18.4 C
New York

ਦਮਦਮੀ ਟਕਸਾਲ ਵੱਲੋਂ ਅੰਮ੍ਰਿਤਸਰ ‘ਚ ਪੰਥਕ ਇਕੱਠ ਜ਼ਰੀਏ ਜਥੇਦਾਰਾਂ ਦੀ ਬਹਾਲੀ ਸਬੰਧੀ ਅਹਿਮ ਮਤੇ ਪਾਸ

Published:

Rate this post

ਅੰਮ੍ਰਿਤਸਰ/ਪੰਜਾਬ ਪੋਸਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਲੀ ਵਰ੍ਹੇ ਸਾਲ 2025-26 ਦੇ ਬਜਟ ਸਮਾਗਮ ਦਰਮਿਆਨ ਜਿੱਥੇ ਨਵੇਂ ਮਾਲੀ ਵਰ੍ਹੇ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਪੇਸ਼ ਕੀਤਾ ਗਿਆ ਓਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਦੇ ਮਾਮਲੇ ਨੂੰ ਲੈ ਕੇ ਮੰਗ ਉਭਾਰੀ ਗਈ। ਇਸੇ ਮੰਗ ਨੂੰ ਲੈ ਕੇ ਦਮਦਮੀ ਟਕਸਾਲ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਦੇ ਦਫਤਰ ਨੇੜੇ ਰੋਸ ਧਰਨਾ ਅਤੇ ਪੰਥਕ ਇਕੱਠ ਕੀਤਾ ਗਿਆ। ਸ. ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ,ਪ੍ਰਧਾਨ ਸੰਤ ਸਮਾਜ ਅਤੇ ਸਮੂਹ ਜਥੇਬੰਦੀਆਂ ਅਤੇ ਸਿੱਖ ਸੰਤ ਸਮਾਜ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਰ ਕਮੇਟੀ, ਚੀਫ ਖਾਲਸਾ ਦੀਵਾਨ, ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਜਥੇਬੰਦੀ, ਸੰਗਤਾਂ ਦੀ ਅਗਵਾਈ ਵਿਚ ਅਹਿਮ ਮਤੇ ਪਾਸ ਕੀਤੇ ਗਏ। ਪ੍ਰਮੁੱਖ ਮਤੇ ਤਹਿਤ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵਜੋਂ ਨਿਯੁਕਤੀ ਰੱਦ ਕੀਤੀ ਗਈ।
ਦੂਜੇ ਮਤੇ ਤਹਿਤ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਤਖਤ ਸਾਹਿਬਾਨਾਂ ਦੇ ਜਥੇਦਾਰ ਵਜੋਂ ਤੁਰੰਤ ਸੇਵਾ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ। ਇਸੇ ਤਰਾਂ, ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਸੇਵਾ ਸੌਂਪਣ ਦਾ ਅਤੇ ਸੇਵਾ ਮੁਕਤ ਕਰਨ ਦਾ ਵਿਧੀ ਵਿਧਾਨ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਚੀਫ ਖਾਲਸਾ ਦੀਵਾਨ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸਿੱਖ ਵਿਦਵਾਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਬਣਾਏ ਜਾਣ ਦੀ ਗੱਲ ਵੀ ਉੱਠੀ। ਇੱਕ ਹੋਰ ਮਤੇ ਤਹਿਤ, ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਤਿੰਨੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੂੰ 15 ਅਪ੍ਰੈਲ ਦਿਨ ਮੰਗਲਵਾਰ 2025 ਤੋਂ ਪਹਿਲਾਂ ਪਹਿਲਾਂ ਬਹਾਲ ਕਰਨ ਅਤੇ ਨਵੀਆਂ ਨਿਯੁਕਤੀਆਂ ਨੂੰ ਰੱਦ ਨਾ ਕੀਤੇ ਜਾਣ ਦੀ ਸੂਰਤ ਵਿੱਚ ਅਗਲਾ ਪ੍ਰੋਗਰਾਮ ਉਲੀਕਣ ਵਾਸਤੇ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਚੀਫ਼ ਖਾਲਸਾ ਦੀਵਾਨ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸ਼ਵਰੇ ਨਾਲ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

Read News Paper

Related articles

spot_img

Recent articles

spot_img