀਆਂ ਇਕਜੁਟ ਹੋ ਜਾਣਗੀਆਂ ਤਾਂ ਵੰਡਣ ਵਾਲੀਆਂ ਤਾਕਤਾਂ ਆਪਣੇ ਆਪ ਹੀ ਕਮਜ਼ੋਰ ਹੋਣਗੀਆਂ ਅਤੇ ਭਾਈਚਾਰਿਆਂ ਅਤੇ ਭਾਰਤ ਨੂੰ ਵੰਡਣ ਵਾਲੇ ਵੱਖਵਾਦੀ ਅੰਦੋਲਨਾ ਦੇ ਵਿਰੁੱਧ ਘੱਟ ਗਿਣਤੀ ਬਹੁਮਤ ਵਿੱਚ ਬਦਲ ਜਾਵੇਗੀ। ਸਾਡਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਅਤੇ ਭਾਰਤੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਤੇ ਇੱਕ ਧਰਮ ਨਿਰਪੱਖ ਅਤੇ ਵੱਖ-ਵੱਖ ਧਾਰਮਿਕ ਅਤੇ ਭਾਸ਼ਾਈ ਭਾਈਚਾਰਿਆਂ ਦੇ ਵਿਚਾਰਾਂ ਨੂੰ ਅੱਗੇ ਵਧਾਉਣਾ ਹੈ, ਜਿੱਥੇ ਘੱਟ ਗਿਣਤੀਆਂ ਮਾਣ ਨਾਲ ਸਿਰ ਉੱਚਾ ਕਰ ਸਕਣ।’’
ਯਹੂਦੀ ਭਾਰਤੀ ਅਮਰੀਕਨ ਨਿਸਮ ਰੂਬੇਨ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਵਿੱਚ ਵੱਸਦੇ ਯਹੂਦੀ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਭਾਰਤ ਦੀ ਇਤਿਹਾਸਕ ਸਦਭਾਵਨਾ ਅਤੇ ਪ੍ਰਧਾਨ ਮੰਤਰੀ ਦੇ ਯਹੂਦੀ ਲੋਕਾਂ ਨਾਲ ਦੇਸ਼ ਦੇ ਪ੍ਰਾਚੀਨ ਸਬੰਧਾਂ ਨੂੰ ਮਾਨਤਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਲਈ ਧੰਨਵਾਦ ਵੀ ਪ੍ਰਗਟ ਕੀਤਾ।
ਸਥਾਨਕ ਭਾਰਤੀ ਅਮਰੀਕਨ ਈਸਾਈ ਆਗੂ ਅਲੀਸਾ ਪੁਲੀਵਰਤੀ ਨੇ ਵੀ ਭਾਰਤ ਵਿੱਚ ਘੱਟ ਗਿਣਤੀਆਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਗਵਾਈ ਵਿੱਚ ਭਾਰਤ ਨੇ ਬਹੁਪੱਖੀ ਵਿਕਾਸ ਕੀਤਾ ਹੈ। ਇੱਥੇ ਇਸਾਈ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਜ਼ੀਫੇ ਅਤੇ ਕਰਜ਼ਾ ਲੈਣ ਵਰਗੀਆਂ ਸੇਵਾਵਾਂ ਦੇ ਕੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਵਿਕਾਸ ਅਤੇ ਤਰੱਕੀ ਦੇ ਮੌਕੇ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਕਾਜਕਾਲ ਦੌਰਾਨ ਭਾਰਤ ਵਿੱਚ ਈਸਾਈ ਭਾਈਚਾਰੇ ਦੀ ਸੁਰੱਖਿਆ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਪੌਪ ਫਰਾਂਸਿਸ ਨਾਲ ਦੋ ਵਾਰੀ ਮੁਲਾਕਾਤ ਕਰ ਚੁੱਕੇ ਹਨ, ਜੋ ਪ੍ਰਧਾਨ ਮੰਤਰੀ ਮੋਦੀ ਦੀ ਧਰਮ ਨਿਰਪੱਖਤਾ ਅਤੇ ਘੱਟ ਗਿਣਤੀਆਂ ਪ੍ਰਤੀ ਸਤਿਕਾਰ ਨੂੰ ਦਰਸਾਉਂਦਾ ਹੈ, ਜਿਸ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਾਂ।
‘‘ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਤੁਸ਼ਟੀਕਰਨ ਦਾ ਸੱਭਿਆਚਾਰ ਕੀਤਾ ਖਤਮ’’ : ਰਾਜ ਸਭਾ ਮੈਂਬਰ ਡਾ. ਸਤਨਾਮ ਸਿੰਘ ਸੰਧੂ
ਭਾਰਤ ਦੇ ਰਾਜ ਸਭਾ ਮੈਂਬਰ, ਭਾਰਤੀ ਘੱਟ ਗਿਣਤੀ ਫੈੱਡਰੇਸ਼ਨ ਦੇ ਕਨਵੀਨਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸਿੰਘ ਸੰਧੂ ਨੇ ਕਿਹਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਮਰੀਕਾ ਵਿੱਚ ਘੱਟ ਗਿਣਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਾਸ਼ਿੰਗਟਨ ਡੀ. ਸੀ. ਏਰੀਏ ਦੇ ਭਾਰਤੀ-ਅਮਰੀਕਨ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ “ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ’’ ਨਾਂ ਦੀ ਇੱਕ ਗੈਰ ਸਰਕਾਰੀ ਸੰਸਥਾ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਸੰਸਥਾ ਵੱਲੋਂ ਅਮਰੀਕਾ ਦੀ ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਵਰਗੀ ਵਕਾਰੀ ਵਿੱਦਿਅਕ ਸੰਸਥਾ ਨਾਲ ਸਾਂਝੇ ਤੌਰ ਤੇ ਅੱਜ ਦੇ “ਗਲੋਬਲ ਐਕੂਓਇਟੀ ਅਲਾਇੰਸ ਸੰਮੇਲਨ’’ ਦੇ ਅਕਾਦਮਿਕ ਸੈਸ਼ਨਾਂ ਦੌਰਾਨ ਭਾਰਤ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਘੱਟ ਗਿਣਤੀਆਂ ਦੀ ਸਥਿਤੀ ਵਿੱਚ ਹੋਏ ਸੁਧਾਰ ਉੱਪਰ ਗੰਭੀਰ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਹਨ।’’
ਡਾ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ‘‘ਸਬਕਾ ਸਾਥ-ਸਬਕਾ ਵਿਕਾਸ ਦੇ ਨਾਅਰੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਮਾਵੇਸ਼ੀ ਭਾਰਤ ਲਈ ਵੱਡਾ ਸੁਨੇਹਾ ਦਿੱਤਾ ਹੈ, ਜਿੱਥੇ ਤੁਸ਼ਟੀਕਰਨ ਦੇ ਸੱਭਿਆਚਾਰ ਨੂੰ ਖਤਮ ਕਰਦਿਆਂ ਹਰ ਭਾਰਤੀ ਨਾਗਰਿਕ ਨੂੰ ਤਰੱਕੀ ਅਤੇ ਵਿਕਾਸ ਦੇ ਬਰਾਬਰ ਮੌਕੇ ਮਿਲ ਰਹੇ ਹਨ। ’’
‘‘ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਬਹੁਪੱਖੀ ਵਿਕਾਸ ਲਈ ਯੋਜਨਾਵਾਂ ਦਾ ਆਰੰਭ ਕੀਤਾ ਹੋਇਆ ਹੈ।’’ ਜੋ ਲੋਕ ਭਾਰਤ ਵਿੱਚ ਜਾਂ ਵਿਦੇਸ਼ਾਂ ਵਿੱਚ ਭਾਰਤੀ ਘੱਟ ਗਿਣਤੀਆਂ ਵਿੱਚ ਫਿਰਕੂ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਦਹਾਕੇ ਵਿੱਚ ਇਹ ਸਪੱਸ਼ਟ ਅਤੇ ਸਖਤ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਹੁਣ ਇਕਜੁਟ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨਵਾਂ ਭਾਰਤ ਕਿਸੇ ਵਿਸ਼ੇਸ਼ ਜਾਤੀ, ਧਰਮ ਜਾਂ ਸੰਪਰ੍ਰਦਾ ਦਾ ਨਹੀਂ ਹੋਵੇਗਾ, ਸਗੋਂ ਇਹ ਉਨ੍ਹਾਂ ਭਾਰਤੀਆਂ ਦਾ ਹੋਵੇਗਾ, ਜਿਨ੍ਹਾਂ ਨੂੰ ਹੁਣ ਵਿਕਾਸ ਲਈ ਭਾਰਤ ਵਿੱਚ ਇੱਕੋ ਜਿਹੇ ਮੌਕੇ ਮਿਲ ਰਹੇ ਹਨ।
‘‘ਦੋਵਾਂ ਯੂਨੀਵਰਸਿਟੀਆਂ ਵਿੱਚ ਹੋਇਆ ਸਮਝੌਤਾ ਭਾਰਤ ਦੇ ਵਿਦਿਆਰਥੀਆਂ ਤੇ ਟੀਚਿੰਗ ਫਕੈਲਿਟੀ ਲਈ ਲਾਹੇਵੰਦ ਸਾਬਤ ਹੋਵੇਗਾ’’ : ਡਾ. ਧਨੋਆ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿੱਚ ਸਹਾਇਕ ਡਾਇਰੈਕਟਰ ਰਹੇ ਡਾ. ਸੁਖਪਾਲ ਸਿੰਘ ਧਨੋਆ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਅਡਵੈਂਟਿਸ ਯੂਨੀਵਰਸਿਟੀ ਮੈਰੀਲੈਂਡ ਵਿੱਚ ਹੋਇਆ ਅਕਾਦਮਿਕ ਸਮਝੌਤਾ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਟੀਚਿੰਗ ਫਕੈਲਿਟੀ ਲਈ ਸਕਿੱਲ ਡਿਵੈੱਲਪਮੈਂਟ ਦੇ ਖੇਤਰ ਵਿੱਚ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
ਡਾ. ਧਨੋਆ ਨੇ ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਨਿਓਰਿਟੀਜ਼ ਵਿੱਚ ਬੋਰਡ ਆਫ ਡਾਇਰੈਕਟਰ ਵਜੋਂ ਆਪਣੀ ਨਿਯੁਕਤੀ ਉੱਪਰ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਸਮਿਆਂ ਦੀ ਵੱਡੀ ਲੋੜ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਯੂਥ ਨੂੰ ਵੀ ਇਸ ਸੰਸਥਾ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ, ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।