ਮੁੰਬਈ/ਪੰਜਾਬ ਪੋਸਟ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਲਈ ਦਰਸ਼ਕਾਂ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ। ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਫਿਲਮ ਦੀ ਰਿਲੀਜ਼ ਇਕ ਵਾਰ ਮੁੜ ਪੱਛੜ ਗਈ ਹੈ। ਅਦਾਕਾਰ ਮੁਤਾਬਕ ਫ਼ਿਲਮ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫ਼ਿਲਮ ਪਹਿਲਾਂ ਭਾਰਤ ਨੂੰ ਛੱਡ ਕੇ ਕੁੱਲ ਆਲਮ ਵਿਚ ਬਿਨਾਂ ਕਿਸੇ ਕੱਟਾਂ ਦੇ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਹੁਣ ਥੋੜ੍ਹੀ ਦੇਰ ਪਹਿਲਾਂ, ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਖਾਤੇ ਉੱਤੇ ਫ਼ਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੋਸਾਂਝ ਨੇ ਲਿਖਿਆ, ‘‘ਸਾਨੂੰ ਅਫ਼ਸੋਸ ਹੈ ਤੇ ਇਹ ਦੱਸਦਿਆਂ ਬਹੁਤ ਦੁਖ ਹੋ ਰਿਹਾ ਹੈ ਕਿ ਸਾਡੇ ਵੱਸੋਂ ਬਾਹਰੇ ਹਾਲਾਤ ਕਰਕੇ ਫ਼ਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।’’ ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ ਫ਼ਿਲਮ ਦਾ ਨਿਰਮਾਣ ਰੌਨੀ ਸਕਰੂਵਾਲਾ ਦੀ ਆਰਐੱਸਵੀਪੀ ਮੂਵੀਜ਼ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਦੇ ਲਾਪਤਾ ਹੋਣ ਬਾਰੇ ਖਾਲੜਾ ਦੀ ਜਾਂਚ ਨੂੰ ਉਜਾਗਰ ਕਰਦੀ ਹੈ।






