ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਮਨ ’ਚ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਕਈ ਹਵਾਈ ਹਮਲੇ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਈਰਾਨ ਸਮਰਥਿਤ ਹੁਤੀ ਬਾਗ਼ੀਆਂ ਵਿਰੁਧ ਉਦੋਂ ਤੱਕ ਪੂਰੀ ਤਾਕਤ ਨਾਲ ਹਮਲੇ ਜਾਰੀ ਰਹਿਣਗੇ ਜਦੋਂ ਤੱਕ ਉਹ ਇੱਕਪ੍ਰਮੁੱਖ ਸਮੁੰਦਰੀ ਗਲਿਆਰੇ ਤੋਂ ਆਉਣ-ਜਾਣ ਵਾਲੇ ਮਾਲਬਰਦਾਰ ਜਹਾਜ਼ਾਂ ’ਤੇ ਹਮਲੇ ਬੰਦ ਨਹੀਂ ਕਰ ਦਿੰਦੇ। ਹੁਤੀ ਨੇ ਕਿਹਾ ਕਿ ਹਵਾਈ ਹਮਲਿਆਂ ਵਿਚ ਘੱਟੋ-ਘੱਟ 31 ਨਾਗਰਿਕ ਮਾਰੇ ਗਏ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘ਸਾਡੇ ਬਹਾਦਰ ਫ਼ੌਜੀ ਅਮਰੀਕੀ ਜਲ ਮਾਰਗਾਂ, ਹਵਾਈ ਅਤੇ ਜਲ ਫ਼ੌਜ ਸੰਪਤੀਆਂ ਦੀ ਰੱਖਿਆ ਕਰਨ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਬਹਾਲ ਕਰਨ ਲਈ ਹੁਤੀ ਦੇ ਟਿਕਾਣਿਆਂ, ਉਨ੍ਹਾਂ ਦੇ ਮਾਲਕਾਂ ਅਤੇ ਮਿਜ਼ਾਈਲ ਰੱਖਿਆ ’ਤੇ ਹਵਾਈ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਅਮਰੀਕੀ, ਵਪਾਰਕ ਅਤੇ ਜਲ ਫ਼ੌਜ ਦੇ ਜਹਾਜ਼ਾਂ ਨੂੰ ਦੁਨੀਆਂ ਦੇ ਜਲ ਖੇਤਰ ’ਚ ਸੁਤੰਤਰ ਰੂਪ ਨਾਲ ਉਡਾਣ ਭਰਨ ਤੋਂ ਨਹੀਂ ਰੋਕ ਸਕੇਗੀ’। ਇਸ ਤੋਂ ਇਲਾਵਾ, ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿਤੀ ਕਿ ਉਹ ਬਾਗ਼ੀ ਸਮੂਹ ਨੂੰ ਅਪਣਾ ਸਮਰਥਨ ਬੰਦ ਕਰੇ ਨਹੀਂ ਤਾਂ ਉਸ ਨੂੰ ਉਸ ਦੀਆਂ ਕਾਰਵਾਈਆਂ ਲਈ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਵੇਗਾ।