ਪੰਜਾਬ ਪੋਸਟ/ਬਿਓਰੋ
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਇਸ ਸਾਲ ਹੋਣ ਵਾਲੀ ਚੋਣ ਤੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨਾਂ ਦੇ ਵਿਰੋਧੀ ਉਮੀਦਵਾਰ ਡੋਨਾਲਡ ਟਰੰਪ ਦਰਮਿਆਨ ਪਹਿਲੀ ਜ਼ਬਰਦਸਤ ਬਹਿਸ ਮੁਕੰਮਲ ਹੋਈ ਹੈ। ਇਸ ਬਹਿਸ ਦੌਰਾਨ ਜਿੱਥੇ ਦੋਵਾਂ ਆਗੂਆਂ ਨੇ ਆਪੋ ਆਪਣੀ ਨੀਤੀ ਪੇਸ਼ ਕਰਨ ਲਈ ਪੂਰੀ ਵਾਹ ਲਾਈ ਉੱਥੇ ਹੀ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਵੀ ਹਰੇਕ ਨੁਕਤੇ ਦੀ ਵਰਤੋਂ ਕੀਤੀ ਅਤੇ ਕਈ ਵਾਰ ਬਹਿਸ ਨਿੱਜੀ ਇਲਜ਼ਾਮਾਂ ਤੱਕ ਵੀ ਪਹੁੰਚੀ। ਇਸ ਦਰਮਿਆਨ, ਕਾਫੀ ਹਮਲਾਵਰ ਅੰਦਾਜ਼ ਵਿੱਚ ਨਜ਼ਰ ਆ ਰਹੇ ਧਮਾਕੇਦਾਰ ਟਰੰਪ ਨੇ ਆਪਣੇ ਰਾਸ਼ਟਰਪਤੀ ਵਜੋਂ ਆਪਣੇ ਉੱਤਰਾਧਿਕਾਰੀ ਬਾਇਡਨ ’ਤੇ ਹਮਲਾ ਬੋਲਦੇ ਹੋਏ ਉਨਾਂ ਨੂੰ ‘ਆਰਥਿਕਤਾ ਅਤੇ ਵਿਸ਼ਵ ਪੱਧਰ ’ਤੇ ਅਸਫਲ’ ਕਿਹਾ। ਇਸ ਦਰਮਿਆਨ ਜੋਅ ਬਾਇਡਨ ਜ਼ੁਕਾਮ ਨਾਲ ਜੂਝਦੇ ਨਜ਼ਰ ਆਏ ਪਰ ਉਨਾਂ ਨੇ ਟਰੰਪ ਨੂੰ ਅਤੇ ਲੱਖਾਂ ਟੈਲੀਵਿਜ਼ਨ ਦਰਸ਼ਕਾਂ ਨੂੰ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਟਰੰਪ ਵਾਈਟ ਹਾਊਸ ਇਤਿਹਾਸ ਦੇ ਪਹਿਲੇ ‘ਦੋਸ਼ੀ ਠਹਿਰਾਇਆ ਗਿਆ ਮੁਲਜ਼ਮ’ ਹਨ। ਬਾਇਡਨ ਨੇ ਤੁਰੰਤ ਟਰੰਪ ’ਤੇ ਹਮਲਾ ਕੀਤਾ ਜਦੋਂ ਮਹਿੰਗਾਈ ਦੇ ਮੁੱਦੇ ਉੱਤੇ ਉਨਾਂ ਨੇ ਇਹ ਕਿਹਾ ਕਿ ਇਹ ਚੀਜ਼ ਉਨਾਂ ਨੂੰ ਟਰੰਪ ਦੇ ਕਾਰਜਕਾਲ ਤੋਂ ਆਰਥਿਕ ਵਿਰਾਸਤ ਵਿੱਚ ਮਿਲੀ ਹੈ। ਅਮਰੀਕਾ ਦੇ ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀ ਵਿਚਕਾਰ ਇਹ ਪਹਿਲੀ ਸਿੱਧੀ ਬਹਿਸ ਸੀ ਅਤੇ ਦੋਹਾਂ ਨੇ ਇੱਕ ਦੂਜੇ ’ਤੇ ਇਤਿਹਾਸ ਦੇ ‘ਸਭ ਤੋਂ ਖਰਾਬ ਆਗੂ’ ਹੋਣ ਦਾ ਦੋਸ਼ ਲਗਾਇਆ। ਖਾਸ ਗੱਲ ਇਹ ਵੀ ਸੀ ਕਿ ਇਸ ਬਹਿਸ ਦੌਰਾਨ, ਟਰੰਪ ਅਤੇ ਬਾਇਡਨ, ਜੋ ਪਹਿਲੀ ਵਾਰ ਚੁਣੇ ਜਾਣ ’ਤੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਸਨ, ਨੇ ਇੱਕ ਦੂਜੇ ’ਤੇ ਬੱਚਿਆਂ ਵਰਗੇ ਹੋਣ ਦਾ ਦੋਸ਼ ਵੀ ਲਗਾਇਆ ਕਿਉਂਕਿ ਉਹ ਆਪਣੇ ਗੋਲਫ ਸਵਿੰਗਾਂ ’ਤੇ ਬਹਿਸ ਕਰਦੇ ਰਹੇ ਸਨ। ਇੱਕ ਹੋਰ ਧਿਆਨ ਦੇਣ ਵਾਲਾ ਨੁਕਤਾ ਇਹ ਵੀ ਸੀ ਕਿ ਅਟਲਾਂਟਾ ਵਿੱਚ ਸੀ. ਐੱਨ. ਐੱਨ. ਹੈੱਡ ਕੁਆਰਟਰ ਵਿਖੇ ਇਸ ਬਹਿਸ ਦੌਰਾਨ ਅਤੇ ਬਾਅਦ ’ਚ ਵੀ ਜੋਅ ਬਾਇਡਨ ਅਤੇ ਟਰੰਪ ਨੇ ਹੱਥ ਨਹੀਂ ਮਿਲਾਇਆ। ਬਹਿਸ ਵਾਲੀ ਥਾਂ ਉੱਤੇ ਦਰਸ਼ਕ ਮੌਜੂਦ ਨਹੀਂ ਸਨ ਅਤੇ ਦੋਹਾਂ ਆਗੂਆਂ ਦੇ ਮਾਈਕ੍ਰੋਫੋਨ ਇੱਕ ਦੂਜੇ ਬੋਲਣ ਦੇ ਸਮੇਂ ‘ਮਿਊਟ’ ਕੀਤੇ ਗਏ ਸਨ।
ਜੋਅ ਬਾਇਡਨ ਅਤੇ ਡੋਨਾਲਡ ਟਰੰਪ ਦਰਮਿਆਨ ਪਹਿਲੀ ਟੀ. ਵੀ. ਬਹਿਸ ਮੁਕੰਮਲ ਹੋਈ : ਦੋਹਾਂ ਨੇ ਕੀਤੇ ਤਿੱਖੇ ਸ਼ਬਦੀ ਹਮਲੇ
Published: