ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਵਿਧਾਨ ਸਭਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਬੁਲਾਇਆ ਗਿਆ ਸੀ ਜਿਸ ਵਿੱਚ ਹਰਿਆਣਾ ਨਾਲ ਪਾਣੀ ਦੀ ਵੰਡ ਦੇ ਵਿਵਾਦ ‘ਤੇ ਚਰਚਾ ਕਰਨ ਉਪਰੰਤ ਇੱਕ ਮਤਾ ਪਾਸ ਕੀਤਾ ਗਿਆ ਹੈ। ਸਵੇਰੇ ਵਿਧਾਨ ਸਭਾ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਕਾਇਰਤਾਪੂਰਨ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਇਸ ਉਪਰੰਤ ਪੰਜਾਬ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਡੈਮ ਸੇਫਟੀ ਐਕਟ 2021 ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ‘ਇਹ ਸਦਨ ਡੈਮ ਸੇਫਟੀ ਐਕਟ 2021 ਨੂੰ ਪੰਜਾਬ ਦੇ ਅਧਿਕਾਰਾਂ ਉਪਰ ਹਮਲਾ ਸਮਝਦਾ ਹੈ। ਇਹ ਕਾਨੂੰਨੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਨੂੰ ਤਾਕਤ ਦਿੰਦਾ ਹੈ, ਕਿ ਉਹ ਰਾਜਾਂ ਦੀਆਂ ਨਦੀਆਂ ਅਤੇ ਬੰਨ੍ਹਾਂ ਉਪਰ ਸਿੱਧਾ ਕੰਟਰੋਲ ਕਰ ਸਕੇ ਭਾਵੇਂ ਕਿ ਇਹ ਬੰਨ੍ਹ ਪੂਰੀ ਤਰ੍ਹਾਂ ਰਾਜ ਦੀ ਸੀਮਾ ਦੇ ਅੰਦਰ ਹਨ। ਇਹ ਭਾਰਤ ਦੇ ਸੰਵਿਧਾਨਕ ਢਾਂਚੇ ਦੇ ਬਿਲਕੁੱਲ ਖਿਲਾਫ ਹੈ ਅਤੇ ਪੰਜਾਬ ਰਾਜ ਨੂੰ ਪਾਣੀ ਉਪਰ ਮਿਲੇ ਸੰਵਿਧਾਨਕ ਅਧਿਕਾਰਾਂ ਉਪਰ ਸਿੱਧਾ ਹਮਲਾ ਹੈ’। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਹਰਿਆਣਾ ਨੂੰ 4000 ਕਿਊਸਿਕ ਹੀ ਪਾਣੀ ਦੇਵੇਗਾ ਇਸ ਤੋਂ ਵੱਧ ਇਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਕੁਲਤਾਰ ਸਿੰਘ ਸੰਧਵਾਂ ਨੇ ਮਤਾ ਪਾਸ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਬੀਬੀਐਮਬੀ ਦਾ ਪੁਨਰਗਠਨ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਹਰਿਆਣਾ ਨੇ ਮਾਰਚ ਤੱਕ ਆਪਣੇ ਅਲਾਟ ਕੀਤੇ ਪਾਣੀ ਦਾ 103 ਪ੍ਰਤੀਸ਼ਤ ਇਸਤੇਮਾਲ ਕਰ ਲਿਆ ਹੋਇਆ ਹੈ।