ਚੇਨਈ/ਪੰਜਾਬ ਪੋਸਟ
ਦੱਖਣੀ ਭਾਰਤ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਚੇਨਈ ਦੇ ਅਨੁਸਾਰ ਚੱਕਰਵਾਤ ਫੇਂਗਲ ਦੇ ਅੱਜ ਦੁਪਹਿਰ ਦੇ ਆਸਪਾਸ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਓਥੋਂ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਮਛੇਰਿਆਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਚੱਕਰਵਾਤ ਪੁਡੂਚੇਰੀ ਦੇ ਨੇੜੇ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਉੱਚੀਆਂ ਲਹਿਰਾਂ ਲਈ ਵੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਇਸੇ ਕਰਕੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਚੇਨਈ, ਚੇਂਗਲਪੱਟੂ, ਕਾਂਚੀਪੁਰਮ, ਤਿਰੂਵੱਲੁਰ, ਕੁੱਡਲੋਰ, ਵਿੱਲੂਪੁਰਮ, ਕਾਲਾਕੁਰੀਚੀ ਅਤੇ ਮੇਇਲਾਦੁਥੁਰਾਈ ਸਮੇਤ ਤਾਮਿਲਨਾਡੂ ਦੇ ਅੱਠ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ, ਜਿੱਥੇ ਅੱਜ ਸ਼ਾਮ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।