ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਬੀ.ਬੀ.ਐਮ.ਬੀ. ਤੋਂ ਸੀ.ਆਈ.ਐਸ.ਐਫ਼. ਕਰਮਚਾਰੀਆਂ ਦੀ ਤਾਇਨਾਤੀ ਹਟਾਉਣ ਦਾ ਲਿਆਂਦਾ ਮਤਾ ਸਦਨ ਵਿਚ ਪਾਸ ਕਰ ਦਿੱਤਾ ਗਿਆ ਹੈ। ਸਦਨ ਵਲੋਂ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਗਈ ਸੀ ਕਿ ਮਾਮਲਾ ਭਾਰਤ ਸਰਕਾਰ ਨਾਲ ਸਬੰਧਤ ਮੰਤਰਾਲਿਆਂ ਕੋਲ ਉਠਾਇਆ ਜਾਵੇ ਅਤੇ ਭਾਰਤ ਸਰਕਾਰ ਅਤੇ ਬੀ.ਬੀ.ਐਮ.ਬੀ. ਨੂੰ ਬੇਨਤੀ ਕੀਤੀ ਜਾਵੇ ਕਿ ਭਾਖੜਾ ਡੈਮ ਪ੍ਰਾਜੈਕਟਾਂ ਅਤੇ ਬੀ.ਬੀ.ਐਮ.ਬੀ. ਦੇ ਹੋਰ ਹਾਈਡਰੋ ਪ੍ਰਾਜੈਕਟਾਂ ’ਤੇ ਸੀ.ਆਈ.ਐਸ.ਐਫ਼. ਕਰਮਚਾਰੀ ਤਾਇਨਾਤ ਨਾ ਕੀਤੇ ਜਾਣ। ਸਦਨ ਦੀ ਕਾਰਵਾਈ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਲੋਂ ਬੀ.ਬੀ.ਐਮ.ਬੀ. ‘ਤੇ ਸੀ.ਆਈ.ਐਸ.ਐਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼ ਕੀਤਾ ਸੀ। ਇਸ ਦੌਰਾਨ, ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਸਮਾਂ ਵਧਾ ਦਿਤਾ ਗਿਆ ਹੈ। ਹੁਣ ਵਿਧਾਨ ਸਭਾ ਦੀ ਕਾਰਵਾਈ 5 ਦਿਨਾਂ ਤਕ ਚੱਲੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 11 ਜੁਲਾਈ ਤੋਂ 15 ਜੁਲਾਈ ਤਕ ਚੱਲੇਗਾ। ਇਸ ਦੌਰਾਨ 11 ਜੁਲਾਈ ਦਿਨ ਸ਼ੁਕਰਵਾਰ ਨੂੰ ਵਿਧਾਨਿਕ ਕੰਮਕਾਰ ਹੋਣਗੇ। 12 ਜੁਲਾਈ ਦਿਨ ਸ਼ਨਿਚਰਵਾਰ ਤੇ 13 ਜੁਲਾਈ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 14 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਿਧਾਨਿਕ ਕੰਮਕਾਰ ਹੋਣਗੇ। ਸੰਧਵਾਂ ਨੇ ਦਸਿਆ ਕਿ 15 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਵਿਧਾਨਿਕ ਤੇ ਹੋਰ ਕੰਮਕਾਰ ਹੋਣਗੇ।






