- ਸੈਰ-ਸਪਾਟਾ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਹੋਈ ਮੀਟਿੰਗ
ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਫਤਹਿਗੜ੍ਹ ਸਾਹਿਬ ਸਥਿਤ ਦੀਵਾਨ ਟੋਡਰ ਮੱਲ ਜੀ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਇੱਕ ਉੱਚ ਪੱਧਰੀ ਮੀਟਿੰਗ ਸੈਰ ਸਪਾਟਾ ਵਿਭਾਗ ਦੇ ਚੰਡੀਗੜ੍ਹ ਦੇ ਸੈਕਟਰ 38 ਵਿਚਲੇ ਦਫ਼ਤਰ ਵਿੱਚ ਹੋਈ। ਮੰਤਰੀ ਤੁਰਨਪ੍ਰੀਤ ਸਿੰਘ ਸੌਂਦ ਦੀ ਪਹਿਲ ਕਦਮੀ ਹੇਠ ਮੀਟਿੰਗ ਵਿੱਚ ਫੈਸਲਾ ਹੋਇਆ ਕਿ 30 ਜਨਵਰੀ ਨੂੰ ਇੱਕ ਕਮੇਟੀ ਹਵੇਲੀ ਦਾ ਦੌਰਾ ਕਰਕੇ ਆਵੇਗੀ ਅਤੇ ਉੱਥੋਂ ਦੀ ਮੌਜੂਦਾ ਸਥਿਤੀ ਬਾਬਤ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਕਮੇਟੀ ਵਿੱਚ ਡੀ.ਸੀ. ਫਤਹਿਗੜ੍ਹ ਸਾਹਿਬ, ਇੰਜਨੀਅਰ ਪੁਰਾਤੱਤਵ ਵਿਭਾਗ, ਨੁਮਾਇੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟੀਸ਼ਨ ਕਰਤਾ ਵਕੀਲ ਐਚ.ਸੀ ਅਰੋੜਾ ਅਤੇ ਫਾਊਂਡੇਸ਼ਨ ਮੈਂਬਰ ਸ਼ਾਮਲ ਹੋਣਗੇ। ਇਹ ਕਮੇਟੀ ਮੌਕਾ ਵੇਖਕੇ ਸਾਰੀ ਰਿਪੋਰਟ ਇੱਕ ਹਫਤੇ ਅੰਦਰ ਵਿਭਾਗ ਨੂੰ ਸੌਂਪੇਗੀ ਜਿਸ ਵਿੱਚ ਵਕੀਲ ਐਚ.ਸੀ ਅਰੋੜਾ ਦੇ ਇਤਰਾਜ਼ਾਂ ਨੂੰ ਮੁਖਾਤਿਬ ਹੋਇਆ ਜਾਵੇਗਾ। ਇਸ ਤੋਂ ਬਾਅਦ 8 ਮਾਹਿਰ ਮੈਂਬਰਾਂ ਦੀ ਇੱਕ ਡਿਜ਼ਾਈਨ ਕਮੇਟੀ ਇਸ ਦੀ ਘੋਖ ਕਰੇਗੀ। ਇਸ ਅੱਠ ਮੈਂਬਰੀ ਕਮੇਟੀ ਵਿੱਚ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਮੁਖੀ, ਸਟਰੱਚਰਲ ਵਿਭਾਗ ਦੇ ਮੁਖੀ ਅਤੇ ਆਰਕਿਓਲੋਜੀ ਵਿਭਾਗ ਦੇ ਮੁਖੀ, ਪੁਰਾਤੱਤਵ ਵਿਭਾਗ ਦੇ ਨੁਮਾਇੰਦੇ, ਇੰਜਨੀਅਰ, ਐਸਡੀਓ, ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਤੋਂ ਇਲਾਵਾ ਟੀ.ਐਸ ਸਿੱਧੂ, ਵਕੀਲ, ਹਾਈ ਕੋਰਟ ਪੰਜਾਬ ਅਤੇ ਇੱਕ ਮੈਂਬਰ ਫਾਊਂਡੇਸ਼ਨ ਸ਼ਾਮਲ ਹੋਣਗੇ। ਇਹ ਕਮੇਟੀ 14 ਦਿਨਾਂ ਅੰਦਰ ਫਾਊਂਡੇਸ਼ਨ ਵੱਲੋਂ ਤਿਆਰ ਕਰਵਾਈ ਗਈ ਪ੍ਰਪੋਜ਼ਲ ਨੂੰ ਸਟੱਡੀ ਕਰਕੇ ਆਪਣੀ ਪ੍ਰਤੀਕਿਰਿਆ ਦੇਵੇਗੀ ਜਿਸ ਅਨੁਸਾਰ ਜੇਕਰ ਜ਼ਰੂਰਤ ਹੋਈ ਤਾਂ ਉਪਰੋਕਤ ਕਮੇਟੀ ਵੱਲੋਂ ਪ੍ਰਪੋਜ਼ਲ ਅੰਦਰ ਸੁਝਾਏ ਗਏ ਵਿਚਾਰਾਂ ਅਨੁਸਾਰ ਤਬਦੀਲੀਆਂ ਕਰਕੇ, ਕਮੇਟੀ ਦੀ ਪ੍ਰਵਾਨਗੀ ਨਾਲ ਪ੍ਰਵਾਨਤ ਪ੍ਰਪੋਜ਼ਲ ਦੀ ਕਾਪੀ ਹਾਈ ਕੋਰਟ ਪੰਜਾਬ ਨੂੰ ਅਤੇ ਇਕ ਹਫਤੇ ਦੇ ਸਮੇਂ ਲਈ ਏ.ਐਸ.ਆਈ ਨੂੰ ਸੁਝਾਵਾਂ ਲਈ ਭੇਜੇਗੀ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਬਾਬਤ ਕੋਈ ਰੁਕਾਵਟ ਨਾ ਆਉਣ ਦੀ ਸੂਰਤ ਵਿੱਚ ਜਲਦ ਤੋਂ ਜਲਦ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਇਹ ਸਾਰੀਆਂ ਕਮੇਟੀਆਂ ਆਰਜ਼ੀ ਤੌਰ ‘ਤੇ ਬਣਾਈਆਂ ਗਈਆਂ ਹਨ ਅਤੇ ਰਿਪੋਰਟ ਸਪੁਰਦਗੀ ਉਪਰੰਤ ਇਹ ਭੰਗ ਸਮਝੀਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਵੀ ਫੈਸਲਾ ਹੋਇਆ ਹੈ ਕਿ ਇਹ ਸਾਰੀ ਪ੍ਰਕਿਰਿਆ ਦਾ ਦਾਇਰਾ ਸਿਰਫ 2 ਕਨਾਲ 13 ਮਰਲੇ, ਜਹਾਜ਼ ਹਵੇਲੀ ਦੀ ਪੁਰਾਣੀ ਜਮੀਨ ਤੱਕ ਸੀਮਿਤ ਹੋਵੇਗਾ ਜਦਕਿ ਨਵੀਂ ਖਰੀਦੀ ਗਈ ਜ਼ਮੀਨ, 11 ਕਨਾਲ, ਦੀ ਮਾਲਕੀ ਫਾਊਂਡੇਸ਼ਨ ਪਾਸ ਹੈ, ਜਿਹੜੀ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਤੋਂ ਨਕਸ਼ੇ ਪਾਸ ਕਰਵਾ ਕੇ ਕੰਮ ਕਰਨ ਲਈ ਆਜ਼ਾਦ ਹੈ।
ਇਸ ਸਮੁੱਚੀ ਮੀਟਿੰਗ ਵਿੱਚ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ, ਕ੍ਰਿਪਾਲ ਸਿੰਘ ਬੁਲਾਕੀਪੁਰ, ਮਹਾਰਾਣੀ ਪ੍ਰੀਤੀ ਸਿੰਘ ਨਾਭਾ, ਹਰਪ੍ਰੀਤ ਸਿੰਘ ਦਰਦੀ, ਗਿ: ਜਸਵਿੰਦਰ ਸਿੰਘ ਬਡਰੁੱਖਾਂ, ਦਲਵਾਰ ਸਿੰਘ ਧੌਲਾ, ਲਖਵਿੰਦਰ ਸਿੰਘ ਕੱਤਰੀ, ਸੈਕ ਇੰਜਨੀਅਰ ਰਵੀ ਸਿੰਘ ਅਤੇ ਟੀਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਇੰਜ: ਸੁਖਜਿੰਦਰ ਸਿੰਘ, ਐਸ.ਡੀ.ਓ ਗੁਰਪ੍ਰੀਤ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਪੁਰਾਤੱਤਵ ਵਿਭਾਗ ਪੰਜਾਬ ਵੱਲੋਂ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਤੋਂ ਇਲਾਵਾ ਹਾਈ ਕੋਰਟ ਪੰਜਾਬ ਦੇa ਵਕੀਲ ਵੀ ਸ਼ਾਮਲ ਸਨ।