ਪੰਜਾਬ ਪੋਸਟ/ਬਿਓਰੋ
ਇਰਾਨ ਅਤੇ ਇਜ਼ਰਾਈਲ ਵਿਚਕਾਰ ਸਿੱਧੀ ਧਮਕੀ ਤੋਂ ਬਾਅਦ ਡਰੋਨ ਅਤੇ ਕਰੂਜ਼ ਮਿਜ਼ਾਇਲ ਹਮਲੇ ਨਾਲ ਮੱਧ ਏਸ਼ੀਆ ਵਿੱਚ ਜੰਗ ਦਾ ਇੱਕ ਹੋਰ ਮੁਹਾਜ਼ ਖੁੱਲ੍ਹਦਾ ਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਅਮਰੀਕਾ ਦੀ ਯੂਕਰੇਨ ਅਤੇ ਫਲਸਤੀਨ ਜੰਗ ਤੋਂ ਬਾਅਦ ਸਿੱਧੀ ਭੂਮਿਕਾ ਜਾਹਰਾ ਤੌਰ ’ਤੇ ਨਜ਼ਰ ਆ ਰਹੀ ਹੈ। ਭਾਵੇਂ ਇਰਾਨ ਫਲਸਤੀਨ ਯੁੱਧ ਵਿੱਚ ਇਜ਼ਰਾਈਲ ਵਿਰੁੱਧ ਡਟੇ ਲੜਾਕੂ ਗਰੁੱਪਾਂ ਨੂੰ ਪਹਿਲਾਂ ਤੋਂ ਹੀ ਸਮਰਥਨ ਦੇ ਰਿਹਾ ਹੈ, ਪਰ 1 ਅਪ੍ਰੈਲ ਨੂੰ ਇਰਾਨ ਦੇ ਸੀਰੀਆ ਵਿੱਚ ਸਥਾਪਤ ਇਰਾਨ ਦੇ ਵਣਜ ਦੂਤਘਰ ’ਤੇ ਹੋਏ ਇਜ਼ਰਾਈਲੀ ਹਮਲੇ ਤੋਂ ਬਾਅਦ ਇਰਾਨ ਨੇ ਜਲਦੀ ਹੀ ਇਜ਼ਰਾਈਲ ਤੋਂ ਇਸਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ।
ਕੱਲ੍ਹ ਇਰਾਨ ਦੀ ਰੈਵੋਲੂਸ਼ਨਰੀ ਗਾਰਡ ਫੋਰਸ ਦੇ ਕਮਾਡੋਜ਼ ਨੇ ਇਜ਼ਰਾਈਲ ਦੇ ਇੱਕ ਕੰਨਟੇਨਰਸ਼ਿਪ ਨੂੰ ਹੋਰਮੁਜ ਖਾੜੀ ਨੇੜੇ ਅਗਵਾ ਕਰ ਰੱਖਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਲੁਕਵੀਂ ਜੰਗ ਤੋਂ ਬਾਅਦ ਇਰਾਨ ਵੱਲੋਂ ਦਾਗੇ 300 ਮਿਜ਼ਾਇਲ ਅਤੇ ਡਰੋਨ ਹਮਲੇ ਭਾਵੇਂ ਇਜਰਾਈਲ ਨੇ ਰਾਹ ਵਿੱਚ ਹੀ ਨਸ਼ਟ ਕਰ ਦਿੱਤੇ, ਪਰ ਦੋਨਾਂ ਦੇਸ਼ਾਂ ਵਿੱਚ ਕਿਸੇ ਵੀ ਸਮੇਂ ਵੱਡੇ ਹਮਲੇ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ।
ਓਧਰ ਅਮਰੀਕਾ ਨੇ ਇਰਾਨ ਦੇ ਮਨਸੂਬਿਆਂ ਭਾਂਪਦਿਆਂ ਇਜ਼ਰਾਈਲ ਦੀ ਸੁਰੱਖਿਆ ਲਈ ਜੰਗੀ ਬੇੜਾ ਲਿਆ ਖੜ੍ਹਾ ਕੀਤਾ ਹੈ। ਇਰਾਨੀ ਹਮਲੇ ਨੂੰ ਅਸਫਲ ਕਰਨ ਵਿੱਚ ਇਸੇ ਬੇੜੇ ਤੋਂ ਸਹਾਇਤਾ ਪ੍ਰਦਾਨ ਕੀਤੀ ਗਈ। ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ “ਮਿਲ ਕੇ ਅਸੀਂ ਜਿੱਤਾਂਗੇ’’ ਦੀ ਸਹੁੰ ਖਾਧੀ ਪਰ ਅਜੇ ਇਹ ਅਸਪੱਸ਼ਟ ਹੈ ਕਿ ਇਜ਼ਰਾਈਲ ਦਾ ਜਵਾਬ ਕੀ ਹੋਵੇਗਾ।
ਓਧਰ ਰਾਸ਼ਟਰਪਤੀ ਜੋਅ ਬਾਈਡਨ ਨੇ ਸ਼ਨੀਵਾਰ ਨੂੰ ਤਣਾਅ ਵਧਣ ਕਾਰਨ ਵਾਈਟ ਹਾਊਸ ਵਾਪਸ ਜਾਣ ਲਈ ਡੇਲਾਵੇਅਰ ਦੀ ਯਾਤਰਾ ਨੂੰ ਸੀਮਤ ਕਰਨ ਉਪਰੰਤ ਇਜ਼ਰਈਲੀ ਆਗੂ ਨੇਤਨਯਾਹੂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ “ਇਰਾਨ ਦੇ ਬੇਰਹਿਮ ਹਮਲੇ ਲਈ ਇੱਕ ਸੰਯੁਕਤ ਕੂਟਨੀਤਕ ਜਵਾਬ ਵਿੱਚ ਤਾਲਮੇਲ ਕਰਨ ਲਈ ਮੇਰੇ ਸਾਥੀ ਜੀ-7 ਨੇਤਾਵਾਂ ਨੂੰ ਬੁਲਾਵੇਗਾ।’’ ਇਰਾਨ-ਇਜ਼ਰਾਈਲ ਵਿਚਕਾਰ ਟੱਕਰ ਨਾਲ ਮੱਧ ਏਸ਼ੀਆ ਵਿੱਚ ਜੰਗ ਦੇ ਬੱਦਲ ਮੰਡਰਾਉਣ ਲੱਗੇ ਮੀਟਿੰਗ ਵਿੱਚ ਇਰਾਨ ਦੇ ਆਲਮੀ ਸ਼ਾਤੀ ਲਈ ਖਤਰੇ ਦੇ ਖਦਸ਼ੇ ਨੂੰ ਦੱਸ ਕੇ ਉਸ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਨ ਵਾਲੇ ਦੇਸ਼ ਵੀ ਕਤਾਰਵਧ ਹੋ ਰਹੇ ਹਨ।
ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਐਤਵਾਰ ਨੂੰ ਇਜ਼ਰਾਈਲ ’ਤੇ ਈਰਾਨ ਦੇ ਹਮਲਿਆਂ ’ਤੇ ਚਰਚਾ ਕਰਨ ਲਈ ਬੈਠਕ ਬੁਲਾ ਰਿਹਾ ਹੈ। ਇਜ਼ਰਾਈਲ ਨੇ ਕੌਂਸਲ ਨੂੰ ਇਰਾਨ ਦੀ ਨਿੰਦਾ ਕਰਨ ਅਤੇ ਇਰਾਨ ਦੀ ਕਮਾਂਡੋ ਫੋਰਸ ਆਈ. ਆਰ. ਜੀ. ਸੀ. ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਦੀ ਅਪੀਲ ਕੀਤੀ। ਓਧਰ ਈਰਾਨ ਨੇ ਵੀ ਆਪਣੇ ਦਮਿਸ਼ਕ ਵਣਜ ਦੂਤਘਰ ’ਤੇ ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕਰਨ ਵਿੱਚ ਸੁਰੱਖਿਆ ਕੌਂਸਲ ਦੀ ਅਸਫਲ ਰਹਿਣ ਕਾਰਨ ਹੀ ਆਪਣੇ ਜਵਾਬੀ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੁੱਲ ਮਿਲਾ ਕੇ ਇਰਾਨ-ਇਜ਼ਰਾਈਲ ਵਿੱਚ ਛਿੜਿਆ ਯੁੱਧ ਵਰਗਾ ਮਹੌਲ ਛੇਤੀ ਠੰਡਾ ਹੋਣ ਦੇ ਅਸਾਰ ਮੱਧਮ ਹਨ।