ਵਰਜੀਨੀਆ/ਪੰਜਾਬ ਪੋਸਟ
ਅਮਰੀਕਨ ਹਿੰਦੂ ਕੁਲੀਸ਼ਨ (ਏ. ਐੱਚ. ਸੀ.) ਨੇ ਬੀਤੇ ਦਿਨੀਂ ਵਰਜੀਨੀਆ ਦੇ ਟਾਇਸਨ ਕਾਰਨਰ ਵਿੱਚ ਹਯਾਤ ਰੀਜੈਂਸੀ ਵਿੱਚ ਆਪਣੇ ਸੱਤਵੇਂ ਸਲਾਨਾ ਦਿਵਸ ਅਤੇ ਦੀਵਾਲੀ ਦੇ ਜਸ਼ਨ ਸਮਾਗਮ ਦਾ ਆਯੋਜਨ ਕੀਤਾ। ਜਿਸ ਦਾ ਆਰੰਭ ਹਨੇਰੇ ’ਤੇ ਰੌਸ਼ਨੀ ਦਾ ਪ੍ਰਤੀਕ, ਦੀਵੇ ਜਗਾਉਣ ਦੀ ਰਸਮ ਨਾਲ ਸ਼ੁਰੂ ਹੋਇਆ।
ਇਸ ਸਮਾਗਮ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ, ਸੰਸਥਾਵਾਂ ਅਤੇ ਸੰਗਠਨਾਂ ਦੇ ਪ੍ਰਤੀਨਿਧਾਂ ਸਣੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਥਾਨਕ ਕਲਾਕਾਰਾਂ ਵੱਲੋਂ ਭਾਰਤ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਅਮੈਰਿਕਨ ਹਿੰਦੂ ਕੋਲੀਸ਼ਨ ਦੇ ਪ੍ਰਧਾਨ ਹਰਸ਼ ਸੇਠੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਸੰਸਥਾ ਦੀ ਸਥਾਪਨਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ “ਇਹ ਸੰਸਥਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਥੋਂ ਦੀ ਮੁੱਖ ਧਾਰਾਈ ਸਿਆਸਤ ਦੇ ਉਹਨਾਂ ਉਮੀਦਵਾਰਾਂ ਦੀ ਮਦਦ ਕਰਦੀ ਹੈ, ਜੋ ਹਿੰਦੂ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦੇਵੇ।’’ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸੰਸਥਾ ਕਿਸੇ ਵੀ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਹਮੇਸ਼ਾਂ ਹੀ ਅਵਾਜ਼ ਬੁਲੰਦ ਕਰਦੀ ਹੈ।
ਇਸ ਸਮਾਗਮ ਵਿੱਚ ਹਿੰਦੂ ਭਾਈਚਾਰੇ ਦੇ ਕਈ ਲੀਡਰ ਦੂਜੇ ਸੂਬਿਆਂ ਤੋਂ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਵਰਜੀਨੀਆ ਸੂਬੇ ਤੋਂ ਯੂ. ਐੱਸ. ਕਾਂਗਰਸ ਲਈ ਪਹਿਲੇ ਭਾਰਤੀ-ਅਮਰੀਕਨ ਵਜੋਂ ਚੋਣ ਜਿੱਤਣ ਵਾਲੇ ਸੁਹਾਸ ਸੁਬਰਾਮਨੀਅਮ ਨੇ ਵੀ ਸ਼ਿਰਕਤ ਕੀਤੀ। ਉਹਨਾਂ ਇਸ ਸਮਾਗਮ ਦੇ ਪ੍ਰਬੰਧਕਾਂ ਅਤੇ ਆਏ ਮਹਿਮਾਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਂਦੇ ਹੋਏ ਉਹਨਾਂ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਿੰਦੂ ਧਰਮ ਦੀਆਂ ਸਿੱਖਿਆਵਾਂ ਅਤੇ ਸਿਧਾਤਾਂ ਤੇ ਚੱਲਦੇ ਹੋਏ ਇਸ ਮੁਕਾਮ ਤੱਕ ਪਹੁੰਚੇ ਹਨ ਅਤੇ ਆਪਣੀ ਅਗਲੀ ਪੀੜ੍ਹੀ ਲਈ ਦੇ ਭਵਿੱਖ ਲਈ ਉਹ ਹਿੰਦੂ ਵਿਚਾਰਧਾਰਾ ਤੋਂ ਸੇਧ ਲੈਂਦੇ ਰਹਿਣਗੇ।
ਇਸ ਸਮਾਗਮ ਵਿੱਚ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਓਹ ਨਾ ਸਿਰਫ ਹਿੰਦੂ ਮੰਦਰਾਂ, ਬਲਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਕਿਸੇ ਵੀ ਹਮਲੇ ਜਾਂ ਵਿਰੋਧ ਪ੍ਰਦਰਸ਼ਨ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਨ। ਉਨਾਂ ਜ਼ੋਰ ਦੇ ਕੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਰਿਸ਼ਤਾ ਹੈ ਜੋ ਸਦੀਆਂ ਪੁਰਾਣਾ ਹੈ ਅਤੇ ਗੁਰੂ ਸਾਹਿਬਾਨ ਨੇ ਸਾਨੂੰ ਧਰਮ ਨਿਰਪੱਖਤਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ ਹੈ, ਜਿਸ ਦੇ ਤਹਿਤ ਸਿੱਖ ਆਪਣੇ ਹਿੰਦੂ ਭਰਾਵਾਂ ਦਾ ਸਮਰਥਨ ਕਰਨ ਲਈ ਹਮੇਸ਼ਾ ਮੌਜੂਦ ਰਹਿਣਗੇ।
ਇਸ ਸਮਾਗਮ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸੈਂਟਰ ਫਾਰ ਸੋਸ਼ਲ ਚੇਂਜ ਦੇ ਸੀ. ਈ. ਓ. ਸਾਜਿਦ ਤਰਾਰ ਨੇ ਵੀ ਸਮੂਹ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਕੌਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ (ਐੱਨ. ਸੀ. ਏ. ਆਈ. ਏ) ਦੇ ਚੇਅਰਮੈਨ ਟਰੱਸਟੀ ਸੁਨੀਲ ਸਿੰਘ ਅਤੇ ਰਾਜਦੂਤ ਪ੍ਰਦੀਪ ਕਪੂਰ ਨੇ ਵੀ ਸ਼ਿਰਕਤ ਕੀਤੀ। ਏ. ਐੱਚ. ਸੀ. ਦੇ ਕਾਰਜਕਾਰੀ ਨਿਰਦੇਸ਼ਕ, ਆਲੋਕ ਸ੍ਰੀਵਾਸਤਵ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ, ਜਦੋਂ ਕਿ ਐੱਨ. ਸੀ. ਏ. ਆਈ. ਏ. ਦੀ ਅੰਜੂ ਪ੍ਰੀਤ ਨੇ ਸਮਾਗਮ ਦੀ ਸੂਤਰਧਾਰ ਵਜੋਂ ਸੇਵਾ ਨਿਭਾਈ।
‘‘ਅਮੈਰਿਕਨ ਹਿੰਦੂ ਕੋਲੀਸ਼ਨ’’ ਵੱਲੋਂ 7ਵੀਂ ਵਰ੍ਹੇਗੰਢ ਅਤੇ ਦੀਵਾਲੀ ਸਮਾਗਮ ਆਯੋਜਿਤ
Published: