ਨਵੀਂ ਦਿੱਲੀ/ਪੰਜਾਬ ਪੋਸਟ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ’ਤੇ ਦਸਤਖ਼ਤ ਕਰ ਕੇ, ਇਸ ਨੂੰ ਪ੍ਰਵਾਨਗੀ ਦੇ ਦਿਤੀ ਹੈ। ਹੁਣ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਪੰਜਾਬ ਦੇ ਜਥੇਦਾਰ ਨੂੰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ, ਪਰ ਜਥੇਦਾਰ ਕੋਲ ਵੋਟ ਦਾ ਹੱਕ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ 4 ਤਖ਼ਤਾਂ ਦੇ ਜਥੇਦਾਰ ਪਹਿਲਾਂ ਹੀ ਦਿੱਲੀ ਕਮੇਟੀ ਦੇ ਨਾਮਜ਼ਦ ਮੈਂਬਰ ਹੁੰਦੇ ਹਨ। ਰਾਸ਼ਟਰਪਤੀ ਵਲੋਂ 17 ਜੂਨ ਨੂੰ ਐਕਟ ਵਿਚ ਸੋਧ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਵਿਧਾਈ ਮਾਮਲਿਆਂ ਬਾਰੇ ਮਹਿਕਮੇ ਨੇ 24 ਜੂਨ ਨੂੰ ਨੋਟੀਫ਼ੀਕੇਸ਼ਨ ਜਾਰੀ ਕਰ ਕੇ, ਦਿੱਲੀ ਸਿੱਖ ਗੁਰਦੁਆਰਾ ਐਕਟ-1971 ਦੀ ਧਾਰਾ 4 ਦੀ ਮਦ -(ਬੀ) (1971 ਦੀ 82ਵੀਂ ਮਦ) ਵਿਚ ਸੋਧ ਕਰ ਦਿੱਤੀ ਹੈ।






