ਸੰਸਾਰ ਦੇ ਧਾਰਮਿਕ ਗ੍ਰੰਥਾਂ ਦੇ ਇਤਿਹਾਸ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਿਰਜਣਾ ਨਾਲ ਇੱਕ ਅਦੁੱਤੀ ਮਿਸਾਲ ਕਾਇਮ ਹੋਈ ਕਿਉਂਕਿ ਇਸ ਦੀ ਸਾਰਥਕਤਾ ਤ੍ਰੈਕਾਲ-ਦਰਸ਼ੀ ਅਤੇ ਸਰਬਕਾਲੀ ਮਹੱਤਵ ਵਾਲੀ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਬਾਣੀ ਵਿੱਚੋਂ ਲਗਭਗ 36 ਮਹਾਪੁਰਸ਼ਾਂ ਦੀ ਬਾਣੀ ਦਾ ਅਨੂਠਾ ਪ੍ਰਤਾਪ ਅਸੀਂ ਇੱਕੋ ਗ੍ਰੰਥ ਵਿੱਚ ਦੇਖ ਸਕਦੇ ਹਾਂ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚਲੇ 36 ਮਹਾਂਪੁਰਸ਼ਾਂ (ਛੇ ਗੁਰੂ ਸਾਹਿਬਾਨ, ਪੰਦਰਾਂ ਭਗਤ, ਚਾਰ ਗੁਰੂਘਰ ਦੇ ਸਿੱਖ ਅਤੇ ਗਿਆਰਾਂ ਭੱਟਾਂ) ਦੀ ਬਾਣੀ ਦਾ ਇੱਕ ਗ੍ਰੰਥ ਵਿੱਚ ਸੰਕਲਨ ਹੋਣਾ ਹੀ ਆਪਣੇ ਆਪ ਵਿੱਚ ਇੱਕ ਅਹਿਮ ਗੱਲ ਹੈ ਕਿਉਂਕਿ ਇਹ 36 ਮਹਾਂਪੁਰਸ਼ ਉਸ ਵੇਲੇ ਦੇ ਭਾਰਤ ਵਿਚਲੇ ਸਮਾਜ ਦੇ ਕੋਨੇ-ਕੋਨੇ ਦੀ ਪ੍ਰਤੀਨਿਧਤਾ ਕਰਦੇ ਹਨ ਜੋ ਇੱਕ ਮਹੱਤਵਪੂਰਨ ਗੱਲ ਹੈ। ਅਲੱਗ-ਅਲੱਗ ਇਲਾਕਿਆਂ ਅਤੇ ਅਲੱਗ-ਅਲੱਗ ਜਾਤਾਂ ਦੇ ਇਹਨਾਂ ਦੂਰ-ਅੰਦੇਸ਼ੀ ਅਤੇ ਅਗਾਂਹ-ਵਧੂ ਸੋਚ ਵਾਲੇ ਮਹਾਂਪੁਰਸ਼ਾਂ ਨੇ ਜਦੋਂ ਆਪਣੀ ਬਾਣੀ ਰਾਹੀਂ ਆਪਣੀ ਵਿਚਾਰਧਾਰਾ ਦਾ ਰੁੱਖ ਇੱਕੋ ਸਿਧਾਂਤ ਵੱਲ ਮੋੜਿਆ (ਜੋ ਇੱਕ ਸੱਚੇ-ਸੁੱਚੇ ਮਾਨਵ ਦਾ ਬਿੰਬ ਸਿਜਰਦੀ ਹੈ) ਤਾਂ ਇਹੋ ਸਿਧਾਂਤ ਇੱਕ ਸੁਘੜ-ਸਮਾਜ ਸਿਰਜਣ ਲਈ ਆਧਾਰਸ਼ਿਲਾ ਬਣਦਾ ਹੈ।
ਇੱਕ ਨਰੋਏ ਅਤੇ ਸੁਘੜ ਸਮਾਜ ਦੀ ਸਿਰਜਣਾ ਕਰਨ ਵਾਲੀ ਅਤੇ ਰੂਹਾਨੀ ਤੇ ਦੁਨਿਆਵੀ ਮਸਲਿਆਂ ਨੂੰ ਨਜਿੱਠਣ ਵਾਲੀ ਵਿਚਾਰਧਾਰਾ ਦਾ ਸਰੋਤ ਇਹ ਗ੍ਰੰਥ, ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਕ ਕੀਤਾ ਗਿਆ ਅਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸਦੀਵੀ ਗੁਰਿਆਈ ਬਖਸ਼ ਕੇ, ਸਿੱਖ ਮੱਤ ਦੇ ਅਨੁਯਾਈਆਂ ਨੂੰ ਇਸ ਦੇ ਲੜ ਲਾ ਕੇ (ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ) ਉਨ੍ਹਾਂ ਦਾ ਇਸ਼ਟ-ਰੂਪ ਸਥਾਪਤ ਕਰ ਦਿੱਤਾ।
ਬੇਸ਼ੱਕ ਇਸ ਦਾ ਵਾਸਤਵਿਕ ਮੁੱਦਾ ਅਧਿਆਤਮਕ ਰੰਗਤ ਵਾਲਾ ਹੈ ਅਰਥਾਤ ਆਤਮਾ ਤੇ ਪ੍ਰਮਾਤਮਾ ਦੇ ਸਦੀਵੀ ਅਤੇ ਅਟੁੱਟ ਸਬੰਧਾਂ ਦਾ ਉਲੇਖ ਹੈ ਪਰ ਫਿਰ ਵੀ ਇਸ ਨੂੰ ਸਮਾਜਿਕ, ਦਾਰਸ਼ਨਿਕ, ਭਾਈਚਾਰਾ, ਸੱਭਿਆਚਾਰਕ ਅਤੇ ਵਿਚਾਰਧਾਰਕ ਦਿ੍ਰਸ਼ਟੀ ਤੋਂ ਵੀ ਵਾਚਿਆ ਜਾ ਸਕਦਾ ਹੈ। ਇੱਥੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਮਾਜਿਕ ਰੂਪ, ਜਿਸ ਵਿੱਚ ਇੱਕ ਸੁਚੱਜਾ ਸਮਾਜ ਸਿਰਜਣ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਯੋਗਦਾਨ ਬਾਰੇ ਵਿਚਾਰ ਕੀਤੀ ਜਾਣੀ ਹੈ ਜੋ ਸਮਕਾਲੀਨ ਤੇ ਅਜੋਕੇ ਸਮੇਂ ਵਿੱਚ ਵੀ ਬਰਕਰਾਰ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮਾਜ ਦੇ ਵੱਖ-ਵੱਖ ਪਹਿਲੂਆਂ ਦੀਆਂ ਪ੍ਰਸਥਿਤੀਆਂ ਬਾਰੇ ਚਾਨਣਾ ਪਾਉਂਦਾ ਹੈ।
ਗੁਰਬਾਣੀ ਵਿੱਚ ਭਗਤੀ ਦਾ ਸੰਕਲਪ ਅਧਿਆਤਮਕ-ਸਮਾਜਿਕ ਗੁਣਾਂ ਦੇ ਆਧਾਰ ਅਤੇ ਸੰਚਾਰ ਉੱਤੇ ਆਧਾਰਿਤ ਹੈ। ਇਹ ਸਰੀਰਕ-ਤਪ, ਘਰ-ਤਿਆਗ ਤੇ ਜੰਗਲ-ਭ੍ਰਮਣ ਆਦਿ ਜਿਹੇ ਪੱਖਾਂ ਨੂੰ ਸਪੱਸ਼ਟ ਰੂਪ ਵਿੱਚ ਰੱਦ ਕਰਦਾ ਹੈ। ਗੁਰਬਾਣੀ ਦਾ ਅਧਿਆਤਮਕ ਫਲਸਫਾ ਪੂਰਨ ਰੂਪ ਵਿੱਚ ਸਮਾਜਿਕ ਪਰਿਪੇਖ ਵਿੱਚ ਲਾਗੂ ਹੋਣ ਵਾਲਾ ਹੈ। ਇਹ ਅਧਿਆਤਮਕਤਾ ਕੇਵਲ ਵਿਅਕਤੀ ਦਾ ਵਿਅਕਤੀਗਤ ਸਰੋਕਾਰ ਨਹੀਂ ਸਗੋਂ ਇਹ ਤਾਂ ਸਮਾਜਿਕ ਆਧਾਰਸ਼ਿਲਾਵਾਂ ਉੱਪਰ ਹੀ ਉਸਰਦਾ ਹੈ।
‘ਸ੍ਰੀ ਗੁਰੂ ਗੰ੍ਰਥ ਸਾਹਿਬ’ ਵਿੱਚ ਸਫਲ ਮਾਨਵ ਯਾਤਰਾ ਲਈ ਪ੍ਰਭੂ ਭਗਤੀ ਅਤੇ ਸਮਾਜਿਕ ਜੀਵਨ ਨੂੰ ਇੱਕ ਦੂਜੇ ਦੇ ਪੂਰਕ ਮੰਨਿਆ ਗਿਆ ਹੈ। ਸਮਾਜ ਦੇ ਸਦਾਚਾਰਕ ਗੁਣਾਂ ਤੋਂ ਬਿਨਾਂ ਭਗਤੀ ਪ੍ਰਵਾਨ ਨਹੀਂ ਕੀਤੀ ਗਈ।
ਅਧਿਆਤਮਿਕਤਾ ਦੇ ਨਾਲ-ਨਾਲ ਵਿਵਹਾਰਕ ਜੀਵਨ ਪੱਖ ਨੂੰ ਇਕਸੁਰ ਤੇ ਉੱਚਾ-ਸੁੱਚਾ ਕਰਨ ਉੱਪਰ ਜ਼ੋਰ ਅਤੇ ਪ੍ਰਲੋਕ ਦੀ ਥਾਂ ਲੋਕ ਜੀਵਨ ਨੂੰ ਸੁਚੇਰਾ ਤੇ ਚੰਗੇਰਾ ਬਣਾਉਣ ਦੀ ਲੋੜ ਨੂੰ ਪਹਿਲ, ਆਦਿ ਅਜਿਹੀਆਂ ਗੱਲਾਂ ਹਨ ਜੋ ਜਨ-ਸਾਧਾਰਨ ਲਈ ਵਿਕਾਸ ਤੇ ਵਿਗਾਸ ਪੰਧ ਉੱਪਰ ਚੱਲਣ ਲਈ ਸਮਾਜਕ ਭੂਮਿਕਾ ਤਿਆਰ ਕਰਦੀਆਂ ਹਨ।
‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਮਾਜਿਕ ਭੂਮਿਕਾ ਮਨੱੁਖ ਨੂੰ ਰੱਬ ਨਾਲੋਂ ਤੋੜਨ ਦੀ ਥਾਂ ਨਾ ਕੇਵਲ ਜੋੜਦੀ ਹੈ ਸਗੋਂ ਮਨੁੱਖ ਦਾ ਸੁਚੱਜਾ, ਚੱਜ-ਅਚਾਰ ਨਿਸ਼ਚਿਤ ਕਰਕੇ ਉਸ ਉੱਪਰ ਅਮਲ ਕਰਨ ਅਤੇ ੳਸ ਦੀ ਕੀਮਤ ਪਛਾਨਣ ਹਿੱਤ ਸਹਾਇਤਾ ਵੀ ਕਰਦੀ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਬਾਣੀਕਾਰ ਪ੍ਰਮਾਤਮਾ ਨਾਲ ਜੁੜਦਿਆਂ ਮਾਨਵ ਜੀਵਨ ਦੇ ਸਦਾ ਵਿਗਾਸ ਲਈ ਵਧੇਰੇ ਗਤੀਸ਼ੀਲ ਰਹਿੰਦੇ ਹਨ। ਡਾ. ਵਜੀਰ ਸਿੰਘ ਦੇ ਅਨੁਸਾਰ ‘‘ਗੁਰਬਾਣੀ ਮੂਲ ਵਿੱਚ ਗੁਰੂ ਸਾਹਿਬਾਨ ਦੇ ਅਧਿਆਤਮਵਾਦ ਦਾ ਕਾਵਿਕ (ਬਾਣੀ) ਪ੍ਰਗਟਾਵਾ ਹੈ ਜਿਸ ਦਾ ਮਨੋਰਥ ਮਨੁੱਖ ਦਾ ਆਤਮਿਕ ਕਲਿਆਣ ਹੈ। ਇਸ ਦਾ ਦੂਸਰਾ ਪੱਖ ਕਰਤੱਵਾਂ ਦੀ ਪਾਲਣਾ ਹੈ ਜੋ ਮਨੁੱਖ ਸੁਚੱਜੀ ਜੀਵਨ ਸ਼ੈਲੀ ਵਿਕਸਤ ਕਰਨ ਵਿੱਚ ਸਹਾਈ ਹੈ।’’
ਸਮਾਜਕ ਬਰਾਬਰਤਾ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰਚਨਾਕਾਰ ਪੱਕੀ ਤਰ੍ਹਾਂ ਸੁਦਿ੍ਰੜ੍ਹ ਹਨ। ਉਨ੍ਹਾਂ ਸਭ ਦਾ ਸੰਦੇਸ਼, ਸਾਰੇ ਮਨੁੱਖ ਇੱਕ ਸਮਾਨ ਹਨ, ਕੋਈ ਊਚ-ਨੀਚ ਨਹੀਂ ਅਤੇ ਸਭ ਉਸ ਪ੍ਰਮਾਤਮਾ ਦੇ ਪੁੱਤਰ ਹਨ, ਦੇ ਵੱਲ ਹੈ। ਉਨ੍ਹਾਂ ਦੁਆਰਾ ‘ਪ੍ਰਮਾਤਮਾ’ ਸਾਰਿਆਂ ਦਾ ਸਾਂਝਾ ਪਿਤਾ ਕਹਿਣ ਤੋਂ ਭਾਵ ਸਮਾਜਿਕ ਵੰਡ ਤੇ ਵਖਰੇਵੇਂ ਨੂੰ ਖਤਮ ਕਰਕੇ ਇੱਕ ਅਜਿਹੀ ਏਕਤਾ ਵਿੱਚ ਪ੍ਰੋਣਾ ਹੈ ਜਿਸ ਵਿੱਚ ਇਨਸਾਨ ਸਮਾਜਿਕ ਏਕਤਾ ਦਾ ਅਲੰਬਰਦਾਰ ਬਣੇ। ਪ੍ਰੋ. ਕਿਸ਼ਨ ਸਿੰਘ ਦੇ ਸ਼ਬਦਾਂ ਵਿੱਚ, ‘‘ਰੱਬ ਵਿੱਚ ਲੀਨ ਹੋਣਾ ਨਿਗਾ ਰੂਹਾਨੀਅਤ ਹੀ ਨਹੀਂ ਰਹਿ ਜਾਂਦੀ, ਸਮਾਜਿਕ ਏਕਤਾ ਅਤੇ ਬਰਾਬਰੀ ਦਾ ਅਰੁਕਵਾਂ ਹੜ੍ਹ ਬਣ ਜਾਂਦਾ ਹੈ।’’
‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਜਿੱਥੇ ਸਮਾਜਿਕ ਏਕਤਾ ਲਈ ਅਨੇਕਾ ਯਤਨ ਜੁਟਾਏ ਗਏ ਉੱਥੇ ਸਮਾਜ ਅਤੇ ਮਾਨਵਤਾ ਨੂੰ ਵੰਡਣ ਵਾਲੇ ਅਨੇਕਾਂ ਪਹਿਲੂਆਂ-ਜਾਤ-ਪਾਤ, ਧਰਮ, ਵਰਣ, ਰੰਗ-ਨਸਲ ਆਦਿ ਦਾ ਵਿਰੋਧ ਵੀ ਕੀਤਾ ਹੋਇਆ ਮਿਲਦਾ ਹੈ।
ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਅਤੇ ਊਚ-ਨੀਚ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਤਾਂ ਅਖਾਉਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤੀ ਸੀ। ਜਦੋਂ ਦੇਸ਼ ਵਿੱਚ ਵੱਖ-ਵੱਖ ਜਾਤਾਂ, ਧਰਮਾਂ ਤੇ ਵਖਰੇਵਿਆਂ ਭਰਿਆ ਵਾਤਾਵਰਨ ਸੀ ਤਾਂ ਉਸ ਵੇਲੇ ਮਨੁੱਖੀ ਏਕਤਾ, ਅਖੰਡਤਾ ਆਦਿ ਬਾਰੇ ਗੱਲ ਕਰਨੀ ਬਹੁਤ ਔਖੀ ਸੀ, ਉਸ ਸਮੇਂ ਗੁਰਬਾਣੀ ਨੇ ਮਨੁੱਖ ਨੂੰ ਏਕਤਾ, ਬਰਾਬਰੀ, ਭਾਈਚਾਰਾ ਅਤੇ ਮਨੱੁਖੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਇਸ ਵਿੱਚ ਸਾਂਝ, ਹਿੱਸੇਦਾਰੀ, ਵਿਰਾਸਤ, ਮਾਲਕੀ ਆਦਿ ਅਜਿਹੀਆਂ ਗੱਲਾਂ ਹਨ ਜੋ ਪਹਿਲਾਂ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ‘‘ਹਿੰਦੂ-ਮੁਸਲਮਾਨ, ਊਚ-ਨੀਚ, ਇਸਤਰੀ-ਪੁਰਸ਼ ਆਦਿ ਵਿਚਲੀ ਖਿੱਚੋਤਾਣ ਜਾਂ ਵਖਰੇਵਿਆਂ ਨੂੰ ਪਹਿਲੀ ਵਾਰ ਅਤਿ ਵਧੀਆ ਤੇ ਪ੍ਰਸ਼ੰਸਾਜਨਕ ਢੰਗ ਨਾਲ ਹੱਲ ਕੀਤਾ ਗਿਆ ਸੀ।’’
‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਵਿਅਕਤੀਗਤ ਪੱਧਰ ਉੱਤੇ ਅਪਣਾਏ ਜਾਣ ਵਾਲੇ ਸਦਾਚਾਰ ਬਾਰੇ ਵਿਆਪਕ ਰੂਪ ਵਿੱਚ ਚਰਚਾ ਕੀਤੀ ਗਈ ਹੈ। ਬਾਣੀਕਾਰਾਂ ਨੇ ਸਦਾਚਾਰਕ ਤੱਤਾਂ, ਨਿਮਰਤਾ, ਕਿਰਤ ਕਰਨੀ, ਸੱਚ ਬੋਲਣਾ, ਸੇਵਾ, ਧੀਰਜ, ਹੌਂਸਲਾ, ਪਰਉਪਕਾਰ ਆਦਿ ਮਨੁੱਖ ਨੂੰ ਨਿੱਜੀ ਜੀਵਨ ਵਿੱਚ ਅਪਣਾਉਣ ਲਈ ਕਿਹਾ ਹੈ। ਮਾਨਵ ਜੀਵਨ ਵਿੱਚ ਇਹਨਾਂ ਸਦਾਚਾਰਕ ਪੱਖਾਂ ਦੀ ਭੂਮਿਕਾ ਬਾਰੇ ਬੜੀ ਦਾਰਸ਼ਨਿਕ ਤੇ ਵਿਗਿਆਨਕ ਪੱਧਰ ਦੀ ਵਿਚਾਰ ਕੀਤੀ ਗਈ ਹੈ। ਗੁਰਬਾਣੀ ਵਿੱਚ ਥਾਂ-ਥਾਂ ਇਸ ਦਾ ਵਰਨਣ ਮਿਲਦਾ ਹੈ।’’
ਉਪਰੋਕਤ ਵਿਚਾਰ ਚਰਚਾ ਤੋਂ ਸੰਖੇਪ ਵਿੱਚ ਇਹ ਆਖਿਆ ਜਾ ਸਕਦਾ ਹੈ ਕਿ ਬਾਣੀਕਾਰਾਂ ਪ੍ਰਲੋਕ ਨਾਲੋਂ ਲੋਕ ਜੀਵਨ ਨਾਲ ਵਧੇਰੇ ਜੁੜੇ ਹੋਏ ਸਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਉਸਾਰਿਆ ਮਾਨਵ-ਜਾਤੀ ਦੀ ਭਲਾਈ ਹਿੱਤ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਾਰਜਸ਼ੀਲ ਹੋਣ ਦੀ ਪ੍ਰੇਰਨਾ ਦਿੰਦਾ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਮਨੁੱਖ ਨੂੰ ਅਧਿਆਤਮਵਾਦੀ ਹੋਣ ਦੇ ਨਾਲ-ਨਾਲ ਸਮਾਜ ਦੇ ਵਿਕਾਸ ਪ੍ਰਤੀ ਚੇਤੰਨ ਰਹਿਣ ਲਈ ਸੁਚੇਤ ਕਰਦਾ ਹੈ ਅਤੇ ਉਸ ਨੂੰ ਸਰਲ ਢੰਗ ਨਾਲ ਸਰਵਪੱਖੀ ਜੀਵਨ ਜਾਂਚ ਦਰਸਾਉਂਦਾ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਸਾਇਆ ਗਿਆ ਹੈ ਕਿ ਮਨੱੁਖ ਕਿਸ ਤਰ੍ਹਾਂ ਜੀਵਨ ਵਿੱਚ ਵਿਕਾਸ ਕਰਕੇ ਚੰਗਾ ਮਨੁੱਖ ਬਣ ਕੇ ਸਮਾਜ ਅਤੇ ਸੰਸਾਰ ਨੂੰ ਉੱਨਤ ਕਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸਿਰਜਿਆ ਸਮਾਜ ਮਨੁੱਖ ਨੂੰ ਸਦੀਵੀ ਕਾਲ ਲਈ ਅਗਵਾਈ ਦੇਣ ਲਈ ਸ਼ਕਤੀ ਰੱਖਦਾ ਹੈ ਅਤੇ ਸਦੀਵੀ ਸਮਾਜਾਂ ਲਈ ਪ੍ਰਸੰਗਿਕ ਹੈ।
-ਹਰਕੀਰਤ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਚੱਜਾ ਸਮਾਜ ਸਿਰਜਣ ਵਿੱਚ ਯੋਗਦਾਨ

Published: