ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਵਿਜੀਲੈਂਸ ਬਿਊਰੋ ਨੇ ਅਕਤੂਬਰ 2023 ਵਿੱਚ ਦਰਜ ਰਿਸ਼ਵਤ ਦੇ ਇੱਕ ਮਾਮਲੇ ‘ਚ ਨਾਮਜ਼ਦ ਇੰਸਪੈਕਟਰ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਜੋ ਉਸ ਵੇਲੇ ਸੀ. ਆਈ. ਏ. ਸਮਾਣਾ ਦੇ ਇੰਚਾਰਜ ਵਜੋਂ ਤਾਇਨਾਤ ਸਨ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਇੱਕ ਮਾਮਲੇ ‘ਚ 6 ਲੱਖ ਦੀ ਰਿਸ਼ਵਤ ਲੈਣ ਸਬੰਧੀ ਇੰਸਪੈਕਟਰ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਸ ਮਾਮਲੇ ‘ਚ ਏ. ਐਸ. ਆਈ. ਰਘਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਪੁੱਛਗਿੱਛ ਦੇ ਆਧਾਰ ‘ਤੇ ਇੰਸਪੈਕਟਰ ਵਿਜੇ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਏ.ਐਸ.ਆਈ ਰਘਵੀਰ ਸਿੰਘ (ਨੰਬਰ 1245/ਪੀ.ਟੀ.ਐਲ.) ਖਿਲਾਫ ਪਟਿਆਲਾ ਜ਼ਿਲੇ ਦੇ ਸਮਾਣਾ ਕਸਬੇ ਦੇ ਵਸਨੀਕ ਸ਼ੈਂਪੀ ਸਿੰਘ ਵੱਲੋਂ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਾਜ਼ਮ ਵਿਰੁੱਧ ਇਹ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਮੁਲਜ਼ਮ ਏ. ਐੱਸ. ਆਈ. ਨੇ ਉਸ ਖ਼ਿਲਾਫ਼ ਥਾਣਾ ਸਮਾਣਾ ਵਿੱਚ ਦਰਜ ਇੱਕ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ 27 ਅਪ੍ਰੈਲ 2023 ਨੂੰ ਛੇ ਲੱਖ ਰੁਪਏ ਰਿਸ਼ਵਤ ਵਜੋਂ ਪ੍ਰਾਪਤ ਵੀ ਕਰ ਲਏ ਸਨ ਅਤੇ ਬਾਕੀ ਚਾਰ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਏ. ਐਸ. ਆਈ. ਰਘਵੀਰ ਸਿੰਘ ਦੀ ਗਿਰਫਤਾਰੀ ਤੋਂ ਬਾਅਦ ਪੜਤਾਲ ਦੌਰਾਨ ਪੁਲਿਸ ਨੇ ਇਸ ਮਾਮਲੇ ‘ਚ ਸੀ. ਆਈ. ਏ. ਸਮਾਨਾਂ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੂੰ ਵੀ ਨਾਮਜਦ ਕਰ ਲਿਆ ਸੀ ਜਿਸ ਨੂੰ ਹੁਣ ਗਿਰਫਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਬੁਲਾਰੇ ਅਨੁਸਾਰ ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਸੀ।