ਪੰਜਾਬ ਪੋਸਟ/ਬਿਓਰੋ
ਹਿੰਦ ਮਹਾਸਾਰ ’ਚ ਵਸਿਆ ਅਤੇ ਸੈਲਾਨੀਆਂ ਦੀ ਪਸੰਦੀਦਾ ਦੇਸ਼ ਮਾਰੀਸ਼ਸ ਤੁਫਾਨ ਦੀ ਵਿਆਪਕ ਤਬਾਹੀ ਨਾਲ ਇੱਕ ਅਣਕਿਆਸੇ ਮੰਜ਼ਰ ਵਿੱਚ ਤਬਦੀਲ ਹੋ ਗਿਆ ਹੈ। ਇਸ ਸੁੰਦਰ ਟਾਪੂਨੁਮਾ ਦੇਸ਼ ਵਿੱਚ ਆਏ ਬਿਲਾਲ ਨਾਂ ਦੇ ਚੱਕਰਵਾਤੀ ਤੁਫਾਨ ਨਾਲ ਹਜਾਰਾਂ ਇਮਾਰਤਾਂ ਪਾਣੀ ਨਾਲ ਭਰ ਗਈਆਂ, ਬਿਜਲੀ ਸਪਲਾਈ ਬੰਦ ਪਈ ਹੈ ਅਤੇ ਸ਼ਹਿਰ ਦੇ ਗਲੀਆਂ ਬਜਾਰਾਂ ਵਿੱਚ ਕਾਰਾਂ ਪਾਣੀ ਵਿੱਚ ਤੈਰਦੀਆਂ ਨਜ਼ਰ ਆ ਰਹੀਆਂ ਹਨ।
ਤੁਫਾਨ ਨਾਲ ਵੱਡੀ ਗਿਣਤੀ ਵਿੱਚ ਹਵਾਈ ਉਡਾਣਾਂ ਅਤੇ ਹਵਾਈ ਅੱਡਾ ਬੰਦ ਰਿਹਾ। ਇਸ ਤੁਫਾਨ ਨੇ ਫ੍ਰੈਚ ਵਿਦੇਸ਼ੀ ਖੇਤਰ ਵਿੱਚ ਇੱਕ ਵਿਅਕਤੀ ਦੀ ਜਾਨ ਵੀ ਲਈ ਹੈ। ਦੇਸ਼ ਦੀ ਨੈਸ਼ਨਲ ਐਮਰਜੈਂਸੀ ਓਪ੍ਰੇਸ਼ਨਜ ਕਮਾਂਡ ਨੇ ਲੋਕਾਂ ਨੂੰ ਖਤਰੇ ਵਾਲੇ ਖੇਤਰਾਂ ਵਿੱਚ ਸਾਵਧਾਨੀ ਨਾਲ ਵਿਚਰਨ ਨੂੰ ਕਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਪਰਾਵਿੰਦ ਕੁਮਾਰ ਨੇ ਇੱਕ ਟੀ. ਵੀ. ਸੰਦੇਸ਼ ਵਿੱਚ ਭਵਿੱਖ ਵਿੱਚ ਸਤਰਕ ਰਹਿਣ ਦੀ ਸਲਾਹ ਨਾਲ ਮੌਸਮੀ ਮਿਜਾਜ ਬਾਰੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਸਮੁੰਦਰ ਵਿੱਚੋਂ ਅਜੇ ਵੀ 7-7 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਨਾਲ ਕਈ ਥਾਵਾਂ ’ਤੇ ਗਰਜਦੇ ਤੁਫਾਨ ਆ ਸਕਦੇ ਹਨ।
ਸੈਰ-ਸਪਾਟਾ ਸਨਅਤ ਹੀ ਪਾਣੀਆਂ ’ਚ ਘਿਰੇ ਇਸ ਦੇਸ਼ ਦੀ ਅਰਥਿਕਤਾ ਨੂੰ ਵੱਡਾ ਹੁਲਾਰਾ ਹੈ। ਹਰ ਸਾਲ ਦੁਨੀਆ ਭਰ ਤੋਂ ਲਗਭਗ 1 ਮਿਲੀਅਨ ਸੈਲਾਨੀ ਮਾਰੀਸਸ਼ ਦੇ ਸਫੇਦ ਬੀਚਾਂ ਅਤੇ ਗਹਿਰੇ ਨੀਲੇ ਪਾਣੀਆਂ ਨੂੰ ਨਿਹਾਰਨ ਆਉਂਦੇ ਹਨ। ਇਸਦੇ ਨਾਲ ਹੀ ਦੇਸ਼ ਦੀ ਹੋਟਲ ਇੰਡਸਟਰੀ ਤੇ ਆਵਾਜਾਈ ਕਾਰੋਬਾਰ ਵੀ ਜੁੜਿਆ ਹੋਇਆ ਹੈ। ਚਕਰਵਾਤੀ ਤੁਫਾਨ ਦੇ ਝੰਬੇ ਮਾਰੀਸ਼ਸ਼ ਦੇ ਸੈਰ ਸਪਾਟਾ ਉਦਯੋਗ ਨੂੰ ਮੁੜ ਲੀਹ ’ਤੇ ਆਉਣ ਨੂੰ ਅਜੇ ਸਮਾਂ ਲੱਗੇਗਾ।