ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ ‘ਤੇ 25% ਵਾਧੂ ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ 30 ਜੁਲਾਈ ਨੂੰ, ਟਰੰਪ ਨੇ ਭਾਰਤ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਏਨੇ ਹੀ ਹੋਰ ਟੈਰਿਫ ਲਾਉਂਦੇ ਹੋਏ ਭਾਰਤ ਉੱਤੇ ਕੁੱਲ 50 ਫੀਸਦ ਟੈਰਿਫ ਲਾ ਦਿੱਤਾ ਹੈ। ਅਮਰੀਕਾ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਨਾਲ ਕੱਪੜਾ, ਸਮੁੰਦਰੀ ਉਤਪਾਦ ਅਤੇ ਚਮੜੇ ਨਾਲ ਬਣੀਆਂ ਵਸਤਾਂ ਦੀ ਬਰਾਮਦ ਜਿਹੇ ਖੇਤਰਾਂ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਜਿਸ ’ਚ ਕਿਹਾ ਗਿਆ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖ਼ਤਰਿਆਂ ਦੇ ਹੱਲ ਲਈ ਭਾਰਤ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਜਾਂਦਾ ਹੈ। ਇਸ ਹੁਕਮ ਮਗਰੋਂ ਕੁਝ ਵਸਤਾਂ ਨੂੰ ਛੱਡ ਕੇ ਭਾਰਤੀ ਵਸਤਾਂ ’ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਪਹਿਲਾਂ ਲਾਇਆ ਗਿਆ 25 ਫ਼ੀਸਦ ਟੈਰਿਫ ਅੱਜ 7 ਅਗਸਤ ਤੋਂ ਲਾਗੂ ਹੋ ਜਾਵੇਗਾ ਜਦਕਿ 25 ਫ਼ੀਸਦ ਵਾਧੂ ਟੈਰਿਫ 21 ਦਿਨਾਂ ਜਾਂ 27 ਅਗਸਤ ਤੋਂ ਅਮਲ ’ਚ ਆਵੇਗਾ।






