ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਓਸ ਵੇਲੇ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਜਦੋਂ ਅਮਰੀਕੀ ਸੈਨੇਟ ਨੇ ਉਨ੍ਹਾਂ ਦੇ ਟੈਕਸ ਛੋਟ ਅਤੇ ਸਰਕਾਰੀ ਖਰਚ ਘਟਾਉਣ ਵਾਲੇ ਬਿੱਲ ‘ਵਨ ਬਿੱਗ ਬਿਊਟੀਫੁੱਲ’ ਬਿੱਲ ਨੂੰ ਬਹੁਤ ਕਰੀਬੀ ਵੋਟਾਂ ਨਾਲ ਪਾਸ ਕਰ ਦਿੱਤਾ। ਟਰੰਪ ਨੂੰ ਇਹ ਜਿੱਤ ਅਜਿਹੇ ਸਮੇਂ ਮਿਲੀ ਹੈ ਜਦੋਂ ਉਹ ਇਸ ਬਿੱਲ ਨੂੰ ਲੈ ਕੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਨਾਲ ਟਕਰਾਅ ਵਿੱਚ ਹਨ। ਮਸਕ ਦੇ ਬਿੱਲ ਦੇ ਸਖ਼ਤ ਵਿਰੋਧ ਤੋਂ ਬਾਅਦ, ਟਰੰਪ ਨੇ ਉਨ੍ਹਾਂ ਨੂੰ ਅਮਰੀਕਾ ਤੋਂ ਕੱਢਣ ਦੀ ਧਮਕੀ ਦਿੱਤੀ ਹੈ। ਸੈਨੇਟ ਵਿੱਚ, ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ 50-50 ਦੇ ਬਰਾਬਰ ਵੋਟਾਂ ਪਈਆਂ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਫੈਸਲਾਕੁੰਨ ਵੋਟ ਦਿੱਤੀ ਅਤੇ ਇਸ ਨੂੰ ਪਾਸ ਕਰਵਾ ਦਿੱਤਾ। ਇਹ ਬਿੱਲ 940 ਪੰਨਿਆਂ ਦਾ ਹੈ ਅਤੇ ਇਸ ਨੂੰ ਟਰੰਪ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦਾ ਸਭ ਤੋਂ ਵੱਡਾ ਆਰਥਿਕ ਕਦਮ ਮੰਨਿਆ ਜਾਂਦਾ ਹੈ। ਇਸ ਬਿੱਲ ਵਿੱਚ ਪ੍ਰਮੁੱਖ ਤੌਰ ‘ਤੇ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਦਿੱਤੀਆਂ ਗਈਆਂ ਟੈਕਸ ਕਟੌਤੀਆਂ ਨੂੰ 4.5 ਟ੍ਰਿਲੀਅਨ ਡਾਲਰ (ਲਗਭਗ 373 ਲੱਖ ਕਰੋੜ ਰੁਪਏ) ਤੱਕ ਵਧਾਉਣ ਦਾ ਪ੍ਰਬੰਧ ਨਜ਼ਰ ਆਉਂਦਾ ਹੈ।






