-0.4 C
New York

ਕਾਲਜ ਅਧਿਆਪਕਾਂ ਨੇ ਅਧਿਆਪਕ ਦਿਵਸ ’ਤੇ ਸਰਕਾਰ ਖਿਲਾਫ ਲਗਾਇਆ ਰੋਸ-ਧਰਨਾ ਅਤੇ ਕੀਤੀ ਨਾਅਰੇਬਾਜੀ

Published:

Rate this post

ਅੰਮਿ੍ਤਸਰ/ਪੰਜਾਬ ਪੋਸਟ

ਖ਼ਾਲਸਾ ਕਾਲਜ ਅੰਮਿ੍ਤਸਰ ਦੀ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨਾਲ ਲਗਾਤਾਰ ਵਿਤਕਰਾ ਕਰਨ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਅਧਿਆਪਕਾਂ ਨੇ ਜੰਮ ਕੇ ਨਾਅਰੇਬਾਜੀ ਕਰਕੇ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਇਜਹਾਰ ਕੀਤਾ। ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਇਸ ਸਾਲ ਦੇ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ 2016 ਵਿੱਚ ਲਾਗੂ ਕੀਤੇ ਸਤਵੇਂ ਪੇਅ ਕਮਿਸ਼ਨ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਛੇ ਸਾਲ ਪ੍ਰਵਾਨ ਹੀ ਨਹੀਂ ਕੀਤਾ। ਜੇਕਰ ਹੁਣ ਪੰਜਾਬ ਦੀ ਨਵੀਂ ਸਰਕਾਰ ਨੇ ਵਿਧਾਨ ਸਭਾ ਵਿੱਚੋਂ ਨਵਾਂ ਪੇਅ-ਕਮਿਸ਼ਨ ਪਾਸ ਕੀਤਾ ਤਾਂ ਨੋਟੀਫੀਕੇਸ਼ਨ ਨੂੰ ਇੱਕ ਸਾਲ ਲਗਾ ਦਿੱਤਾ। ਹੁਣ ਸਤੰਬਰ 2022 ਤੋਂ ਨਵੇਂ ਪੇਅ-ਗਰੇਡ ਅਨੁਸਾਰ ਮਿਲਣ ਵਾਲੀ ਤਨਖ਼ਾਹ ਨੂੰ ਅਧਿਆਪਕ ਅਜੇ ਵੀ ਉਡੀਕ ਰਹੇ ਹਨ।

ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਸਕੱਤਰ ਡਾ. ਹੀਰਾ ਸਿੰਘ ਨੇ ਇਸ ਰੋਸ ਧਰਨੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਹਰ ਕਾਲਜ ਵਿੱਚ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ, ਕਾਲੇ ਬਿੱਲੇ ਲਗਾ ਕੇ ਦੋ ਪੀਰੀਅਡ ਹੜਤਾਲ ਤੇ ਬੈਠਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਅਨੁਸਾਰ ਚੌਥੇ ਅਤੇ ਪੰਜਵੇਂ ਪੀਰੀਅਡ ਦੌਰਾਨ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਸਾਰੇ ਮੈਂਬਰ ਪਿ੍ੰਸੀਪਲ ਦਫਤਰ ਨੇੜੇ ਪੋਰਚ ਵਿੱਚ ਇਕੱਠੇ ਹੋ ਕੇ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦੀ ਉਚੇਰੀ ਸਿੱਖਿਆ ਪ੍ਰਤੀ ਪਿਛਲੀਆਂ ਸਰਕਾਰਾਂ ਵਾਲੀ ਮਾਰੂ ਨੀਤੀ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਦੱਸਿਆ ਕਿ ਅਧਿਆਪਕ ਆਪਣੀ ਜੱਥੇਬੰਦੀ ਅਧੀਨ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਰਬਾਦ ਨਹੀਂ ਹੋਣ ਦੇਣਗੇ ਅਤੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਅਧਿਆਪਕਾਂ ਦੀਆਂ ਮੁੱਖ ਮੰਗਾਂ ਬਾਰੇ ਯੂਨੀਅਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸਤਵਾਂ ਪੇਅ ਕਮਿਸ਼ਨ ਜਲਦੀ ਤੋਂ ਜਲਦੀ ਸਾਰੇ ਕਾਲਜਾਂ ਵਿੱਚ ਲਾਗੂ ਕਰਵਾਉਣਾ, ਕਾਲਜ ਅਧਿਆਪਕਾਂ ਦੀਆਂ ਸਾਰੀਆਂ ਪੋਸਟਾਂ ਨੂੰ ਗ੍ਰਾਂਟ-ਇਨ-ਏਡ ਸਕੀਮ ਅਧੀਨ ਲਿਆਉਣਾ, 75% ਗ੍ਰਾਂਟ ਸਕੀਮ ਨੂੰ 95% ਗ੍ਰਾਂਟ ਸਕੀਮ ਵਿੱਚ ਮਰਜ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣਾ ਅਤੇ ਡੀ. ਪੀ. ਆਈ. ਦਫਤਰ ਨੂੰ ਰਿਸ਼ਵਤ ਮੁਕਤ ਕਰਨਾ ਮੁੱਖ ਰੂਪ ਵਿੱਚ ਸ਼ਾਮਲ ਹਨ। ਇਸ ਰੋਸ ਧਰਨੇ ਵਿੱਚ ਖ਼ਾਲਸਾ ਕਾਲਜ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

Read News Paper

Related articles

spot_img

Recent articles

spot_img