ਪੰਜਾਬ ਪੋਸਟ/ਬਿਓਰੋ
ਏਸ਼ੀਆ ਖਿੱਤੇ ਵਿੱਚ ਅੱਜ ਓਸ ਵੇਲੇ ਕਾਫੀ ਹਿੱਲਜੁੱਲ ਨਜ਼ਰ ਆਈ, ਜਦੋਂ ਗੁਆਂਢੀ ਦੇਸ਼ ਚੀਨ ਦੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਦੋ ਦਿਨਾਂ ‘ਸਜ਼ਾ ਅਭਿਆਸ’ ਦੀ ਸ਼ੁਰੂਆਤ ਕੀਤੀ। ਇਸ ਵਿੱਚ ਥਲ, ਜਲ, ਹਵਾਈ ਫੌਜ ਅਤੇ ਰਾਕੇਟ ਫੋਰਸ ਹਿੱਸਾ ਲੈ ਰਹੀਆਂ ਹਨ। ਚੀਨ ਨੇ ਇਹ ਅਭਿਆਸ ਅਜਿਹੇ ਸਮੇਂ ਕੀਤਾ ਹੈ, ਜਦੋਂ ਤਾਇਵਾਨ ਦੇ ਸਵੈ-ਸ਼ਾਸਿਤ ਟਾਪੂ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਦੇਸ਼ ’ਤੇ ਪ੍ਰਭੂਸੱਤਾ ਦੇ ਚੀਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਚਾਈਨਾ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੂਰਬੀ ਕਮਾਂਡ ਨੇ ਅੱਜ ਸਵੇਰੇ ਤਾਇਵਾਨ ਦੇ ਆਲੇ-ਦੁਆਲੇ ਸਾਂਝਾ ਫੌਜੀ ਅਭਿਆਸ ਸ਼ੁਰੂ ਕੀਤਾ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਨੂੰ ਮੁੱਖ ਭੂਮੀ ਨਾਲ ਇਕਜੁੱਟ ਹੋਣਾ ਚਾਹੀਦਾ ਹੈ ਭਾਵੇਂ ਇਸ ਲਈ ਤਾਕਤ ਦੀ ਵਰਤੋਂ ਕਰਨੀ ਪਏ। ਪੀ. ਐੱਲ. ਏ. ਪੂਰਬੀ ਕਮਾਂਡ ਦੇ ਬੁਲਾਰੇ ਲੀ ਸ਼ੀ ਨੇ ਕਿਹਾ, ‘ਇਹ ਅਭਿਆਸ ਤਾਇਵਾਨ ਸੁਤੰਤਰਤਾ ਬਲਾਂ ਦੀਆਂ ਵੱਖਵਾਦੀ ਕਾਰਵਾਈਆਂ ਲਈ ਸਖ਼ਤ ਸਜ਼ਾ ਅਤੇ ਬਾਹਰੀ ਤਾਕਤਾਂ ਵੱਲੋਂ ਦਖਲ ਅੰਦਾਜ਼ੀ ਅਤੇ ਉਕਸਾਉਣ ਵਿਰੁੱਧ ਸਖ਼ਤ ਚੇਤਾਵਨੀ ਹੈ।’ ਏਸ਼ੀਆ ਖਿੱਤੇ ਦੇ ਸਮੂਹ ਦੇਸ਼ ਏਸ ਵਾਕਿਆਤ ਉੱਤੇ ਨਜ਼ਰ ਬਣਾ ਕੇ ਰੱਖ ਰਹੇ ਹਨ।
ਚੀਨ ਦੀ ਫੌਜ ਨੇ ਤਾਇਵਾਨ ਦੇ ਆਲੇ-ਦੁਆਲੇ ਕੀਤਾ ਫੌਜੀ ਅਭਿਆਸ

Published: