ਮਨੁੱਖੀ ਸਮਾਜ ਵਿੱਚ ਮੁੱਢ ਕਦੀਮ ਤੋਂ ਹੀ ਵਿਸ਼ੇਸ਼ ਦਿਨਾਂ ਅਤੇ ਤਿਉਹਾਰਾਂ ਦੀ ਵੱਡੀ ਮਹੱਤਤਾ ਰਹੀ ਹੈ ਜੋ ਕਿ ਸਮਾਜ ਨੂੰ ਇਕੱਠੇ ਹੋ ਕੇ ਕੁੱਝ ਪਲ ਗੁਜ਼ਾਰਨ ਅਤੇ ਸਾਂਝੀ ਖੁਸ਼ੀ ਮਹਿਸੂਸ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਦੁਨੀਆਂ ਅੰਦਰ ਵੱਖ ਵੱਖ ਦੇਸ਼ਾਂ ਧਰਮਾਂ ਅਤੇ ਖੇਤਰਾਂ ਦੇ ਆਪੋ ਆਪਣੇ ਤਿਉਹਾਰ ਹਨ ਅਤੇ ਹਰੇਕ ਤਿਉਹਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਅਤੇ ਇਤਿਹਾਸ ਹੁੰਦਾ ਹੈ। ਇਸ ਦਰਮਿਆਨ ਭਾਰਤ ਦਾ ਇੱਕ ਤਿਉਹਾਰ ਅਜਿਹਾ ਵੀ ਹੈ ਜੋ ਸਾਰੇ ਧਰਮਾਂ ਦਾ ਇੱਕ ਸਾਂਝਾ ਤਿਓਹਾਰ ਬਣ ਕੇ ਸਾਹਮਣੇ ਆਉਂਦਾ ਹੈ ਅਤੇ ਵੱਖ ਵੱਖ ਮੋਤੀਆਂ ਨੂੰ ਇੱਕੋ ਮਾਲਾ ਵਿੱਚ ਪਿਰੋਣ ਵਰਗੀ ਭੂਮਿਕਾ ਅਦਾ ਕਰਦਾ ਹੈ। ਇਹ ਹੈ ਰੌਸ਼ਨੀਆਂ ਦਾ ਤਿਉਹਾਰ- ਦੀਵਾਲੀ ਜੋ ਕਿ ਧਾਰਮਿਕ ਪੱਖ ਤੋਂ ਮਹੱਤਤਾ ਤਾਂ ਰੱਖਦਾ ਹੀ ਹੈ ਨਾਲ ਹੀ ਇਹ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੁਰਨ ਤਿਉਹਾਰ ਬਣਦਾ ਹੈ ਜਿੱਥੇ ਆਪਸੀ ਸਾਂਝ ਆਪ ਮੁਹਾਰੇ ਇਸ ਤਿਉਹਾਰ ‘ਚੋਂ ਝਲਕਦੀ ਹੈ।
ਦਿਵਾਲੀ ਦੇ ਤਿਓਹਾਰ ਦੇ ਧਾਰਮਿਕ ਪੱਖ ਵੱਲ ਝਾਤ ਮਾਰੀਏ ਤਾਂ ਦੇਸ਼ ਭਰ ‘ਚ ਇਸ ਤਿਉਹਾਰ ਨਾਲ ਵੱਖ ਵੱਖ ਕਥਾਵਾਂ ਜੁੜੀਆਂ ਹੋਈਆ ਹਨ। ਹਿੰਦੂ, ਸਿੱਖ ਅਤੇ ਜੈਨ ਧਰਮ ‘ਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਆਮ ਤੌਰ ਉੱਤੇ ਸਾਲ ਦੇ ਇਨਾਂ ਦਿਨਾਂ ਦੌਰਾਨ ਜਾਂ ਅਕਤੂਬਰ-ਨਵੰਬਰ ਮਹੀਨੇ ‘ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ ‘ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਆਯੋਧਿਆ ਵਾਪਸ ਪਰਤਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਉਨਾਂ ਦੇ ਘਰ ਵਾਪਸੀ ਅਤੇ ਰਾਵਣ ‘ਤੇ ਜਿੱਤ ਦੀ ਖੁਸ਼ੀ ‘ਚ ਅਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਪੂਰਬੀ ਭਾਰਤ ‘ਚ ਹਿੰਦੂ ਧਰਮ ਦੇ ਲੋਕ ਇਸ ਦਿਨ ਕਾਲੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਬਕਾਸੁਰ ਦੇ ਵਿਨਾਸ਼ ਦਾ ਜਸ਼ਨ ਮਨਾਉਂਦੇ ਹਨ। ਦੱਖਣੀ ਭਾਰਤ ‘ਚ ਇਸ ਦਿਨ ਨਾਲ ਇਕ ਹੋਰ ਕਥਾ ਜੁੜੀ ਹੋਈ ਹੈ ਕਿ ਭਗਵਾਨ ਸ੍ਰੀ ਕਿ੍ਰਸ਼ਨ ਨੇ ਇਸੇ ਹੀ ਦਿਨ ਨਰਕਾਸੁਰ ਦਾ ਖ਼ਾਤਮਾ ਕੀਤਾ ਸੀ। ਹਿੰਦੂ ਧਰਮ ‘ਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸ਼ਾਮ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ।
ਇਸੇ ਤਰਾਂ ਹੀ ਸਿੱਖ ਧਰਮ ‘ਚ ਵੀ ਦਿਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਛੇਵੇਂ ਗੁਰੂ, ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ‘ਚੋਂ ਗਵਾਲੀਅਰ ਦੇ ਕਿਲੇ ‘ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮਿ੍ਰਤਸਰ ਪਹੁੰਚੇ ਸੀ। ਉਨਾਂ ਦੇ ਘਰ ਆਉਣ ਦੀ ਖੁਸ਼ੀ ‘ਚ ਹਰ ਪਾਸੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਜਸ਼ਨ ਮਨਾਇਆ ਗਿਆ ਸੀ। 20ਵੀਂ ਸਦੀ ਦੇ ਅੰਤ ‘ਚ ਕੁੱਝ ਸਿੱਖ ਵਿਦਵਾਨਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਾਲ 2003 ‘ਚ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਦੇ ਨਾਂਅ ਵੱਜੋਂ ਮਾਨਤਾ ਦਿੱਤੀ ਗਈ ਸੀ ਅਤੇ ਓਦੋਂ ਤੋਂ ਇਸ ਨੂੰ ਇਸੇ ਨਾਂਅ ਤਹਿਤ ਦਰਜ ਕੀਤਾ ਜਾਂਦਾ ਰਿਹਾ ਹੈ। ਬੰਦੀ ਛੋੜ ਦੇ ਇਤਿਹਾਸ ਨੇ ਹੱਕ ਸੱਚ ਅਤੇ ਇਨਸਾਫ ਦੀ ਇੱਕ ਵੱਡੀ ਉਦਾਹਰਣ ਪੇਸ਼ ਕੀਤੀ ਜੋ ਦੁਨੀਆ ਅੰਦਰ ਹੋਰ ਕਿਧਰੇ ਨਹੀਂ ਮਿਲਦੀ। ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜਬਰ ਸਿਖ਼ਰ ’ਤੇ ਸੀ, ਜਿਸ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਆਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਸੰਨ 1609 ਈ. ‘ਚ ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਪੰਚਮ ਪਿਤਾ ‘ਤੇ ਜੋ ਜੁਰਮਾਨਾ ਲਗਾਇਆ ਗਿਆ ਸੀ ਉਸ ਦਾ ਭੁਗਤਾਨ ਉਨਾਂ ਦੇ ਪਰਿਵਾਰ ਜਾਂ ਫਿਰ ਉਨਾਂ ਦੇ ਸਰਧਾਲੂਆਂ ਵੱਲੋਂ ਨਹੀਂ ਕੀਤਾ ਗਿਆ ਇਸ ਲਈ ਉਨਾਂ ਦੇ ਉੱਤਰਾਅਧਿਕਾਰੀ ਨੂੰ ਕੈਦ ਕੀਤਾ ਜਾਵੇ। ਬਾਦਸ਼ਾਹ ਜਹਾਂਗੀਰ ਨੇ ਕਪਟੀ ਚਾਲਾਂ ਚੱਲਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ ਵੀ ਕੈਦ ਰੱਖਿਆ ਹੋਇਆ ਸੀ। ਇਹ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ। ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ ’ਤੇ ਬਹੁਤ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ, ਜਿਸ ਨੂੰ ਵੇਖਦਿਆਂ ਹਕੂਮਤ ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ। ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਵੀ ਸਮੇਂ ਹਕੂਮਤ ਨੂੰ ਝੁਕਾਇਆ ਅਤੇ ਇੰਝ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਇਕ ਨਵੀਂ ਰੋਸ਼ਨੀ ਦਿੱਤੀ। ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਆਜ਼ਾਦੀ ਦੀ ਲੋਅ ਇਕ ਵਾਰ ਫਿਰ ਰੋਸ਼ਨ ਹੋ ਗਈ ਸੀ। ਇਸੇ ਦਾ ਸਿੱਟਾ ਸੀ ਕਿ ਅੱਗੇ ਦੇ ਮੁਸ਼ਕਲ ਦੌਰ ’ਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਅੰਮਿ੍ਰਤਸਰ ’ਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ। ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ।
ਦੀਵਾਲੀ ਵਾਲੇ ਦਿਨ ਸ੍ਰੀ ਅੰਮਿ੍ਰਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਦਿ੍ਰਸ਼ ਵੇਖਣ ਵਾਲਾ ਹੁੰਦਾ ਹੈ। ਇਸ ਦਿਨ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਰੰਗ-ਬਰੰਗੀਆਂ ਲਾਈਟਾਂ, ਭਾਂਤ-ਭਾਂਤ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਸਿੱਖ ਧਰਮ ‘ਚ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਨਗਰ ਕੀਰਤਨ ਸਜਾਏ ਜਾਂਦੇ ਹਨ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਇਲਾਹੀ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਗੁਰੂ ਘਰਾਂ ਤੋਂ ਭਾਈ ਗੁਰਦਾਸ ਜੀ ਦੇ ਇਹ ਪਾਵਨ ਬੋਲ ਵੀ ਸੁਨੇ ਜਾਂਦੇ ਹਨ- ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ’। ਇਨਾਂ ਅਲਫ਼ਾਜ਼ ਦੇ ਅਰਥ ਬਹੁਤ ਡੂੰਘੇ ਹਨ, ਪਰ ਇਹ ਬੋਲ ਸੁਣਦੇ ਸਾਰ ਹੀ ਸਾਡੀ ਸੁਰਤਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਜਾਂਦੀ ਹੈ। ‘ਦਾਲ ਰੋਟੀ ਘਰ ਦੀ ਦੀਵਾਲੀ ਅੰਮਿ੍ਰਤਸਰ ਦੀ’ ਇਹ ਕਹਾਵਤ ਪੰਜਾਬੀਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ ਸਬੰਧੀ ਬੜੀ ਪ੍ਰਸਿੱਧ ਹੈ, ਕਿਉਂਕਿ ਸਦੀਆਂ ਤੋਂ ਸਿੱਖ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਬੜੇ ਚਾਅ ਅਤੇ ਖੁਸ਼ੀ ਨਾਲ ਮਨਾਉਂਦੇ ਆ ਰਹੇ ਹਨ। ਮੌਜੂਦਾ ਸਮੇਂ ਇਹ ਤਿਉਹਾਰ ਸਿੱਖਾਂ ਲਈ ਇਕ ਵਿਸ਼ੇਸ਼ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਇਤਿਹਾਸਿਕ ਤਿਉਹਾਰ ਬਣ ਗਿਆ ਹੈ।
ਦਿਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਹਰੇਕ ਵਰ੍ਹੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਅੰਮਿ੍ਰਤਸਰ ਵਿਖੇ ਦਰਸ਼ਨਾਂ ਲਈ ਪਹੁੰਚਦੀਆਂ ਹਨ। ਇਥੇ ਹੀ ਬਸ ਨਹੀਂ, ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਤਿੰਨ ਦਿਨ ਲਗਾਤਾਰ ਦੀਵਾਨ ਚੱਲਦਾ ਹੈ ਜਿਸ ਵਿਚ ਰਾਗੀ, ਢਾਡੀ, ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ, ਵਾਰਾਂ ਅਤੇ ਕਵਿਤਾਵਾਂ ਸੁਣਾ ਕੇ ਨਿਹਾਲ ਕਰਦੇ ਹਨ। ਦੀਵਾਲੀ ਵਾਲੇ ਦਿਨ ਸ਼ਾਮ ਨੂੰ ਹੀ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਜ ਜਾਂਦੀਆਂ ਹਨ ਕਿਉਂਕਿ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਆਤਿਸ਼ਬਾਜੀ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰੂਹਾਨੀਅਤ, ਪਰਮਾਤਮਾ ਦੀ ਬੰਦਗੀ ਤੇ ਗੁਰਬਾਣੀ ਦਾ ਆਨੰਦ ਸੰਗਤਾਂ ਹਰ ਸਮੇਂ ਮਾਣਦੀਆਂ ਹਨ ਜਿਸ ਸਦਕਾ ਸੰਗਤਾਂ ਦੇ ਹਿਰਦਿਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ। ਸੰਗਤਾਂ ਤਾਂ ਦੀਵਾਲੀ ਵਾਲੇ ਦਿਨ ਵਿਸ਼ੇਸ਼ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਾਰਿਆਂ ਨਾਲ ਆਪਣੇ ਅੰਦਰ ਪ੍ਰਕਾਸ਼ਮਾਨ ਕਰਨ ਆਉਂਦੀਆਂ ਹਨ।
ਦਿਵਾਲੀ ਨਾਲ ਸਬੰਧਤ ਹੋਰਨਾਂ ਭਾਈਚਾਰਿਆਂ ਦੇ ਸਮਾਗਮਾਂ ਦੀ ਕਰੀਏ ਤਾਂ ਜੈਨ ਧਰਮ ‘ਚ ਇਸ ਦਿਨ ਦਾ ਸਬੰਧ ਭਗਵਾਨ ਮਹਾਵੀਰ ਨਾਲ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਹੀ ਭਗਵਾਨ ਮਹਾਵੀਰ ਨੇ ‘ਮੋਕਸ਼’ ਦੀ ਪ੍ਰਾਪਤੀ ਕੀਤੀ ਸੀ। ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ‘ਚ ਮੋਕਸ਼ ਅਤੇ ਨਿਰਵਾਣ ਦੀ ਪ੍ਰਾਪਤੀ ਦੇ ਰਾਹ ਬਾਰੇ ਚਰਚਾ ਕੀਤੀ ਗਈ ਹੈ ਅਤੇ ਇਹ ਰਾਹ ਗਿਆਨ ਦਾ ਹੈ। ਇਸ ਦਿਨ ਰੌਸ਼ਨੀ ਨੂੰ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਜੈਨ ਧਰਮ ਦੇ ਲੋਕ ਆਪਣੇ ਚਾਰ ਚੁਫੇਰੇ ਨੂੰ ਜਗ-ਮਗਾਊਂਦੀਆਂ ਰੌਸ਼ਨੀਆਂ ਨਾਲ ਸਜਾਉਂਦੇ ਹਨ। ਜੈਨ ਧਰਮ ‘ਚ ਅਹਿੰਸਾ ਮੱੁਖ ਸਿਧਾਂਤ ਹੈ ਇਸ ਲਈ ਜੈਨੀ ਲੋਕ ਆਤਿਸਬਾਜ਼ੀ ਨਹੀਂ ਚਲਾਉਂਦੇ ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਇਸ ਨਾਲ ਸਰੀਰਕ ਅਤੇ ਵਾਤਾਵਰਨ ‘ਚ ਵਿਚਰ ਰਹੇ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਦਾ ਹੈ। ਦੀਵਾਲੀ ਵਾਲੇ ਦਿਨ ਅਤੇ ਤਿਓਹਾਰ ਦੇ ਵਧਦੇ ਦਾਇਰੇ ਦੀ ਗੱਲ ਹੋਵੇ ਤਾਂ ਭਾਰਤ, ਨੇਪਾਲ, ਸ੍ਰੀਲੰਕਾ, ਮਿਆਂਮਾਰ, ਮੌਰੀਸ਼ੀਅਸ, ਗੁਆਨਾ, ਮਲੇਸ਼ੀਆ, ਸਿੰਗਾਪੁਰ ਅਤੇ ਫਿਜੀ ‘ਚ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਅਮਰੀਕਾ ਤੱਕ ਵੀ ਹੁਣ ਤਾਂ ਦਿਵਾਲੀ ਦੇ ਸਮਾਗਮਾਂ ਦੀ ਗੂੰਜ ਪੈਣ ਲੱਗੀ ਹੈ।
ਦਿਵਾਲੀ ਦੇ ਮੌਜੂਦਾ ਰੁਝਾਨ ਅਤੇ ਪਹਿਲੂਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਭਾਵੇਂ ਕੋਈ ਵੀ ਹੋਵੇ ਹਰ ਧਰਮ ‘ਚ ਦੀਵਾਲੀ ਨੂੰ ਨੇਕੀ ਦੀ ਜਿੱਤ ਅਤੇ ਗਿਆਨ ਦੇ ਪ੍ਰਕਾਸ਼ ਵਜੋਂ ਵੀ ਇੱਕ ਜਸ਼ਨ ਦੇ ਮੌਕੇ ਵਜੋਂ ਵੇਖਿਆ ਜਾਂਦਾ ਹੈ। ਇਸ ਤਰਾਂ, ਦੀਵਾਲੀ ਹੁਣ ਸਿਰਫ ਕਿਸੇ ਇੱਕ ਧਰਮ ਦਾ ਤਿਉਹਾਰ ਨਹੀਂ ਬਲਕਿ ਦੇਸ਼-ਦੁਨੀਆਂ ਭਰ ‘ਚ ਹਰ ਜਾਤੀ ਅਤੇ ਧਰਮ ਦੇ ਲੋਕ ਆਪਸੀ ਸਾਂਝ ਅਤੇ ਇਤਫ਼ਾਕ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਤਿਉਹਾਰਾਂ ਦਾ ਮੁੱਖ ਉਦੇਸ਼ ਵੀ ਇਹੀ ਹੁੰਦਾ ਹੈ ਕਿ ਆਪਸੀ ਗਿਲੇ ਸ਼ਿਕਵੇ ਦੂਰ ਕਰ ਮਿਲਜੁਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਸਾਂਝ ਅਤੇ ਇਤਫ਼ਾਕ ਦਾ ਅਜਿਹਾ ਪ੍ਰਤੀਕ ਹੈ ਜੋ ਹੁਣ ਹੌਲੀ ਹੌਲੀ ਇੱਕ ਵਿਸ਼ਵ ਵਿਆਪੀ ਤਿਓਹਾਰ ਬਣਨ ਵੱਲ ਵੀ ਵਧਦਾ ਨਜ਼ਰ ਆਉਂਦਾ ਹੈ ਅਤੇ ਆਸ ਇਹੀ ਕਰਨੀ ਬਣਦੀ ਹੈ ਕਿ ਦਿਵਾਲੀ ਦੀ ਰੌਸ਼ਨੀ ਸਮੂਹ ਲੋਕਾਈ ਦੇ ਮਨ ਮਸਤਕ ਵਿੱਚ ਵੀ ਹਾਂ-ਪੱਖੀ ਦੀਵੇ ਜਗਾਵੇ।
‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ’

Published:






